ਰਾਏਗੜ-ਕਰੋਨਾ ਕਾਲ ਵਿੱਚ ਬਹੁਤ ਸਾਰੇ ਕੰਮ ਕਾਜਾਂ ਦੇ ਨਾਲ ਸਕੂਲੀ ਪੜਾਈ ਵੀ ਆਨਲਾਈਨ ਹੋ ਰਹੀ ਹੈ। ਪਰ ਪੱਛੜੇ ਇਲਾਕਿਆਂ ਵਿਚ ਜਿੱਥੇ ਇੰਟਰਨੈਟ ਦੀ ਸਮੱਸਿਆ ਹੈ, ਓਥੇ ਬੱਚੇ ਹਾਲਾਤਾਂ ਨਾਲ ਜੂਝਦੇ ਹੋਏ ਜੁਗਾੜ ਵੀ ਲਾ ਰਹੇ ਨੇ, ਬੇਸ਼ਕ ਉਹਨਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਏ। ਮਾਮਲਾ ਓਡੀਸ਼ਾ ਦੇ ਰਾਏਗੜ ਜ਼ਿਲ੍ਹੇ ਦਾ ਹੈ, ਜਿਥੇ ਇੱਕ ਆਦਿਵਾਸੀ ਬੱਚਾ,ਆਨਲਾਈਨ ਕਲਾਸ ਲਈ ਬਿਹਤਰ ਇੰਟਰਨੈਟ ਲਈ ਉਚੀ ਪਹਾੜੀ ਉੱਤੇ ਜਾ ਚੜ੍ਹਿਆ, ਤੇ ਉਥੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਪੰਦਰਗੁਡਾ ਪਿੰਡ ਵਿੱਚ ਪਹਾੜੀ ਤੋਂ ਡਿੱਗਣ ਨਾਲ ਆਂਦਰੀਆ ਜਾਗਰੰਗਾ ਦੀ ਮੌਤ ਹੋ ਗਈ। ਆਂਦਰੀਆ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੜਨ ਚ ਹੁਸ਼ਿਆਰ ਸੀ, ਇਕ ਦਿਨ ਵੀ ਕਲਾਸ ਮਿਸ ਨਹੀ ਸੀ ਕਰਦਾ, ਲੰਘੇ ਦਿਨ ਇੰਰਟਨੈਟ ਸੇਵਾ ਚ ਕੁਝ ਸਮਸਿਆ ਆਈ ਤਾਂ ਉਹ ਬਿਹਤਰ ਨੈਟਵਰਕ ਲਈ ਪਹਾੜੀ ਤੇ ਜਾ ਚੜਿਆ ਤੇ ਇਕ ਵੱਡੇ ਪੱਥਰ ਉੱਤੇ ਬੈਠ ਕੇ ਆਂਦਰੀਆ ਆਨਲਾਈਨ ਕਲਾਸ ਲਾ ਰਿਹਾ ਸੀ, ਅਚਾਨਕ ਹੀ ਪੱਥਰ ਹਿੱਲਿਆ ਤੇ ਪੜਾਈ ਚ ਮਘਨ ਬੱਚੇ ਦਾ ਸੰਤੁਲਨ ਵਿਗੜ ਗਿਆ, ਉਹ ਪਹਾੜੀ ਤੋਂ ਹੇਠਾਂ ਡਿੱਗ ਗਿਆ। ਸਥਾਨਕ ਲੋਕ ਉਸ ਨੂੰ ਪਦਮਪੁਰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਹਾਲ ਹੀ ਵਿੱਚ ਓਡੀਸ਼ਾ ਦੇ ਆਰਥਿਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਰਾਜ ਦੇ ਕੁੱਲ 51,311 ਪਿੰਡਾਂ ਵਿੱਚੋਂ 11,000 ਵਿੱਚ ਮੋਬਾਈਲ ਕੁਨੈਕਟੀਵਿਟੀ ਹੀ ਨਹੀਂ ਹੈ। ਇਥੇ ਬਚਿਆਂ ਦੀ ਪੜਾਈ ਪੂਰੀ ਤਰਾਂ ਰੁਕੀ ਹੋਈ ਹੈ। ਪਿਛਲੇ ਇੱਕ ਸਾਲ ਤੋਂ ਆਨਲਾਈਨ ਕਲਾਸਾਂ ਹੋਣ ਕਾਰਨ, ਸਿੱਖਿਆ ਕਾਰਕੁੰਨ ਇੰਟਰਨੈਟ ਕਨੈਕਟੀਵਿਟੀ ਦੀ ਘਾਟ ਦਾ ਮੁੱਦਾ ਉਠਾ ਰਹੇ ਹਨ, ਹੁਣ ਆਂਡਰੀਆ ਦੀ ਮੌਤ ਤੋਂ ਬਾਅਦ ਇਹ ਮੁਦਾ ਹੋਰ ਗਰਮਾਅ ਗਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਜ਼ਿਲ੍ਹੇ ਦਾ ਦੌਰਾ ਕਰ ਰਹੇ ਹਨ। ਪਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਆੰਡਰੀਆ ਦੀ ਮੌਤ ਬਾਰੇ ਜਾਣਕਾਰੀ ਨਹੀਂ , ਉਹ ਪਤਾ ਲਗਾਉਣਗੇ। ਓਡੀਸ਼ਾ ਦੇ ਸਿੱਖਿਆ ਮੰਤਰੀ ਨੇ ਖੁਦ ਮੰਨਿਆ ਸੀ ਕਿ ਰਾਜ ਵਿੱਚ ਸਿਰਫ 40 ਫੀਸਦੀ ਬੱਚਿਆਂ ਤਕ ਇੰਟਰਨੈਟ ਕਨੈਕਸ਼ਨ ਦੀ ਪਹੁੰਚ ਹੈ, ਬਾਕੀ 60 ਪ੍ਰਤੀਸ਼ਤ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Comment here