ਨਵੀਂ ਦਿੱਲੀ-ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਬਾਰੇ ਖ਼ਬਰ ਸਾਹਮਣੇ ਆਈ ਹੈ। ਬਦਨਾਮ ਅਪਰਾਧੀ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਸਾਹਮਣੇ ਕਬੂਲ ਕੀਤਾ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਉਨ੍ਹਾਂ 10 ਮੁੱਖ ਟੀਚਿਆਂ ਦੀ ਸੂਚੀ ’ਚ ਸਭ ਤੋਂ ਉੱਪਰ ਹਨ, ਜਿਨ੍ਹਾਂ ਨੂੰ ਗੈਂਗਸਟਰ ਨੇ ਖ਼ਤਮ ਕਰਨ ਦੀ ਯੋਜਨਾ ਬਣਾਈ ਸੀ। ਲਾਰੈਂਸ ਨੇ ਕਿਹਾ ਕਿ 1998 ’ਚ ਸਲਮਾਨ ਖ਼ਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਉਸ ਨੂੰ ਬਿਸ਼ਨੋਈ ਭਾਈਚਾਰੇ ਵਲੋਂ ਪਵਿੱਤਰ ਮੰਨਿਆ ਜਾਂਦਾ ਹੈ। ਗੈਂਗਸਟਰ ਨੇ ਕਿਹਾ ਕਿ ਉਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਦਾ ਬਦਲਾ ਲੈਣ ਲਈ ਅਦਾਕਾਰ ਨੂੰ ਮਾਰਨਾ ਚਾਹੁੰਦਾ ਸੀ। ਬਿਸ਼ਨੋਈ ਨੇ ਆਪਣੇ ਇਕਬਾਲੀਆ ਬਿਆਨ ’ਚ ਕਿਹਾ ਕਿ ਸਲਮਾਨ ਤੋਂ ਇਲਾਵਾ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਉਸ ਦੀ ਹਿੱਟ ਲਿਸਟ ’ਤੇ ਸੀ ਕਿਉਂਕਿ ਉਸ ਨੇ ਮਰਹੂਮ ਗਾਇਕ ਦੇ ਖਾਤਿਆਂ ਦਾ ਪ੍ਰਬੰਧ ਕੀਤਾ ਸੀ। ਸਲਮਾਨ ਨੂੰ ਮੁੰਬਈ ਪੁਲਸ ਨੇ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ ਕਿਉਂਕਿ ਅਦਾਕਾਰ ਨੂੰ ਖ਼ਤਰਾ ਮੰਨਿਆ ਜਾ ਰਿਹਾ ਹੈ। ਸਲਮਾਨ ਨੂੰ ਬਿਸ਼ਨੋਈ ਗੈਂਗ ਵਲੋਂ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
Comment here