ਜ਼ੀਰਕਪੁਰ : ਬੀਤੇ ਦਿਨ ਢਕੌਲੀ ਥਾਣਾ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਦੋ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ’ਚ ਪੰਜ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲੇ ਤਕ ਕਿਸੇ ਮੁਲਜ਼ਮ ਦੀ ਪਛਾਣ ਨਹੀਂ ਹੋਈ। ਦਰਅਸਲ ਚੰਡੀਗੜ੍ਹ ’ਚ ਇੱਕ ਪ੍ਰਾਪਟੀ ਡੀਲਰ ਦੀ ਦਫਤਰ ’ਚ ਵੜ ਕੇ ਕੁੱਟ ਮਾਰ ਕੀਤੀ ਗਈ ਹੈ। ਸ਼ਿਕਾਇਤਕਰਤਾ ਨੀਰਜ ਗੁਪਤਾ ਵਾਸੀ ਸੈਕਟਰ 22ਬੀ ਚੰਡੀਗੜ੍ਹ ਨੇ ਦੱਸਿਆ ਕਿ ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਜਸਪਾਲ ਵਾਸੀ ਪਿੰਡ ਸਿੰਨੌਰ ਜ਼ਿਲ੍ਹਾ ਪਟਿਆਲਾ ਵਜੋਂ ਹੋ ਚੁੱਕੀ ਹੈ। ਬਾਕੀ ਸਾਰੇ ਮੁਲਜ਼ਮ ਅਣਪਛਾਤੇ ਦੱਸੇ ਜਾ ਰਹੇ ਹਨ ਜਿਹੜੇ ਫੜੇ ਗਏ ਮੁਲਜ਼ਮ ਦੇ ਦੋਸਤ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰੇ ਕਰੀਬ ਤਿੰਨ ਵਜੇ ਉਹ ਆਪਣੇ ਸਟਾਫ ਨਾਲ ਦਫ਼ਤਰ ’ਚ ਮੌਜੂਦ ਸੀ। ਪੰਜ ਅਣਪਛਾਤੇ ਨੌਜਵਾਨ ਸਫ਼ੈਦ ਰੰਗ ਦੀ ਗੱਡੀ ’ਚ ਉੱਥੇ ਪੁੱਜੇ ਜਿਨ੍ਹਾਂ ਨੇ ਦਫ਼ਤਰ ’ਚ ਵੜਦਿਆਂ ਹੀ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਡੰਡਿਆਂ ਤੇ ਲੋਹੇ ਦੀਆਂ ਪਾਈਪਾਂ ਨਾਲ ਉਸ ਦੇ ਕੈਬਿਨ ’ਚ ਵੜ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਉਸ ਨੂੰ ਧਮਕਾਇਆ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਹਨ ਤੇ ਜੇਕਰ ਉਸ ਨੇ ਇਹ ਜ਼ਮੀਨ ਖ਼ਾਲੀ ਨਹੀਂ ਕੀਤੀ ਤਾਂ ਉਸ ਨੂੰ ਗੋਲ਼ੀ ਮਾਰ ਦੇਣਗੇ। ਉਨ੍ਹਾਂ ਉਸ ਨੂੰ ਇਕ ਦਿਨ ਦਾ ਸਮਾਂ ਦਿੱਤਾ ਤੇ ਦੋ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਜਿਸ ਪਿੱਛੋਂ ਉਹ ਫ਼ਰਾਰ ਹੋ ਗਏ। ਨੀਰਜ ਗੁਪਤਾ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰੀ ਜ਼ੀਰਕਪੁਰ ਇਲਾਕੇ ’ਚ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਕਿਸੇ ਨਾਲ ਜ਼ਮੀਨੀ ਵਿਵਾਦ ਨਹੀਂ ਹੈ। ਉਸ ਨੇ ਤੁਰੰਤ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਸ਼ਿਕਾਇਤ ਪਿੱਛੋਂ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Comment here