ਇਸਲਾਮਾਬਾਦ-ਪਾਕਿਸਤਾਨ ਨੇ ਆਪਣੇ ਸਦਾਬਹਾਰ ਮਿੱਤਰ ਚੀਨ ਅਤੇ ਉਸ ਦੇ ਵਿਰੋਧੀ ਜਾਪਾਨ ਨਾਲ ਸੰਤੁਲਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਅਤੇ ਜਾਪਾਨ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 1 ਤੋਂ 4 ਜੁਲਾਈ ਤੱਕ ਜਾਪਾਨ ਦੇ ਦੌਰੇ ‘ਤੇ ਹੋਣਗੇ। ਵਿਦੇਸ਼ ਦਫਤਰ ਨੇ ਕਿਹਾ ਕਿ ਯਾਤਰਾ ਦੌਰਾਨ ਬਿਲਾਵਲ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕਰਨਗੇ ਅਤੇ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਤਕਿਓ ਅਕੀਬਾ ਨਾਲ ਵੀ ਮੁਲਾਕਾਤ ਕਰਨਗੇ।
ਵਿਦੇਸ਼ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ”ਵਿਦੇਸ਼ ਮੰਤਰੀ ਦੀ ਯਾਤਰਾ ਲੰਬੇ ਵਕਫੇ ਤੋਂ ਬਾਅਦ ਜਾਪਾਨ ਦੇ ਨਾਲ ਲੀਡਰਸ਼ਿਪ ਪੱਧਰ ਦੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਕਵਾਇਦ ਦੀ ਨਿਸ਼ਾਨਦੇਹੀ ਕਰਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ਬਿਲਾਵਲ ਜਾਪਾਨ ਦੇ ਵਿਦੇਸ਼ ਮੰਤਰੀ ਯੇਸ਼ਿਮਾਸਾ ਹਯਾਸ਼ੀ ਨਾਲ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕਰਨਗੇ। ਉਹ ‘ਏਸ਼ੀਅਨ ਡਿਵੈਲਪਮੈਂਟ ਬੈਂਕ ਇੰਸਟੀਚਿਊਟ’ ਵਿੱਚ ਭਾਸ਼ਣ ਵੀ ਦੇਣਗੇ। ਉਹ ਪ੍ਰਮੁੱਖ ਕਾਰੋਬਾਰੀ ਘਰਾਣਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਜਾਪਾਨ ਦੇ ਪਾਕਿਸਤਾਨ ਨਾਲ ਪੁਰਾਣੇ ਸਬੰਧ ਹਨ ਅਤੇ ਉਸ ਨੇ ਦੇਸ਼ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਹੈ। ਪਰ ਹਾਲ ਹੀ ਦੇ ਸਾਲਾਂ ‘ਚ ਭਾਰਤ ਨਾਲ ਜਾਪਾਨ ਦੇ ਸਬੰਧ ਤੇਜ਼ੀ ਨਾਲ ਵਧੇ ਹਨ, ਜਦਕਿ ਪਾਕਿਸਤਾਨ ਨੇ ਚੀਨ ਨਾਲ ਸਬੰਧ ਮਜ਼ਬੂਤ ਕੀਤੇ ਹਨ।
ਬਿਲਾਵਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਜਾਣਗੇ ਜਾਪਾਨ

Comment here