ਅਪਰਾਧਖਬਰਾਂ

ਬਿਜ਼ਨਸਮੈਨ ਦੀ ਕਾਰ ਚੋਂ ਲੁੱਟੇ 75 ਹਜ਼ਾਰ

 ਨਾ਼ਕਾਬੰਦੀ ਦੌਰਾਨ ਇਕ ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ : ਏਟੀਐੱਮ ਵਿਚੋਂ ਨਕਦੀ ਕਢਵਾ ਕੇ ਕਾਰ ਵਿੱਚ ਬੈਠੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਤਾਮਿਲਨਾਡੂ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੇ ਉਸ ਕੋਲੋਂ 75 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਮਾਮਲੇ ਵਿੱਚ ਪੁਲਿਸ ਨੇ ਵਰੁਣ ਸਮੇਤ ਮਾਮਾ ਅਤੇ ਸੰਤੋਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚੰਦਰ ਨਗਰ ਹੈਬੋਵਾਲ ਦੇ ਰਹਿਣ ਵਾਲੇ ਕਾਰੋਬਾਰੀ ਕੇਵਲ ਕ੍ਰਿਸ਼ਨ(58 ) ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਪੰਜਾਬ ਨੈਸ਼ਨਲ ਬੈਂਕ ਮੰਜੂ ਸਿਨੇਮਾ ਦੇ ਕੋਲ ਪੈਂਦੇ ਏਟੀਐੱਮ ਕੈਬਿਨ ਵਿਚੋਂ ਨਕਦੀ ਕਢਵਾਉਣ ਲਈ ਆਏ ਸਨ। ਇਸੇ ਦੌਰਾਨ ਏਟੀਐੱਮ ਕੈਬਿਨ ਦੇ ਬਾਹਰ ਖੜ੍ਹਾ ਇਕ ਨੌਜਵਾਨ ਉਨ੍ਹਾਂ ਨੂੰ ਲਗਾਤਾਰ ਦੇਖ ਰਿਹਾ ਸੀ। ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਫੜੇ ਬੈਗ ਵਿਚ 75 ਹਜ਼ਾਰ ਰੁਪਏ ਦੀ ਨਕਦੀ ਸੀ। ਗਰਮੀ ਹੋਣ ਕਾਰਨ ਕੈਸ਼ ਕਢਵਾਉਣ ਤੋਂ ਬਾਅਦ ਕੇਵਲ ਕ੍ਰਿਸ਼ਨ ਕੁਝ ਸਮੇਂ ਲਈ ਏਟੀਐੱਮ ਕੈਬਿਨ ਦੇ ਅੰਦਰ ਕੁਰਸੀ ‘ਤੇ ਬੈਠ ਗਿਆ। ਇਸੇ ਦੌਰਾਨ ਨੌਜਵਾਨ ਦਾ ਦੂਸਰਾ ਸਾਥੀ ਆਇਆ ਜਿਸ ਨੇ ਇਹ ਆਖਿਆ ਕਿ ਬਿਨਾਂ ਕੰਮ ਤੋਂ ਕੈਬਿਨ ਦੇ ਅੰਦਰ ਬੈਠਣ ਦੀ ਇਜਾਜ਼ਤ ਨਹੀਂ ਹੈ। ਨੌਜਵਾਨ ਦੀ ਗੱਲ ਸੁਣ ਕੇ ਕੇਵਲ ਕ੍ਰਿਸ਼ਨ ਬੈਗ ਚੁੱਕ ਕੇ ਆਪਣੀ ਕਾਰ ਵਿਚ ਜਾ ਕੇ ਬੈਠ ਗਏ।ਕਾਰ ਵਿੱਚ ਬੈਠਦੇ ਸਾਰ ਹੀ ਕੇਵਲ ਕ੍ਰਿਸ਼ਨ ਦੇ ਕੋਲ ਮੁਲਜ਼ਮਾਂ ਦਾ ਤੀਸਰਾ ਸਾਥੀ ਆਇਆ ਅਤੇ ਅੱਖ ਬਚਾ ਕੇ ਕੁਝ ਨੋਟ ਖਿਲਾਰ ਦਿੱਤੇ। ਮੁਲਜ਼ਮ ਨੇ ਕੇਵਲ ਕ੍ਰਿਸ਼ਨ ਨੂੰ ਇਹ ਆਖਿਆ ਕਿ ਉਨ੍ਹਾਂ ਦੇ ਪੈਸੇ ਬਾਹਰ ਡਿੱਗੇ ਹੋਏ ਹਨ। ਕਾਰੋਬਾਰੀ ਜਿਉਂ ਹੀ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਮੁਲਜ਼ਮ ਕਾਰ ਦੀ ਅਗਲੀ ਸੀਟ ‘ਤੇ ਪਿਆ ਉਸਦਾ ਨਕਦੀ ਵਾਲਾ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਕੇਵਲ ਕ੍ਰਿਸ਼ਨ ਨੇ ਰੌਲ਼ਾ ਪਾਇਆ ਪਰ ਮੁਲਜ਼ਮ ਦੋ ਆਟੋ ਵਿਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਨਾਕਾਬੰਦੀ ਕਰ ਕੇ ਵੈਕਟਸ ਵਰੁਣ ਨਾਮ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Comment here