ਸਿਆਸਤਖਬਰਾਂ

ਬਿਜਲੀ ਸੰਕਟ : ਸਾਡੀ ਸਰਕਾਰ ਸਮੇਂ ਪੰਜਾਬ ਸਰਪਲੱਸ ਸੂਬਾ ਸੀ—ਸੁਖਬੀਰ ਬਾਦਲ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਿਜਲੀ ਸੰਕਟ ਦਾ ਕੋਲੇ ਦੀ ਘਾਟ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਲਾ ਮੰਤਰਾਲਾ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਦੇਸ਼ ਵਿਚ ਕਿਤੇ ਵੀ ਕਲਾ ਸਪਲਾਈ ਦੀ ਘਾਟ ਨਹੀਂ ਹੈ। ਇਸ ਤੋਂ ਸਪਸ਼ਟ ਦਾ ਹੈ ਕਿ ਪੰਜਾਬ ਸਰਕਾਰ ਹੀ ਅਸਲੀ ਵਿਲੇਨ ਹੈ ਤੇ ਇਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਕੋਲਾ ਭੰਡਾਰ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਪਰ ਕਾਂਗਰਸ ਸਰਕਾਰ ਸੂਬੇ ਨਾਲ ਇਹੋ ਕੁਝ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਿਜਲੀ ਤਰਜੀਹੀ ਖੇਤਰਾਂ ਵਿਚ ਸ਼ਾਮਲ ਸੀ। ਅਸੀਂ ਬਿਜਲੀ ਉਪਲਬਧਤਾ ਦੀ ਕ੍ਰਾਂਤੀ ਲਿਆਉਣ ਦੇ ਨਾਲ-ਨਾਲ ਗ੍ਰੀਨ ਐਨਰਜੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਲਰ ਪਾਵਰ ਸਮਰਥਾ ਵਧਾ ਕੇ ਇਸ ਖੇਤਰ ਵਿਚ ਸੁਬੇ ਨੂੰ ਆਗੂ ਮੰਨਿਆ ਗਿਆ, ਕਿਉਂਕਿ ਸੂਬਾ ਸੂਰਜ ਨੂੰ ਅਗਲਾ ਥਰਮਲ ਸਟੇਸ਼ਨ ਬਣਾ ਕੇ ਹੈਰਾਨੀਜਨਕ ਤਰੱਕੀ ਕਰ ਗਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸੰਕਟ ਇਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੇਲੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਪਣਾਏ ਗਏ ਤਰੁੱਟੀਹੀਣ ਤੇ ਪ੍ਰਭਾਵਸ਼ਾਲੀ ਤਰੀਕੇ ਤੋਂ ਉਲਟ ਮੌਜੂਦਾ ਸਰਕਾਰ ਵੱਲੋਂ ਗੈਰ-ਜ਼ਿੰਮੇਵਾਰਾਨਾ ਤੇ ਅਯੋਗ ਨੀਤੀਆਂ ਅਪਣਾਇਆ ਜਾਣਾ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ 2007 ਵਿਚ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਸੂਬੇ ਵਿਚ ਰੋਜ਼ਾਨਾ 14 ਤੋਂ 16 ਘੰਟੇ ਕੱਟ ਲੱਗਦੇ ਸਨ। ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਲੋਕਾਂ ਨੂੰ ਗਰਮੀਆਂ ਦੇ ਸਿਖ਼ਰ ਵਿਚ ਵੀ ਬਿਜਲੀ ਕੱਟ ਭੁਲਾ ਦਿੱਤੇ, ਜਦੋਂਕਿ ਕਾਂਗਰਸ ਦੇ ਸ਼ਾਸਕ ਮੌਜੂਦਾ ਸਥਿਤੀ ਸੰਭਾਲਣ ਵਿਚ ਨਾਕਾਮ ਸਾਬਤ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਕੰਮ ਦਾ ਜ਼ਿਆਦਾ ਬੋਝ ਨਹੀਂ ਹੈ।
ਬਾਦਲ ਨੇ ਕਿਹਾ ਕਿ ਮੌਜੂਦਾ ਬਿਜਲੀ ਸੰਕਟ ਆਸਾਨੀ ਨਾਲ ਵੇਖਿਆ ਜਾ ਸਕਦਾ ਸੀ ਤੇ ਇਸ ਨੂੰ ਸੰਭਾਲਿਆ ਵੀ ਜਾ ਸਕਦਾ ਸੀ, ਬਸ਼ਰਤੇ ਕਿ ਸਰਕਾਰ ਕੋਲ ਸਮਾਂ ਹੁੰਦਾ ਤੇ ਉਹ ਅਗਾਊਂ ਤਿਆਰੀ ਕਰਦੀ ਪਰ ਉਨ੍ਹਾਂ ਨੇ ਪੰਜ ਸਾਲ ’ਸੱਤਾ ਸੰਕਟ’ ਵਿਚ ਬਰਬਾਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਚਲਾਉਣ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਹ ਝੂਠੇ ਦੋਸ਼ਾਂ ਦੇ ਆਧਾਰ ’ਤੇ ਅਕਾਲੀਆਂ ਨੂੰ ਜੇਲ੍ਹ ਭੇਜ ਕੇ ਮੁੜ ਸੱਤਾ ਵਿਚ ਪਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪਹੁੰਚ ਕਾਰਨ ਸਾਰੇ ਸੂਬੇ ਦੇ ਹਾਲਾਤ ਹੀ ਮੌਜੂਦਾ ਵਿਗੜੀ ਸਥਿਤੀ ਵਿਚ ਪਹੁੰਚ ਗਏ ਹਨ।
ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਰ ਦੂਜੇ ਦਿਨ ਦਿੱਲੀ ਭੱਜਣ ਨਾਲੋਂ ਸੂਬੇ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰਨ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੇ ਕਦੇ ਵੀ ਕੋਲਾ ਭੰਡਾਰ ਦੇ ਹਾਲਾਤ ਤੇ ਬਿਜਲੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਨਹੀਂ ਕੀਤੀ। ਇਸੇ ਲਈ ਹੁਣ ਲੋਕ ਮੌਜੂਦਾ ਸੰਕਟ ਵਿਚ ਫਸੇ ਹਨ।
ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਵਿਚ ‘ਮੌਨ ਵਰਤ’ ਰੱਖਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਡਰਾਮਾ ਮਾਸਟਰ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਵੀ ਉਹ ਰਾਤ ਦਾ ਖਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਏ ਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਭੁੱਖ ਹੜਤਾਲ ਖ਼ਤਮ ਕੀਤੀ।
ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਅਵੈਨੀਊ ਇਲਾਕੇ ਵਿਚ ਅਨਿਲ ਜੋਸ਼ੀ ਵੱਲੋਂ ਰੱਖੀ ਗਈ ਰੈਲੀ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣਗੇ। ਹਰ ਕਿਸੇ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਗਠਜੋੜ ਸਰਕਾਰ ਸ਼ਹਿਰ ਦਾ ਸਰਵ ਪੱਖੀ ਵਿਕਾਸ ਯਕੀਨੀ ਬਣਾਏਗਾ, ਜੋ ਕਾਂਗਰਸ ਸਰਕਾਰ ਵੇਲੇ ਰੁਕਿਆ ਰਿਹਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਉਨ੍ਹਾਂ ਦੀ ਪਾਰਟੀ ਤੋਂ ਆਸ ਪੂਰਾ ਕਰਨ ਵਾਸਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕਾਂ ਦੇ ਨਾਲ ਡੱਟਣਗੇ।
ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਕੀਤਾ ਵਿਰੋਧ
ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਲਕਾ ਪੱਛਮੀ ਦੇ ਦੌਰੇ ਮੌਕੇ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਕੁਝ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣਾ ਸੀ ਤੇ ਰਸਤੇ ਵਿਚ ਕੁਝ ਸਥਾਨਾਂ ’ਤੇ ਲੋਕਾਂ ਨੂੰ ਮਿਲਣਾ ਸੀ। ਜਦੋਂ ਸੁਖਬੀਰ ਤੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਛੇਹਰਟਾ ਚੌਕ ਪੁੱਜਾ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਬੀਕੇਯੂ (ਰਾਜੇਵਾਲ) ਤਅੇ ਆਲ ਇੰਡੀਆ ਕਿਸਾਨ ਸਭਾ ਦੇ ਆਗੂਆਂ ਇਕਬਾਲ ਸਿੰਘ ਲਾਲੀ ਤੇ ਜਸਬੀਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਸੁਖਬੀਰ ਨੂੰ ਕਾਲੇ ਝੰਡੇ ਵਿਖਾ ਕੇ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ। ਕਿਸਾਨਾਂ ਦੇ ਵਿਰੋਧ ਦੌਰਾਨ ਸੁਖਬੀਰ ਦਾ ਕਾਫ਼ਲਾ ਅਗਲੇ ਪੜਾਅ ਲਈ ਰਵਾਨਾ ਹੋ ਗਿਆ।

Comment here