ਅਪਰਾਧਖਬਰਾਂਚਲੰਤ ਮਾਮਲੇ

ਬਾਹਰੀ ਸੂਬੇ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਤਸਕਰੀ ਦੇ ਪੰਜ ਮੁਲਜ਼ਮ ਕਾਬੂ

ਸੰਗਰੂਰ-ਇੱਕ ਪਾਸੇ ਪੰਜਾਬ ਪੁਲਿਸ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਤਾਂ ਦੂਜੇ ਪਾਸੇ ਨਿੱਤ ਦਿਨ ਕਈ ਵਾਰਦਾਤਾਂ ਵੀ ਸਾਹਮਣੇ ਆਉਂਦੀਆਂ ਹਨ। ਕਈ ਥਾਵਾਂ ‘ਤੇ ਪੰਜਾਬ ‘ਚ ਗੈਂਗਵਾਰ ਵੀ ਦੇਖਣ ਨੂੰ ਮਿਲਦੀਆਂ ਹਨ। ਜਿਸ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਕਈ ਜਗ੍ਹਾ ਗੈਂਗਸਟਾਰ ਅਤੇ ਪੁਲਿਸ ਪਾਰਟੀ ਵਿਚਕਾਰ ਮੁਠਭੇੜ ਵੀ ਹੋ ਜਾਂਦੀ ਹੈ, ਜਿਸ ‘ਚ ਪੁਲਿਸ ਵਲੋਂ ਬਦਮਾਸ਼ਾਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਦੀ ਪੁਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਚੱਲਦੇ ਸੰਗਰੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਬਾਹਰੀ ਸੂਬੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ 21 ਪਿਸਤੌਲਾਂ ਸਣੇ ਕਾਬੂ ਕੀਤਾ। ਜਿਸ ਸਬੰਧੀ ਐਡੀਸ਼ਨਲ ਡਾਇਰੈਕਟਰ ਜਨਰਲ ਪਟਿਆਲਾ ਰੇਂਜ ਮੁੱਖਵਿੰਦਰ ਸਿੰਘ ਛੀਨਾ ਵੱਲੋਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਏਡੀਜੀ ਮੁੱਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸੰਗਰੂਰ ਪੁਲਿਸ ਦੇ ਗੁਪਤ ਸੂਚਨਾ ਦੇ ਅਧਾਰ ‘ਤੇ ਮੱਧ ਪ੍ਰਦੇਸ਼ ਤੋਂ 21 ਪਿਸਤੋਲ ਲਿਆ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਸਪਲਾਈ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਮਾਸਟਰ ਮਾਈਂਡ ਜੇਲ੍ਹ ‘ਚ ਬੈਠਾ ਗੈਂਗਸਟਰ ਸੀ, ਜੋ ਇੰਨ੍ਹਾਂ ਨੂੰ ਨਿਰਦੇਸ਼ ਦੇ ਕੇ ਕੰਮ ਕਰਵਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਹਥਿਆਰ ਸਪਲਾਈ ਕੀਤੇ ਸੀ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਜਿਸ ਵਿਅਕਤੀ ਨੇ ਹਥਿਆਰ ਵੇਚਣ ਵਾਲੇ ਨੂੰ ਪੈਸੇ ਭੇਜੇ ਸਨ, ਉਸ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ ਬੱਸ ਰਾਹੀ ਹੀ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਸੀ, ਜਿਸ ਨੂੰ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਦੱਸ ਦਈਏ ਇਹਨਾਂ ਮੁਲਜ਼ਮਾਂ ਦੇ ਤਾਰ ਵਿਸ਼ਨੋਈ ਗੈਂਗ ਦੇ ਜੇਲ੍ਹ ਵਿੱਚ ਬੰਦ ਰਜੀਵ ਕੌਸ਼ਲ ਗੂਗਲੁ ਨਾਲ ਜੁੜੇ ਹੋਏ ਹਨ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਇਹ ਹਥਿਆਰ ਕਿਸ-ਕਿਸ ਜਗ੍ਹਾ ‘ਤੇ ਸਪਲਾਈ ਕਰਨੇ ਸਨ ਅਤੇ ਇਨ੍ਹਾਂ ਹਥਿਆਰਾਂ ਨਾਲ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਕਿਸੇ ਵੱਡੀ ਵਾਰਦਾਤ ਨੂੰ ਕਰਨ ਤੋਂ ਪਹਿਲਾਂ ਹੀ ਇਹ ਮੁਲਜ਼ਮ ਪੁਲਿਸ ਦੇ ਅੜਿੱਕੇ ਚੜ ਗਏ।

Comment here