ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਬਾਲ ਕਹਾਣੀ : ਹੱਲਾਸ਼ੇਰੀ

ਰੂੜੀ ਉੱਤੇ ਮੁਰਗੇ ਨੇ ਬਾਂਗ ਦਿੱਤੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਜਗਾਉਣ ਲੱਗ ਪਈਆਂ ਸਨ। ਮੁਰਗੀ ਦੇ ਪਿੱਛੇ ਤੁਰੇ ਚੂਚੇ ਵੀ ਰੂੜੀ ’ਤੇ ਠੂੰਗੇ ਮਾਰ ਰਹੇ ਸਨ। ‘‘ਆਹ ਦੇਖ ਮੁਰਗੀ ਦੇ ਚੂਚੇ ਵੀ ਜਾਗ ਪਏ, ਤੂੰ ਲੰਮੀਆਂ ਤਾਣੀ ਪਿਆਂ।’’ ਜੀਤੇ ਦੀ ਮਾਂ ਬੋਲੀ। ਜੀਤਾ ਰਜਾਈ ਦਾ ਪੱਲਾ ਦੱਬਦਿਆਂ ਬੋਲਿਆ, ‘‘ਇਨ੍ਹਾਂ ਨੇ ਕਿਹੜਾ ਸਕੂਲੇ ਜਾਣਾ।”
ਮਾਂ ਜੀਤੇ ਦੇ ਮੂੰਹ ਵੱਲ ਵੇਖਦੀ ਰਹੀ। ਮੂੰਹ ਵਿਚ ਬੁੜਬੁੜਾਈ,‘‘ਅੱਜ ਦੇ ਜੁਆਕ ਕਿਹੜਾ ਸਿੱਧੇ ਨੇ, ਮੂੰਹੋਂ ਗੱਲ ਕੱਢੋ ਤਾਂ ਸਹੀ, ਜਵਾਬ ਪਹਿਲਾਂ ਘੜੀ ਬੈਠੇ ਹੁੰਦੇ ਨੇ।” ਮਾਂ ਨੇ ਗੁੱਸੇ ’ਚ ਰਜਾਈ ਪਰ੍ਹਾਂ ਵਗਾਹ ਮਾਰੀ। ਅੱਖਾਂ ਮਲਦਾ ਜੀਤਾ ਉੱਠ ਕੇ ਬਾਥਰੂਮ ਵੱਲ ਚਲਾ ਗਿਆ। ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰੇ। ਕਮਰੇ ’ਚੋਂ ਆਪਣਾ ਬੈਗ ਚੁੱਕ ਕੇ ਬਾਹਰ ਲੈ ਆਇਆ। ਲੱਗਾ ਫਰੋਲਾ ਫਰਾਲੀ ਕਰਨ। ਬੋਲਿਆ,‘‘ਮਾਂ ਮੇਰੀ ਅੰਗਰੇਜ਼ੀ ਦੀ ਕਾਪੀ ਕਿੱਥੇ ਆ?” “ਤੈਨੂੰ ਪਤਾ ਹੋਣਾ।” ਮਾਂ ਬੋਲੀ। ‘‘ਲੱਭਦੀ ਨਹੀਂ ਬੈਗ ’ਚੋਂ।” ‘‘ਕਿਸੇ ਨੇ ਤੈਥੋਂ ਲੈ ਲਈ ਹੋਣੀ ਆ।” ‘‘ਨਹੀਂ ਕਿਸੇ ਨੇ ਨਹੀਂ ਲਈ।” “ਫੇਰ ਕਿੱਥੇ ਚਲੀ ਗਈ?” “ਕਿਤੇ ਗੀਤੂ ਕੋਲ ਨਾ ਹੋਵੇ। ਉਸ ਨੇ ਹੋਮ ਵਰਕ ਦੀਆਂ ਕਾਪੀਆਂ ਕੱਠੀਆਂ ਕੀਤੀਆਂ ਸਨ।” “ਮੈਂ ਫੋਨ ਕਰਕੇ ਹੁਣੇ ਪੁੱਛ ਲੈਨੀ ਆਂ।” ਮਾਂ ਨੇ ਗੀਤੂ ਦੇ ਘਰ ਫੋਨ ਮਿਲਾ ਲਿਆ। ਗੀਤੂ ਦੀ ਮਾਂ ਬੋਲੀ, ‘‘ਹਾਂ ਕੌਣ?” “ਜੀਤੇ ਦੀ ਮੰਮੀ।” ‘‘ਸੁਣਾ ਭੈਣੇ ਕਿਵੇਂ ਚੇਤੇ ਕੀਤਾ?” “ਗੀਤੂ ਕਿੱਥੇ ਆ?”
“ਮੇਰੇ ਕੋਲ ਹੀ ਬੈਠਾ।’’
“ਕਰਾਇਓ ਜ਼ਰਾ ਉਸ ਨਾਲ ਗੱਲ।” ਗੀਤੂ ਦੀ ਮਾਂ ਨੇ ਫੋਨ ਗੀਤੂ ਨੂੰ ਫੜਾ ਦਿੱਤਾ।
“ਚਾਚੀ, ਸਤਿ ਸ੍ਰੀ ਅਕਾਲ।’’ ਗੀਤੂ ਬੋਲਿਆ। “ਜੁੱਗ ਜੁੱਗ ਜੀ ਪੁੱਤਰ, ਦੇਖੀਂ ਜੀਤੇ ਦੀ ਅੰਗਰੇਜ਼ੀ ਦੀ ਕਾਪੀ ਤੇਰੇ ਬੈਗ ’ਚ ਤਾਂ ਨਹੀਂ ਆ ਗਈ?”
“ਦੇਖਦਾਂ ਚਾਚੀ।”
“ਉਹ ਤਾਂ ਢੇਰੀ ਢਾਹੀ ਬੈਠਾ, ਆਂਹਦਾ ਮੈਂ ਨੀਂ ਸਕੂਲ ਜਾਣਾ ਅੱਜ।” ਗੀਤੂ ਆਪਣਾ ਬੈਗ ਫਰੋਲਦਾ ਹੈ। ਜੀਤੇ ਦੀ ਕਾਪੀ ਉਸ ਦੇ ਬੈਗ ’ਚੋਂ ਨਿਕਲ ਆਉਂਦੀ ਹੈ। ਗੀਤੂ ਫੋਨ ’ਤੇ ਬੋਲਿਆ,‘‘ਹਾਂ, ਮੇਰੇ ਹੀ ਬੈਗ ਵਿਚ ਆ ਗਈ ਸੀ, ਮੈਂ ਹੋਮ-ਵਰਕ ਚੈੱਕ ਹੋਣ ਤੋਂ ਬਾਅਦ ਕਾਪੀਆਂ ਵੰਡੀਆਂ ਸਨ।”
“ਤੂੰ ਤਾਂ ਮੇਰੇ ਮਨ ਤੋਂ ਬੋਝ ਲਾਹ ਦਿੱਤਾ ਪੁੱਤ, ਪਰ ਜੀਤੇ ਨੇ ਤਾਂ ਅੱਜ ਹੋਮ-ਵਰਕ ਨਹੀਂ ਕੀਤਾ।” ਜੀਤੇ ਦੀ ਮਾਂ ਬੋਲੀ। “ਥੋੜ੍ਹੀ ਦੇਰ ਪਹਿਲਾਂ ਜਾ ਕੇ, ਮੇਰੀ ਕਾਪੀ ਤੋਂ ਉਤਾਰ ਲਵੇ।’’ ਗੀਤੂ ਨੇ ਸਲਾਹ ਦਿੱਤੀ। ‘‘ਥੋਡਾ ਅੰਗਰੇਜ਼ੀ ਵਾਲਾ ਮਾਸਟਰ ਬੜਾ ਕੱਬਾ ਸੁਣੀਂਦਾ। ਕੁੱਟਦਾ ਤਾਂ ਲੱਤ ਬਾਂਹ ਨਹੀਂ ਦੇਖਦਾ। ਅੱਜ ਕੱਲ੍ਹ ਜੁਆਕਾਂ ’ਚ ਜਾਨ ਕਿਹੜੀ ਹੁੰਦੀ ਆ। ਮਾਵਾਂ ਬਿਸਕੁਟ ਹੱਥ ਫੜਾ ਕੇ ਸਕੂਲ ਤੋਰ ਦਿੰਦੀਆਂ ਨੇ।” ਜੀਤੇ ਦੀ ਮਾਂ ਬੋਲੀ।
ਗੀਤੂ ਉੱਚੀ ਉੱਚੀ ਹੱਸਣ ਲੱਗਾ। ਬੋਲਿਆ,‘‘ਚਾਚੀ ਕੁੱਟ ਤਾਂ ਜੀਤੇ ਦੇ ਵੀ ਪਈ ਆ ਕਈ ਵਾਰੀ।” “ਤੇਰੇ ਨਹੀਂ ਪਈ, ਕਦੀ?” ਜੀਤੇ ਦੀ ਮਾਂ ਨੇ ਪੁੱਛਿਆ। “ਮੈਂ ਕਿਹੜਾ ਉਸ ਦਾ ਨੇੜਿਓਂ ਆਂ, ਮੈਨੂੰ ਵੀ ਬੜ੍ਹਕਾ ਦਿੰਦਾ।” “ਤੂੰ ਆਪਣੀ ਮਾਂ ਨੂੰ ਨਹੀਂ ਦੱਸਿਆ ਕਦੇ?”
“ਨਹੀਂ।”
“ਕਿਊਂ?”
“ਉਹ ਤਾਂ ਥਾਣੇਦਾਰਨੀ ਬਣ ਕੇ ਮਾਸਟਰ ਮੂਹਰੇ ਜਾ ਕੇ ਖਲੋ ਜਾਵੇਗੀ। ਆਖੂ ਮੇਰੇ ਗੀਤੂ ਨੂੰ ਹੱਥ ਲਾਉਣ ਵਾਲਾ ਤੂੰ ਹੁੰਦਾ ਕੌਣ ਏਂ?’’
“ਤੁਸੀਂ ਠੀਕ ਤਰ੍ਹਾਂ ਪੜ੍ਹਦੇ ਨਹੀਂ, ਜਿਹੜਾ ਥੋਨੂੰ ਸਜ਼ਾ ਮਿਲਦੀ ਹੈ?”
“ਬਥੇਰਾ ਪੜ੍ਹਦੇ ਆਂ।”
“ਥੋਨੂੰ ਨਹੀਂ ਜੀਤੇ ਨੇ ਦੱਸਿਆ?”
“ਬਥੇਰੀ ਵਾਰ।”
“ਤੁਸੀਂ ਸਕੂਲ ਕਿਉਂ ਨਹੀਂ ਗਏ?”
“ਮੈਂ ਕਿਹਾ ਐਂਵੇਂ ਪਿੱਛੇ ਪੈਜੂ ਮਾਸਟਰ।”
“ਥੋਨੂੰ ਗੁੱਸਾ ਨਹੀਂ ਆਉਂਦਾ।”
“ਮਾਸਟਰ ਜੇ ਸਖ਼ਤੀ ਨਾ ਕਰਨ ਤਾਂ ਤੁਸੀਂ ਪੜ੍ਹੋਗੇ ਕਿਵੇਂ?”
“ਇਹ ਤਾਂ ਤੁਹਾਡੀ ਗੱਲ ਠੀਕ ਹੈ, ਚਾਚੀ।”
“ਡਰ ਬਿਨਾਂ ਕਿੱਥੇ ਭਗਤੀ ਹੁੰਦੀ ਹੈ?”
“ਮੈਂ ਤਾਂ ਗੱਲਾਂ ਵਿਚ ਰੁੱਝ ਗਈ, ਮੈਂ ਹੁਣ ਫੋਨ ਰੱਖਦੀ ਹਾਂ।” ਜੀਤੇ ਦੀ ਮਾਂ ਨੇ ਫੋਨ ਬੰਦ ਕਰ ਦਿੱਤਾ। ਕਾਪੀ ਲੱਭ ਜਾਣ ’ਤੇ ਜੀਤਾ ਖ਼ੁਸ਼ ਸੀ। ਸਭ ਤੋਂ ਵੱਧ ਖ਼ੁਸ਼ੀ ਉਸ ਨੂੰ ਗੀਤੂ ਦੀ ਕਾਪੀ ਤੋਂ ਹੋਮ ਵਰਕ ਉਤਾਰਨ ਦੀ ਸੀ। ਉਹ ਵੀਹ ਮਿੰਟਾਂ ਵਿਚ ਤਿਆਰ ਹੋ ਕੇ ਸਕੂਲ ਨੂੰ ਚੱਲ ਪਿਆ। ਸਕੂਲ ਪਹੁੰਚਿਆ ਤਾਂ ਗੀਤੂ ਪਹਿਲਾਂ ਹੀ ਉੱਥੇ ਖੜ੍ਹਾ ਉਸ ਦੀ ਉਡੀਕ ਕਰ ਰਿਹਾ ਸੀ। ਜੀਤੇ ਨੂੰ ਕਾਪੀ ਫੜਾਉਂਦਿਆਂ ਗੀਤੂ ਨੇ ਕਿਹਾ,‘‘ਅੱਜ ਪ੍ਰੇਅਰ ’ਚ ਨਾ ਜਾਈਂ, ਕੋਈ ਬਹਾਨਾ ਮਾਰ ਕੇ ਕਲਾਸ ’ਚ ਬੈਠਾ ਰਹੀਂ ਤੇ ਹੋਮ ਵਰਕ ਉਤਾਰ ਲਵੀਂ।’’ ਫਿਰ ਪ੍ਰੇਅਰ ਹੋਣ ਲੱਗੀ। ਕਮਰਾ ਲਾਗੇ ਹੋਣ ਕਰਕੇ ਇੱਥੇ ਸਭ ਕੁਝ ਸੁਣਾਈ ਦਿੰਦਾ ਸੀ। ਪਹਿਲਾਂ ਕੌਮੀ ਗੀਤ ਗਾਇਆ ਗਿਆ। ਫੇਰ ਮੁੱਖ ਅਧਿਆਪਕ ਨੇ ਲੈਕਚਰ ਦੇਣਾ ਸ਼ੁਰੂ ਕੀਤਾ: ‘‘ਮੇਰੇ ਸਕੂਲ ਦੇ ਪਿਆਰੇ ਬੱਚਿਓ! ਇਕ ਅਧਿਆਪਕ ਤੇ ਦੂਜਾ ਮਾਪੇ ਦੋ ਹੀ ਸੱਚੇ ਸਾਥੀ ਹੁੰਦੇ ਨੇ ਬੱਚੇ ਦੇ। ਦੋਵੇਂ ਰਲ ਕੇ ਉਸ ਦੀ ਸ਼ਖ਼ਸੀਅਤ ਉਸਾਰਦੇ ਹਨ। ਇਨ੍ਹਾਂ ਦੋਹਾਂ ਕੋਲੋਂ ਬੱਚੇ ਨੂੰ ਕੁਝ ਲਕੋਣਾ ਨਹੀਂ ਚਾਹੀਦਾ। ਕੋਈ ਦੁੱਖ ਜਾਂ ਪ੍ਰੇਸ਼ਾਨੀ ਹੈ, ਸਾਫ਼ ਦੱਸ ਦਿਓ। ਇਹ ਆਪੇ ਉਸ ਪਰੇਸ਼ਾਨੀ ਦਾ ਹੱਲ ਲੱਭਣਗੇ। ਸੱਚ ਬੋਲੋਗੇ ਤਾਂ ਮੇਰੇ ਸਕੂਲ ਦਾ ਕੋਈ ਵੀ ਅਧਿਆਪਕ ਤੁਹਾਨੂੰ ਸਜ਼ਾ ਨਹੀਂ ਦੇਵੇਗਾ। ਸੱਚਾਈ ਤੁਹਾਨੂੰ ਮੰਜ਼ਿਲ ਦਾ ਰਾਹ ਦਿਖਾਵੇਗੀ।’’ ਜੀਤੇ ਨੇ ਹੁਣ ਅੱਧਾ ਹੋਮ ਵਰਕ ਤਾਂ ਕਾਪੀ ’ਤੇ ਉਤਾਰ ਲਿਆ ਸੀ। ਹੁਣ ਉਸ ਦਾ ਹੱਥ ਵਿਚਾਲੇ ਹੀ ਰੁਕ ਗਿਆ ਸੀ। ਮੁੱਖ ਅਧਿਆਪਕ ਦੇ ਕਹੇ ਬੋਲ ਉਸ ਦੇ ਦਿਮਾਗ਼ ’ਚ ਗੂੰਜਣ ਲੱਗੇ, ‘‘ਪ੍ਰੇਸ਼ਾਨੀ ਹੈ ਤਾਂ ਸੱਚ ਆਖ ਦਿਓ। ਥੋਡੀ ਗ਼ਲਤੀ ਨਹੀਂ ਤਾਂ ਅਧਿਆਪਕ ਤੁਹਾਨੂੰ ਸਜ਼ਾ ਨਹੀਂ ਦੇਵੇਗਾ।” ਉਸ ਦੇ ਮਨ ’ਚੋਂ ਆਵਾਜ਼ ਆਈ,‘‘ਜਦੋਂ ਮੇਰੀ ਕਾਪੀ ਹੀ ਗੀਤੂ ਕੋਲ ਸੀ, ਤਾਂ ਹੀ ਤਾਂ ਮੈਂ ਸਕੂਲ ਦਾ ਕੰਮ ਨਹੀਂ ਸੀ ਕਰ ਸਕਿਆ।’’ “ਤੂੰ ਡਰ ਨਾ ਜੀਤੇ, ਕੁਝ ਨਹੀਂ ਹੁੰਦਾ।” ਉਸ ਦੇ ਅੰਦਰੋਂ ਆਵਾਜ਼ ਆਈ। ਉਸ ਨੇ ਕਾਪੀ ਬੰਦ ਕਰਕੇ ਬੈਗ ਵਿਚ ਪਾ ਲਈ। ਉਸ ਦੇ ਮਨ ਅੰਦਰੋਂ ਕੁਝ ਵਿਰੋਧੀ ਆਵਾਜ਼ਾਂ ਵੀ ਉੱਭਰੀਆਂ:
“ਫੇਰ ਤੂੰ ਬਿਮਾਰੀ ਦਾ ਬਹਾਨਾ ਲਗਾ ਕੇ, ਕਲਾਸ ਰੂਮ ’ਚ ਕਿਉਂ ਬੈਠਾ?
ਜੇ ਅਧਿਆਪਕ ਨੇ ਤੇਰਾ ਅੱਧਾ ਕੀਤਾ ਕੰਮ ਦੇਖ ਲਿਆ। ਤੂੰ ਗੀਤੂ ਦੀ ਗੱਲ ਮੰਨ ਕੇ ਉਸ ਦੀ ਕਾਪੀ ਤੋਂ ਹੋਮ ਵਰਕ ਕਿਉਂ ਉਤਾਰਨ ਲੱਗ ਪਿਆ।” ਉਸ ਦੇ ਮਨ ਅੰਦਰ ਦੋ ਵਿਰੋਧੀ ਆਵਾਜ਼ਾਂ ਵਿਚਕਾਰ ਜੰਗ ਛਿੜ ਗਈ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਹੜਾ ਰਾਹ ਚੁਣੇ? ਪਤਾ ਨਹੀਂ ਉਸ ਦੇ ਮਨ ਵਿਚ ਕੀ ਆਈ ਕਿ ਉਹ ਉੱਠ ਕੇ ਕਲਾਸ ਰੂਮ ਤੋਂ ਬਾਹਰ ਆ ਗਿਆ। ਚਪੜਾਸੀ ਕੋਲ ਆ ਕੇ ਬੋਲਿਆ,‘‘ਅੰਕਲ ਮੈਂ ਮੰਮੀ ਨਾਲ ਫੋਨ ’ਤੇ ਗੱਲ ਕਰਨੀ ਆ।” ‘‘ਆਜਾ ਕਰਾ ਦਿੰਨੇ ਆ ਸ਼ੇਰਾ।” ਚਪੜਾਸੀ ਉਸ ਨੂੰ ਨਾਲ ਲੈ ਕੇ ਦਫ਼ਤਰ ਵਿਚ ਆ ਗਿਆ। ਉਸ ਨੇ ਫੋਨ ਮਿਲਾ ਕੇ ਜੀਤੇ ਨੂੰ ਫੜਾ ਦਿੱਤਾ। ਜੀਤਾ ਬੋਲਿਆ,‘‘ਮੰਮੀ ਕੀ ਮੈਂ ਸਰ ਨੂੰ ਸੱਚੋ ਸੱਚ ਦੱਸ ਦਿਆਂ ਕਿ ਮੇਰੀ ਕਾਪੀ ਤਾਂ ਗੀਤੂ ਕੋਲ ਸੀ। ਉਹ ਮੈਨੂੰ ਮਾਰਨਗੇ ਤਾਂ ਨਹੀਂ?”
“ਨਹੀਂ ਮਾਰਨਗੇ। ਸੱਚ ਨੂੰ ਆਂਚ ਨਹੀਂ ਆਉਂਦੀ।” ਮੰਮੀ ਬੋਲੀ। “ਚੰਗਾ ਮੰਮੀ।”
‘‘ਹਾਂ ਪੁੱਤ, ਡਰੀਂ ਨਾ, ਮੈਂ ਤੇਰੇ ਲਈ ਪਾਠ ਕਰਾਂਗੀ।” ਮੰਮੀ ਨਾਲ ਫੋਨ ’ਤੇ ਗੱਲ ਕਰਕੇ ਜੀਤਾ ਦ੍ਰਿੜ ਇਰਾਦੇ ਅਤੇ ਊਰਜਾ ਨਾਲ ਭਰ ਗਿਆ ਸੀ। ਉਸ ਨੂੰ ਸੱਚ ਬੋਲਣ ਲਈ ਇਕ ਹੱਲਾਸ਼ੇਰੀ ਮਿਲ ਗਈ ਸੀ। ਉਹ ਆਪਣੀ ਕਲਾਸ ਵਿਚ ਜਾ ਬੈਠਾ। ਪ੍ਰੇਅਰ ਖ਼ਤਮ ਹੋ ਚੁੱਕੀ ਸੀ। ਕਲਾਸਾਂ ਲਾਈਨਾਂ ਬਣਾ ਕੇ ਆਪੇ ਆਪਣੇ ਕਮਰਿਆਂ ਵੱਲ ਜਾ ਰਹੀਆਂ ਸਨ।
-ਪ੍ਰਿੰ. ਹਰੀ ਕ੍ਰਿਸ਼ਨ ਮਾਇਰ

Comment here