ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਬਾਲ ਕਹਾਣੀ : ਦਾਦਾ ਜੀ ਦੀ ਸਿੱਖਿਆ

ਰਾਜੂ ਨੂੰ ਬੜਾ ਗੁੱਸਾ ਆਉਂਦਾ ਸੀ। ਉਹਦੇ ਮੰਮੀ ਪਾਪਾ ਬੜੇ ਪ੍ਰੇਸ਼ਾਨ ਰਹਿੰਦੇ। ਸਕੂਲ, ਆਂਢ ਗੁਆਂਢ , ਇੱਥੋਂ ਤੱਕ ਕਿ ਆਪਣੇ ਛੋਟੇ ਭਰਾ ਚਿੰਟੂ ਨਾਲ ਵੀ ਉਹਦੀ ਹੱਥੋਪਾਈ ਹੋ ਜਾਂਦੀ ਸੀ। ਅੱਜ ਵੀ ਇਹੋ ਹੋਇਆ। ਸ਼ਾਮ ਦੇ ਪੰਜ ਵੱਜੇ ਸਨ। ਪਾਪਾ ਬਜ਼ਾਰ ਗਏ ਹੋਏ ਸਨ, ਦਾਦਾ ਜੀ ਸੈਰ ਕਰਨ ਚਲੇ ਗਏ, ਮੰਮੀ ਰਸੋਈ ਵਿੱਚ ਰਾਤ ਦੇ ਖਾਣੇ ਦੀ ਤਿਆਰੀ ਕਰ ਰਹੀ ਸੀ। ਛੇ- ਸਾਲਾ ਚਿੰਟੂ ਘਰ ਵਿੱਚ ਖੇਡ ਰਿਹਾ ਸੀ। ਰਾਜੂ ਨੇ ਆਪਣਾ ਬੈਟ ਚੁੱਕਿਆ ਅਤੇ ਬਾਹਰ ਚਲਾ ਗਿਆ।
ਪਰ ਪੰਦਰਾਂ ਮਿੰਟਾਂ ਪਿੱਛੋਂ ਹੀ ਘਰ ਵਿੱਚ ਤੂਫ਼ਾਨ ਆ ਗਿਆ। ਰਾਜੂ ਗੁੱਸੇ ਵਿੱਚ ਪੈਰ ਮਾਰਦਾ ਘਰੇ ਆਇਆ, ਚਿੰਟੂ ਨੂੰ ਧੱਕਾ ਮਾਰਿਆ। ਚਿੰਟੂ ਡਿੱਗ ਪਿਆ ਅਤੇ ਦਰਦ ਨਾਲ ਚੀਕਣ ਲੱਗਾ। ਰਾਜੂ ਨੇ ਜ਼ੋਰ ਨਾਲ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ। ਕਮਰੇ ਦੇ ਅੰਦਰੋਂ ਚੀਜ਼ਾਂ ਸੁੱਟਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੰਮੀ ਦੌੜ ਕੇ ਆਈ। ਉਨ੍ਹਾਂ ਨੇ ਲਗਾਤਾਰ ਦਰਵਾਜ਼ਾ ਖੜਕਾਇਆ, ਬਹੁਤ ਆਵਾਜ਼ਾਂ ਮਾਰੀਆਂ ਪਰ ਰਾਜੂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਏਧਰ ਚਿੰਟੂ ਉੱਚੀ ਉੱਚੀ ਰੋ ਰਿਹਾ ਸੀ। ਮੰਮੀ ਉਹਨੂੰ ਚੁੱਪ ਕਰਾਉਣ ਗਈ। ਇੰਨੇ ਵਿੱਚ ਪਾਪਾ ਬਾਜ਼ਾਰੋਂ ਮੁੜ ਆਏ, ਦਾਦਾ ਜੀ ਵੀ ਸੈਰ ਤੋਂ ਪਰਤ ਆਏ। ਸਾਰੇ ਜਣੇ ਘਰ ਵਿੱਚ ਰੌਲੇ ਰੱਪੇ ਨੂੰ ਸੁਣ ਕੇ ਘਬਰਾ ਗਏ। ਮੰਮੀ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਦੋਵੇਂ ਰਾਜੂ ਦੇ ਕਮਰੇ ਵੱਲ ਦੌੜੇ, ਪਰ ਰਾਜੂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸਭ ਨੂੰ ਚਿੰਤਾ ਹੋ ਰਹੀ ਸੀ ਕਿ ਰਾਜੂ ਠੀਕ ਠਾਕ ਹੋਵੇ। ਸਮਾਂ ਲੰਘਦਾ ਜਾ ਰਿਹਾ ਸੀ, ਚਿੰਤਾ ਵਧਦੀ ਜਾ ਰਹੀ ਸੀ। ਦਾਦਾ ਜੀ ਨੇ ਸਭ ਨੂੰ ਦੂਜੇ ਕਮਰੇ ਵਿੱਚ ਜਾਣ ਨੂੰ ਕਿਹਾ। ਉਨ੍ਹਾਂ ਨੇ ਬੜੇ ਪਿਆਰ ਨਾਲ ਰਾਜੂ ਨੂੰ ਕਿਹਾ, ‘ਰਾਜੂ, ਦਰਵਾਜ਼ਾ ਖੋਲ੍ਹ ਬੇਟੇ! ਬੱਚੇ ਡਰ ਨਾ! ਏਥੇ ਹੋਰ ਕੋਈ ਨਹੀਂ ਹੈ। ਦਰਵਾਜ਼ਾ ਖੋਲ੍ਹ! ਤੂੰ ਮੈਨੂੰ ਪਿਆਰ ਕਰਦਾ ਹੈਂ ਨਾ…!’ ਰਾਜੂ ਨੇ ਝੱਟ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਦਾਦਾ ਜੀ ਦੇ ਗਲੇ ਲੱਗ ਗਿਆ।
ਕਮਰੇ ਦੇ ਅੰਦਰਲਾ ਦਿ੍ਰਸ਼ ਵੇਖ ਕੇ ਦਾਦਾ ਜੀ ਹੈਰਾਨ ਰਹਿ ਗਏ। ਕਮਰੇ ਦੀਆਂ ਸਾਰੀਆਂ ਚੀਜ਼ਾਂ ਏਧਰ ਓਧਰ ਖਿੱਲਰੀਆਂ ਪਈਆਂ ਸਨ। ਦਾਦਾ ਜੀ ਨੇ ਉਹਨੂੰ ਕੁਝ ਨਾ ਕਿਹਾ। ਉਨ੍ਹਾਂ ਨੇ ਰਾਜੂ ਨੂੰ ਪਿਆਰ ਨਾਲ ਪੁੱਛਿਆ, ‘ਬੇਟਾ, ਅੱਜ ਕੀ ਹੋਇਆ ਸੀ? ਕਿਸੇ ਨੇ ਤੈਨੂੰ ਕੁਝ ਕਿਹੈ?’ ਰਾਜੂ ਗੁੱਸੇ ਵਿੱਚ ਬੋਲਿਆ, ‘ਮੈਨੂੰ ਤਾਂ ਸਾਰੇ ਪ੍ਰੇਸ਼ਾਨ ਕਰਦੇ ਨੇ, ਦਾਦਾ ਜੀ। ਕੋਈ ਮੇਰੇ ਨਾਲ ਖੇਡਣਾ ਨਹੀਂ ਚਾਹੁੰਦਾ। ਚੀਟਿੰਗ ਕਰਕੇ ਗੇਮ ’ਚੋਂ ਕੱਢ ਦਿੰਦੇ ਨੇ। ਪਾਰਕ ਵਾਲੇ ਦੋਸਤਾਂ ਨੇ ਵੀ ਚੀਟਿੰਗ ਕੀਤੀ। ਮੈਨੂੰ ਗੁੱਸਾ ਆ ਗਿਆ। ਮੈਂ ਵੀ ਉਨ੍ਹਾਂ ਦੀਆਂ ਵਿਕਟਾਂ ਉਖਾੜ ਦਿੱਤੀਆਂ ਅਤੇ ਘਰੇ ਆ ਗਿਆ।’
ਦਾਦਾ ਜੀ ਨੇ ਅਚਾਨਕ ਪੁੱਛਿਆ, ‘ਤੇਰੀ ਲੜਾਈ ਤਾਂ ਉਨ੍ਹਾਂ ਨਾਲ ਹੋਈ ਪਰ ਧੱਕਾ ਆਪਣੇ ਭਰਾ ਚਿੰਟੂ ਨੂੰ ਕਿਉਂ ਦਿੱਤਾ?’ ਰਾਜੂ ਸ਼ਰਮਿੰਦਾ ਹੋ ਗਿਆ। ਬੋਲਿਆ, ‘ਮੈਨੂੰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬੜਾ ਗੁੱਸਾ ਆ ਰਿਹਾ ਸੀ। ਜੀਅ ਕਰਦਾ ਸੀ ਕਿਸੇ ਨੂੰ ਕੁੱਟ ਦਿਆਂ, ਧੱਕਾ ਮਾਰਾਂ, ਡੰਡੇ ਮਾਰਾਂ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਚਿੰਟੂ ਨੂੰ ਧੱਕਾ ਦੇ ਦਿੱਤਾ ਹੈ।’ ਦਾਦਾ ਜੀ ਸ਼ਾਂਤੀ ਨਾਲ ਬੋਲੇ, ‘ਬੇਟਾ, ਤੇਰੇ ਭਰਾ ਦਾ ਸਿਰ ਕੰਧ ਵਿੱਚ ਵੱਜਿਆ। ਉਹਨੂੰ ਬਹੁਤ ਦਰਦ ਹੋ ਰਿਹਾ ਹੈ। ਉਹ ਬਹੁਤ ਰੋ ਰਿਹਾ ਹੈ।’ ਰਾਜੂ ਫਿਰ ਸ਼ਰਮਿੰਦਾ ਹੋਇਆ।
ਦਾਦਾ ਜੀ ਨੇ ਉਹਨੂੰ ਪਿਆਰ ਨਾਲ ਸਮਝਾਇਆ, ‘ਬੇਟਾ, ਤੂੰ ਆਪ ਸੋਚ, ਗੁੱਸੇ ਨਾਲ ਕਿੰਨੇ ਨੁਕਸਾਨ ਹੁੰਦੇ ਨੇ। ਤੈਨੂੰ ਦੂਜਿਆਂ ਦੀਆਂ ਗੱਲਾਂ ਪਸੰਦ ਨਹੀਂ ਆ ਰਹੀਆਂ। ਤੂੰ ਗੁੱਸਾ ਕਰਦਾ ਹੈਂ, ਉਹ ਤੈਨੂੰ ਛੱਡ ਜਾਂਦੇ ਹਨ। ਚਿੰਟੂ ਤਾਂ ਡਰਿਆ ਰਹਿੰਦਾ ਹੈ, ਉਸ ਤੇ ਭੈੜਾ ਅਸਰ ਪੈ ਰਿਹਾ ਹੈ। ਤੇਰੇ ਮੰਮੀ ਪਾਪਾ ਪ੍ਰੇਸ਼ਾਨ ਹੋ ਰਹੇ ਨੇ। ਅਜਿਹੀ ਹਾਲਤ ਵਿੱਚ ਤੂੰ ਇਕੱਲਾ ਰਹਿ ਜਾਵੇਂਗਾ। ਅੱਗੇ ਚੱਲ ਕੇ ਤੈਨੂੰ ਬਹੁਤ ਦੁੱਖ ਹੋਵੇਗਾ। ਤੈਨੂੰ ਨੌਕਰੀ ਵਿੱਚ, ਪਰਿਵਾਰ ਵਿੱਚ, ਸਮਾਜ ਵਿੱਚ, ਸਭ ਥਾਂ ਸਮੱਸਿਆ ਆਵੇਗੀ… ਤੈਨੂੰ ਇਸ ਗੁੱਸੇ ਤੇ ਕਾਬੂ ਪਾਉਣਾ ਹੀ ਪਵੇਗਾ।’
ਰਾਜੂ ਨੂੰ ਦਾਦਾ ਜੀ ਦੀ ਗੱਲ ਸਮਝ ਵਿੱਚ ਆ ਰਹੀ ਸੀ। ਉਹ ਝੱਟ ਬੋਲਿਆ, ‘ਪਰ ਕਿਵੇਂ ਕਾਬੂ ਪਾਵਾਂ?’ ਦਾਦਾ ਜੀ ਨੇ ਸ਼ਾਂਤੀ ਨਾਲ ਕਿਹਾ, ‘ਵੇਖ, ਜਦੋਂ ਵੀ ਗੁੱਸਾ ਆਵੇ, ਪਹਿਲਾਂ ਪਾਣੀ ਪੀ, ਮਨ ਵਿੱਚ ਗਿਣਤੀ ਸ਼ੁਰੂ ਕਰ। ਨਾਲ ਨਾਲ ਕੋਈ ਕੰਮ ਕਰਦਾ ਰਹਿ… ਜਿਵੇਂ ਆਪਣੀਆਂ ਕਿਤਾਬਾਂ, ਕੱਪੜਿਆਂ ਦੀ ਅਲਮਾਰੀ ਠੀਕ ਕਰਨੀ, ਜੁੱਤੀਆਂ ਥਾਂ ਸਿਰ ਰੱਖਣੀਆਂ, ਕਮਰਾ ਸਾਫ਼ ਕਰਨਾ ਵਗੈਰਾ…। ਹਾਂ, ਜੇ ਬਹੁਤ ਤੇਜ਼ ਗੁੱਸਾ ਆ ਰਿਹਾ ਹੋਵੇ ਤਾਂ ਬਾਹਰ ਪਾਰਕ ਵਿੱਚ ਜਾ ਕੇ ਦੌੜ ਲਾ, ਬਾਲ ਨੂੰ ਕਿੱਕ ਮਾਰ। ਜਦੋਂ ਗੁੱਸਾ ਠੰਡਾ ਹੋ ਜਾਵੇ, ਫ਼ੇਰ ਘਰੇ ਆ। ਮੇਰੇ ਨਾਲ ਜਾਂ ਮੰਮੀ ਪਾਪਾ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰ। ਗੁੱਸੇ ਤੇ ਕਾਬੂ ਪਾ ਕੇ ਤੂੰ ਸਭ ਦਾ ਦੋਸਤ ਬਣ ਜਾਵੇਂਗਾ, ਸਕੂਲ ਵਿੱਚ ਚੰਗਾ ਵਿਦਿਆਰਥੀ ਅਤੇ ਘਰ ਵਿੱਚ ਸਭ ਦਾ ਦੁਲਾਰਾ ਬਣ ਜਾਵੇਂਗਾ।’
ਰਾਜੂ ਨੇ ਫਿਰ ਪੁੱਛਿਆ, ਨੂੰਚਿੰਟੂ ਦਾ ਵੀ?’
‘ਹਾਂ, ਚਿੰਟੂ ਦਾ ਵੀ।’
ਸੁਣਦੇ ਸਾਰ ਹੀ ਰਾਜੂ ਉੱਚੀ ਉੱਚੀ ਹੱਸਣ ਲੱਗਿਆ। ਦਾਦਾ ਜੀ ਨੇ ਵੀ ਹੱਸਦੇ ਹੱਸਦੇ ਉਹਨੂੰ ਗਲ ਨਾਲ ਲਾ ਲਿਆ।

ਮੂਲ : ਸੁਮਨ ਓਬਰਾਏ
ਅਨੁ : ਪ੍ਰੋ. ਨਵ ਸੰਗੀਤ ਸਿੰਘ

Comment here