ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਬਾਲ ਕਹਾਣੀ : ਆਜੜੀ ਦੀ ਮੂਰਖਤਾ

ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਆਜੜੀ ਰਹਿੰਦਾ ਸੀ। ਉਹ ਬਹੁਤ ਗ਼ਰੀਬ ਸੀ। ਉਹ ਬੱਕਰੀਆਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਨੇ ਬੱਕਰੀਆਂ ਦੇ ਨਾਲ ਇੱਕ ਕੁੱਤਾ ਰੱਖਿਆ ਹੋਇਆ ਸੀ। ਇਸ ਕੁੱਤੇ ਦਾ ਨਾਂ ਸ਼ੇਰੂ ਸੀ। ਸ਼ੇਰੂ ਬਹੁਤ ਹੀ ਸਮਝਦਾਰ ਤੇ ਵਫ਼ਾਦਾਰ ਸੀ। ਜਦੋਂ ਆਜੜੀ ਬੱਕਰੀਆਂ ਚਾਰਨ ਜਾਂਦਾ ਤਾਂ ਸ਼ੇਰੂ ਵੀ ਉਸ ਦੇ ਨਾਲ ਹੀ ਜਾਂਦਾ। ਸ਼ੇਰੂ ਬਾਹਰਲੇ ਜਾਨਵਰਾਂ ਤੋਂ ਬੱਕਰੀਆਂ ਦੀ ਰਾਖੀ ਕਰਦਾ ਰਹਿੰਦਾ। ਆਜੜੀ ਵੀ ਸ਼ੇਰੂ ਦੇ ਹੁੰਦਿਆਂ ਬੇਫ਼ਿਕਰ ਹੋ ਜਾਂਦਾ।
ਇਸ ਆਜੜੀ ਨੇ ਨੇੜਲੇ ਪਿੰਡ ਦੇ ਸ਼ਾਹੂਕਾਰ ਕੋਲੋਂ ਕਰਜ਼ਾ ਲਿਆ ਹੋਇਆ ਸੀ। ਗ਼ਰੀਬੀ ਕਾਰਨ ਉਹ ਸ਼ਾਹੂਕਾਰ ਦਾ ਕਰਜ਼ਾ ਨਾ ਲਾਹ ਸਕਿਆ। ਇੱਕ ਦਿਨ ਸ਼ਾਹੂਕਾਰ ਉਸ ਦੇ ਘਰ ਆਪਣੇ ਪੈਸੇ ਲੈਣ ਲਈ ਪਹੁੰਚ ਗਿਆ। ਆਜੜੀ ਨੇ ਹਾਲੇ ਪੈਸੇ ਨਾ ਹੋਣ ਦੀ ਗੱਲ ਕਹੀ। ਸ਼ਾਹੂਕਾਰ ਨੇ ਉਸ ਦੀ ਕਾਫ਼ੀ ਝਾੜ-ਝੰਬ ਕੀਤੀ। ਜਦੋਂ ਸ਼ਾਹੂਕਾਰ ਬਿਨਾਂ ਪੈਸਿਓਂ ਉਸ ਦੇ ਘਰੋਂ ਤੁਰਨ ਲੱਗਿਆ ਤਾਂ ਉਸ ਦੀ ਨਜ਼ਰ ਆਜੜੀ ਦੇ ਸ਼ੇਰੂ ’ਤੇ ਪਈ। ਉਸ ਨੂੰ ਸ਼ੇਰੂ ਬਹੁਤ ਚੰਗਾ ਲੱਗਿਆ। ਉਸ ਨੇ ਆਜੜੀ ਨੂੰ ਕਿਹਾ, ‘‘ਇਹ ਕੁੱਤਾ ਤੂੰ ਮੈਨੂੰ ਦੇ ਦੇ। ਜਦੋਂ ਤੂੰ ਮੇਰੇ ਪੈਸੇ ਦੇਵੇਂਗਾ, ਉਦੋਂ ਇਹ ਕੁੱਤਾ ਤੂੰ ਵਾਪਸ ਲੈ ਲਈਂ।’’ ਆਜੜੀ ਨੇ ਸ਼ਾਹੂਕਾਰ ਦੀ ਗੱਲ ਮੰਨ ਲਈ। ਉਸ ਨੇ ਸ਼ਾਹੂਕਾਰ ਨੂੰ ਸ਼ੇਰੂ ਦੇ ਦਿੱਤਾ। ਆਜੜੀ ਨੇ ਸ਼ੇਰੂ ਨੂੰ ਇਹ ਸਮਝਾ ਕੇ ਸ਼ਾਹੂਕਾਰ ਨਾਲ ਤੋਰ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਮਾਲਕ ਸ਼ਾਹੂਕਾਰ ਹੈ। ਤੂੰ ਇਸ ਦੀ ਹਰ ਆਗਿਆ ਦਾ ਪਾਲਣ ਕਰਨਾ। ਹੁਣ ਮੇਰੇ ਕੋਲ ਮੁੜ ਕੇ ਨਾ ਆਵੀਂ। ਸ਼ਾਹੂਕਾਰ ਸ਼ੇਰੂ ਨੂੰ ਲੈ ਕੇ ਆਪਣੇ ਘਰ ਆ ਗਿਆ। ਸ਼ੇਰੂ ਪੂਰੀ ਵਫ਼ਾਦਾਰੀ ਨਾਲ ਸ਼ਾਹੂਕਾਰ ਦੇ ਘਰ ਦੀ ਰਾਖੀ ਕਰਨ ਲੱਗਾ।
ਇੱਕ ਦਿਨ ਅੱਧੀ ਰਾਤ ਨੂੰ ਸ਼ਾਹੂਕਾਰ ਦੇ ਘਰ ਚੋਰ, ਚੋਰੀ ਕਰਨ ਲਈ ਆ ਗਏ। ਉਨ੍ਹਾਂ ਕੋਲ ਕਾਫ਼ੀ ਵੱਡੇ-ਵੱਡੇ ਹਥਿਆਰ ਸਨ। ਸ਼ੇਰੂ ਸਮਝ ਗਿਆ ਸੀ ਕਿ ਜੇਕਰ ਉਹ ਭੌਂਕਿਆ ਤਾਂ ਚੋਰ ਉਸ ਨੂੰ ਅਤੇ ਸ਼ਾਹੂਕਾਰ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ। ਇਸ ਲਈ ਸ਼ੇਰੂ ਸਭ ਕੁਝ ਚੁੱਪ-ਚੁਪੀਤੇ ਦੇਖਦਾ ਰਿਹਾ। ਚੋਰ ਸ਼ਾਹੂਕਾਰ ਦਾ ਸਾਰਾ ਸਾਮਾਨ, ਗਹਿਣੇ ਅਤੇ ਨਕਦੀ ਲੁੱਟ ਕੇ ਤੁਰ ਪਏ। ਸ਼ੇਰੂ ਵੀ ਚੁੱਪ-ਚੁਪੀਤੇ ਚੋਰਾਂ ਦੇ ਪਿੱਛੇ-ਪਿੱਛੇ ਤੁਰਦਾ ਗਿਆ। ਥੋੜ੍ਹੀ ਦੂਰ ਇੱਕ ਜੰਗਲ ਵਿੱਚ ਚੋਰਾਂ ਨੇ ਲੁੱਟਿਆ ਸਾਰਾ ਧਨ ਇੱਕ ਟੋਆ ਪੁੱਟ ਕੇ ਦੱਬ ਦਿੱਤਾ। ਸ਼ੇਰੂ ਉਹ ਜਗ੍ਹਾ ਵੇਖ ਕੇ ਵਾਪਸ ਘਰ ਆ ਗਿਆ।
ਜਦੋਂ ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਸ਼ਾਹੂਕਾਰ ਦੇ ਘਰ ਚੋਰੀ ਹੋਣ ਦਾ ਰੌਲਾ ਪੈ ਗਿਆ। ਸਾਰੇ ਪਿੰਡ ਵਾਸੀ ਉਸ ਦੇ ਘਰ ਆ ਗਏ। ਸ਼ਾਹੂਕਾਰ ਦੇ ਘਰ ਕਾਫ਼ੀ ਇਕੱਠ ਹੋ ਗਿਆ ਸੀ। ਘਰ ਵਿੱਚ ਚੋਰੀ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਇਸ ਰੌਲੇ ਵਿੱਚ ਸ਼ੇਰੂ ਸ਼ਾਹੂਕਾਰ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸ਼ਾਹੂਕਾਰ ਦਾ ਪੱਲਾ ਫੜ ਕੇ ਆਪਣੇ ਨਾਲ ਤੁਰਨ ਦਾ ਇਸ਼ਾਰਾ ਕਰ ਰਿਹਾ ਸੀ। ਸ਼ੇਰੂ ਦੀਆਂ ਹਰਕਤਾ ਦੇਖ ਕੇ ਇੱਕ ਸਿਆਣੇ ਬੰਦੇ ਨੇ ਕਿਹਾ, ‘‘ਲੱਗਦਾ ਹੈ ਕਿ ਇਸ ਕੁੱਤੇ ਨੂੰ ਚੋਰੀ ਬਾਰੇ ਕੁਝ ਪਤਾ ਹੈ।’’ ਸ਼ੇਰੂ ਨੇ ਸ਼ਾਹੂਕਾਰ ਦਾ ਪੱਲਾ ਫੜ ਕੇ ਨਾਲ ਤੁਰਨ ਦਾ ਇਸ਼ਾਰਾ ਕੀਤਾ। ਲੋਕ ਸ਼ੇਰੂ ਦੇ ਪਿੱਛੇ-ਪਿੱਛੇ ਤੁਰਨ ਲੱਗੇ। ਸ਼ੇਰੂ ਉਨ੍ਹਾਂ ਨੂੰ ਇੱਕ ਜੰਗਲ ਵਿੱਚ ਲੈ ਗਿਆ। ਉੱਥੇ ਜਾ ਕੇ ਸ਼ੇਰੂ ਨੇ ਉਸ ਥਾਂ ਨੂੰ ਆਪਣੀਆਂ ਨਹੁੰਦਰਾਂ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ ਜਿੱਥੇ ਚੋਰਾਂ ਨੇ ਚੋਰੀ ਕਰਕੇ ਮਾਲ ਦੱਬਿਆ ਹੋਇਆ ਸੀ। ਲੋਕਾਂ ਨੇ ਜਦੋਂ ਉਸ ਥਾਂ ਨੂੰ ਪੁੱਟ ਕੇ ਵੇਖਿਆ ਤਾਂ ਉਸ ਵਿੱਚੋਂ ਸ਼ਾਹੂਕਾਰ ਦਾ ਸਾਰਾ ਸਾਮਾਨ, ਨਕਦੀ ਅਤੇ ਗਹਿਣੇ ਨਿਕਲ ਆਏ। ਸਭ ਲੋਕ ਸ਼ੇਰੂ ਦੀ ਸਿਆਣਪ ਦੀ ਤਾਰੀਫ਼ ਕਰਨ ਲੱਗੇ। ਸ਼ਾਹੂਕਾਰ ਦਾ ਚੋਰੀ ਹੋਇਆ ਸਾਰਾ ਸਾਮਾਨ ਵਾਪਸ ਮਿਲ ਗਿਆ ਸੀ।
ਸ਼ਾਹੂਕਾਰ ਸ਼ੇਰੂ ਦੀ ਸਿਆਣਪ ਤੋਂ ਬਹੁਤ ਖ਼ੁਸ਼ ਹੋਇਆ। ਅਗਲੇ ਦਿਨ ਸ਼ਾਹੂਕਾਰ ਨੇ ਸ਼ੇਰੂ ਦੇ ਗਲ ਵਿੱਚ ਇੱਕ ਚਿੱਠੀ ਲਿਖ ਕੇ ਉਸ ਨੂੰ ਵਾਪਸ ਆਜੜੀ ਕੋਲ ਭੇਜ ਦਿੱਤਾ। ਜਦੋਂ ਸ਼ੇਰੂ ਆਜੜੀ ਦੇ ਘਰ ਪੁੱਜਾ ਤਾਂ ਉਸ ਨੇ ਸਮਝਿਆ ਕਿ ਸ਼ੇਰੂ ਸ਼ਾਹੂਕਾਰ ਕੋਲੋਂ ਦੌੜ ਕੇ ਆਇਆ ਹੈ।
ਉਸ ਨੂੰ ਗੁੱਸਾ ਆ ਗਿਆ। ਆਜੜੀ ਨੇ ਸ਼ੇਰੂ ਨੂੰ ਆਪਣੀ ਕੁਹਾੜੀ ਨਾਲ ਵੱਢ ਦਿੱਤਾ। ਮਰੇ ਹੋਏ ਸ਼ੇਰੂ ਦੇ ਗਲ ਵਿੱਚ ਉਸ ਨੇ ਚਿੱਠੀ ਵੇਖੀ। ਜਦੋਂ ਆਜੜੀ ਨੇ ਉਹ ਚਿੱਠੀ ਖੋਲ੍ਹ ਕੇ ਪੜ੍ਹੀ ਤਾਂ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ: ‘‘ਤੇਰਾ ਸ਼ੇਰੂ ਬਹੁਤ ਹੀ ਸਿਆਣਾ ਤੇ ਸਮਝਦਾਰ ਹੈ। ਤੇਰੇ ਸ਼ੇਰੂ ਨੇ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ ਹੈ। ਇਸ ਲਈ ਮੈਂ ਤੁਹਾਡਾ ਸਾਰਾ ਕਰਜ਼ਾ ਮੁਆਫ਼ ਕਰਦਾ ਹਾਂ। ਤੇਰਾ ਸ਼ੇਰੂ ਵੀ ਤੈਨੂੰ ਵਾਪਸ ਕਰਦਾ ਹਾਂ।’’ ਇਹ ਪੜ੍ਹ ਕੇ ਆਜੜੀ ਧਾਹਾਂ ਮਾਰ ਕੇ ਰੋਣ ਲੱਗਿਆ। ਉਸ ਨੂੰ ਬਿਨਾਂ ਸੋਚੇ-ਸਮਝੇ ਸ਼ੇਰੂ ਨੂੰ ਮਾਰਨ ’ਤੇ ਬੜਾ ਪਛਤਾਵਾ ਹੋਇਆ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ।

-(ਹਰਦੇਵ ਸਿੰਘ ਸੁੱਖਗੜ੍ਹ)

Comment here