ਲੁਧਿਆਣਾ : ਇਸ ਸਾਲ ਦੇਸ਼ ਵਿੱਚ ਸਰਦੀਆਂ ‘ਚ ਕਾਫੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਕੋਲ ਸਾਲ 1970 ਤੋਂ ਬਾਅਦ ਦੇ ਡਾਟਾ ਮੁਤਾਬਕ, ਏਨੀ ਬਾਰਿਸ਼ ਕਦੇ ਨਹੀਂ ਹੋਈ। ਵੀਰਵਾਰ ਦੇ ਦਿਨ ਵੇਲੇ 19 ਮਿਲੀਮੀਟਰ ਬਾਰਿਸ਼ ਨੇ ਨਵਾਂ ਰਿਕਾਰਡ ਕਾਇਮ ਕੀਤਾ। ਹੁਣ ਤਕ ਤਿੰਨ ਫਰਵਰੀ ਦੇ ਦਿਨ ਏਨੀ ਬਾਰਿਸ਼ ਰਿਕਾਰਡ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਤਿੰਨ ਫਰਵਰੀ 2015 ਨੂੰ 11.2 ਮਿਲੀਮੀਟਰ ਬਾਰਿਸ਼ ਹੋਈ ਸੀ। ਪੀਏਯੂ ਦੇ ਅੰਕਡ਼ਿਆਂ ਮੁਤਾਬਕ, ਹਵਾ ’ਚ ਨਮੀ ਦੀ ਵੱਧ ਤੋਂ ਵੱਧ ਮਾਤਰਾ 90 ਫ਼ੀਸਦੀ ਤੇ ਘੱਟ ਤੋਂ ਘੱਟ ਮਾਤਰਾ 86 ਫ਼ੀਸਦੀ ਰਹੀ। ਜਾਣਕਾਰੀ ਮੁਤਾਬਕ, ਮੌਸਮ ਵਿਭਾਗ ਨੇ ਪਹਿਲਾਂ ਹੀ ਪੱਛਮੀ ਗਡ਼ਬਡ਼ੀ ਕਾਰਨ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ। ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਹੀ ਸੰਘਣੇ ਬੱਦਲ ਛਾ ਗਏ ਤੇ ਹਲਕੀ ਬਾਰਿਸ਼ ਸ਼ੁਰੂ ਹੋ ਗਈ। ਇਸ ਤੋਂ ਬਾਅਦ ਵੀਰਵਾਰ ਨੂੰ ਸਾਰਾ ਦਿਨ ਬਾਰਿਸ਼ ਦਾ ਸਿਲਸਿਲਾ ਚੱਲਦਾ ਰਿਹਾ। ਬਾਰਿਸ਼ ਕਾਰਨ ਠੰਢ ਵੱਧ ਗਈ ਤੇ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਇਕ ਡਿਗਰੀ ਸੈਲਸੀਅਸ ਦਾ ਫ਼ਰਕ ਰਹਿ ਗਿਆ। ਮੌਸਮ ਵਿਭਾਗ ਦੇ ਰਿਕਾਰਡ ਮੁਤਾਬਕ, ਵੀਰਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 11.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੀਏਯੂ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਵਿਭਾਗ ਕੋਲ ਮੌਜੂਦ ਰਿਕਾਰਡ ਮੁਤਾਬਕ ਤਿੰਨ ਫਰਵਰੀ ਨੂੰ ਅੱਜ ਤਕ ਦੀ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਦੌਰਾਨ ਹਲਕੀ ਹਵਾਵਾਂ ਚੱਲਣ ਨਾਲ ਮੌਸਮ ’ਚ ਠੰਢਕ ਬਣੀ ਹੋਈ ਹੈ। ਅਗਲੇ 24 ਘੰਟਿਆਂ ਦੌਰਾਨ ਵੀ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ।
Comment here