ਅਪਰਾਧਖਬਰਾਂ

ਬਾਰਾਮੁਲਾ ਚ ਟੀਆਰਐੱਫ ਦੇ ਤਿੰਨ ਮੈਂਬਰ ਕਾਬੂ

ਸ਼੍ਰੀਨਗਰ – ਉੱਤਰੀ ਕਸ਼ਮੀਰ ਦੇ ਬਾਰਾਮੁਲਾ ਵਿਚ ਬੀਤੇ ਦਿਨ ਸੁਰੱਖਿਆ ਬਲਾਂ ਨੇ ਟੀਆਰਐੱਫ ਦੇ ਤਿੰਨ ਓਵਰਗਰਾਊਂਡ ਵਰਕਰਾਂ ਨੂੰ ਗਿ੍ਫਤਾਰ ਕੀਤਾ। ਇਨ੍ਹਾਂ ਕੋਲੋਂ ਦੋ ਗ੍ਰਨੇਡ ਵੀ ਬਰਾਮਦ ਕੀਤੇ ਗਏ। ਤਿੰਨੋਂ 17 ਨਵੰਬਰ ਨੂੰ ਪਲਹਾਲਨ ਨਗਰ ’ਚ ਹੋਏ ਗ੍ਰਨੇਡ ਹਮਲੇ ’ਚ ਵੀ ਸ਼ਾਮਲ ਸੀ। ਫੌਜ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਬਾਰਾਮੁਲਾ ਪੁਲਿਸ ਨੇ ਫੌਜ ਦੀ 29 ਆਰਆਰ ਅਤੇ ਐੱਸਐੱਸਬੀ ਦੀ ਦੂਜੀ ਕੋਰ ਦੇ ਜਵਾਨਾਂ ਦੇ ਨਾਲ ਨਗਰ ਦੇ ਕੋਲ ਵੁੱਸਨ ਵਿਚ ਨਾਕਾ ਲਗਾਇਆ ਸੀ। ਇਸ ਦੌਰਾਨ ਤਿੰਨ ਜਵਾਨ ਉੱਥੋੋਂ ਗੁਜ਼ਰਨੇ ਲੱਗੇ, ਪਰ ਨਾਕਾ ਵੇਖਕੇ ਸੜਕ ’ਤੇ ਕੁਝ ਦੇਰ ਲਈ ਰੁਕ ਗਏ। ਫਿਰ ਨੇੜਲੇ ਖੇਤਾਂ ਵੱਲ ਮੁੜ ਕੇ ਭੱਜਣ ਲੱਗੇ ਤਾਂ ਨਾਕੇ ’ਤੇ ਮੌਜੂਦ ਜਵਾਨਾਂ ਨੇ ਉਨ੍ਹਾਂ ਨੂੰ ਵੇਖ ਲਿਆ। ਨਾਕਾ ਪਾਰਟੀ ਨੇ ਪਿੱਛਾ ਕਰ ਤਿੰਨਾਂ ਨੂੰ ਕੁਝ ਦੂਰੀ ’ਤੇ ਦਬੋਚ ਲਿਆ। ਤਿੰਨਾਂ ਦੀ ਪਛਾਣ ਆਸਿਫ ਅਹਿਮਦ ਰੇਸ਼ੀ, ਮੇਹਰਾਜੁਦੀਨ ਡਾਰ ਅਤੇ ਫੈਸਲ ਹਬੀਬ ਨਿਵਾਸੀ ਜ਼ਿਲ੍ਹਾ ਬਾਂਦੀਪੋਰਾ ਦੇ ਗੁੰਡ ਜਹਾਂਗੀਰ ਸੁੰਬਲ ਦੇ ਰੂਪ ’ਚ ਹੋਈ ਹੈ। ਤਿੰਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਅਤੇ ਇਨ੍ਹਾਂ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਤਾਂ ਤਿੰਨਾਂ ਲਸ਼ਕਰ ਅਤੇ ਟੀਆਰਐੱਫ ਦੇ ਓਵਰਗਰਾਊਂਡ ਵਰਕਰ ਨਿਕਲੇ। ਪੁੱਛਗਿੱਛ ਵਿਚ ਪਤਾ ਚਲਿਆ ਕਿ ਉਹ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ’ਚ ਬੈਠੇ ਅੱਤਵਾਦੀ ਸਰਗਨਾ ਨਾਲ ਇੰਟਰਨੈੱਟ ਮੀਡੀਆ ਦੇ ਜ਼ਰੀਏ ਲਗਾਤਾਰ ਸੰਪਰਕ ’ਚ ਸਨ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤਿੰਨੋਂ ਬਾਰਾਮੁਲਾ, ਬਾਂਦੀਪੋਰ ਅਤੇ ਸੋਪੋਰ ’ਚ ਸਰਗਰਮ ਅੱਤਵਾਦੀਆਂ ਦੀ ਮਦਦ ਕਰਨ ਦੇ ਇਲਾਵਾ ਗ੍ਰਨੇਡ ਹਮਲਿਆਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਫਿਲਹਾਲ, ਤਿੰਨਾਂ ਤੋਂ ਪੁੱਛਗਿੱਛ ਜਾਰੀ ਹੈ। ਸੁਰੱਖਿਆ ਬਲਾਂ ਨੂੰ ਬਾਂਦੀਪੋਰਾ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਫੌਜ ਦੀ 14 ਆਰਆਰ ਅਤੇ ਸੀਆਰਪੀਐੱਫ ਜਵਾਨਾਂ ਨਾਲ ਬਾਂਦੀਪੋਰਾ ਕਸਬੇ ਦੇ ਮੁੱਖ ਚੌਕ, ਸਬਜ਼ੀ ਮੰਡੀ, ਗੁਲਸ਼ਨ ਚੌਕ ਅਤੇ ਨਾਲ ਲਗਦੇ ਇਲਾਕੀਆਂ ਨੂੰ ਘੇਰ ਲਿਆ। ਆਉਣ-ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ। ਉਸਦੇ ਬਾਅਦ ਸੁਰੱਖਿਆ ਬਲਾਂ ਨੇ ਸਾਰੇ ਸ਼ੱਕੀ ਮਕਾਨਾਂ ਅਤੇ ਦੁਕਾਨਾਂ ਦੀ ਤਲਾਸ਼ੀ ਸ਼ੁਰੂ ਕੀਤੀ। ਤਲਾਸ਼ੀ ਮੁਹਿੰਮ ਵਿਚ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਫਿਲਹਾਲ ਪੂਰੇ ਖੇਤਰ ਨੂੰ ਸੁਰੱਖਿਆ ਬਲ ਨਜ਼ਰ ਰੱਖੇ ਹੋਏ ਹਨ।

Comment here