ਸਿਆਸਤਵਿਸ਼ੇਸ਼ ਲੇਖ

ਬਾਪੂ ਗਾਂਧੀ ਨੂੰ ਚਿਤਵਦਿਆਂ

ਅੱਜ ਬਾਪੂ ਗਾਂਧੀ ਜੀ ਦਾ ਜਨਮ ਦਿਨ ਹੈ ਇਹ ਬਹੁਤ ਖਾਸ ਦਿਨ ਹੈ ਅਤੇ ਇਸ ਨੂੰ ਗਾਂਧੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ।  ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ‘ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਹੈ। ਗਾਂਧੀ ਜੀ ਨੇ ਸੱਤਿਆ ਅਤੇ ਅਹਿੰਸਾ ਨੂੰ ਆਪਣਾ ਇਕ ਅਚੂਕ ਹਥਿਆਰ ਬਣਾਇਆ, ਜਿਸ ਦੇ ਅੱਗੇ ਤਾਕਤਵਰ ਬ੍ਰਿਟਿਸ਼ ਸਮਰਾਜ ਨੂੰ ਵੀ ਗੋਡੇ ਟੇਕਣੇ ਪਏ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਅਤੇ ਮਾਂ ਦਾ ਨਾਂ ਪੁਤਲੀਬਾਈ ਸੀ। ਮਹਾਤਮਾ ਗਾਂਧੀ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਛੋਟੀ ਉਮਰ ਵਿਚ ਉਨ੍ਹਾਂ ਦੀ ਜ਼ਿੰਦਗੀ ‘ਤੇ ਪਰਿਵਾਰ ਅਤੇ ਮਾਂ ਦੇ ਧਾਰਮਿਕ ਵਿਚਾਰਾਂ ਦਾ ਡੂੰਘਾ ਅਸਰ ਪਿਆ ਸੀ।  ਮੋਹਨਦਾਸ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਥਾਨਕ ਸਕੂਲਾਂ ਵਿਚ ਹੋਈ। ਉਹ ਰਾਜਕੋਟ ਸਥਿਤ ਅਲਬਰਟ ਹਾਈ ਸਕੂਲ ‘ਚ ਵੀ ਪੜ੍ਹੇ। ਸਾਲ 1883 ‘ਚ ਕਰੀਬ 13 ਸਾਲ ਦੀ ਉਮਰ ਵਿਚ 6 ਮਹੀਨੇ ਵੱਡੀ ਕਸਤੂਰਬਾਈ ਮਕਨਜੀ ਨਾਲ ਉਨ੍ਹਾਂ ਦਾ ਵਿਆਹ ਹੋਇਆ। ਉਨ੍ਹਾਂ ਦੀ ਪਤਨੀ ਦਾ ਬਾਅਦ ਵਿਚ ਨਾਂ ਛੋਟਾ ਕਰ ਦਿੱਤਾ ਗਿਆ, ਕਸਤੂਰਬਾ ਕਿਹਾ ਜਾਣ ਲੱਗਾ। ਮੋਹਨਦਾਸ ਅਤੇ ਕਸਤੂਰਬਾ ਦੇ 4 ਔਲਾਦਾਂ ਹੋਈਆਂ ਜੋ ਕਿ ਸਾਰੇ ਪੁੱਤਰ ਸਨ। ਹਰੀਲਾਲ ਗਾਂਧੀ, ਮਣੀਲਾਲ ਗਾਂਧੀ, ਰਾਮਦਾਸ ਗਾਂਧੀ ਅਤੇ ਦੇਵਦਾਸ ਗਾਂਧੀ।  ਸਥਾਨਕ ਸਕੂਲਾਂ ‘ਚ ਪੜ੍ਹਾਈ ਕਰਨ ਤੋਂ ਬਾਅਦ ਸਾਲ 1888 ‘ਚ ਗਾਂਧੀ ਜੀ ਵਕਾਲਤ ਦੀ ਪੜ੍ਹਾਈ ਕਰਨ ਲਈ ਲੰਡਨ ਗਏ। ਜੂਨ 1891 ਵਿਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। ਗਾਂਧੀ ਦੇ ਅਫਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ ‘ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੀ ਰੰਗ-ਭੇਦ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ ਵਿਚ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਗੂੰਜ ਭਾਰਤ ਤਕ ਪਹੁੰਚ ਚੁੱਕੀ ਸੀ। 1915 ‘ਚ ਭਾਰਤ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਨੇ ਗੁਜਰਾਤ ਦੇ ਅਹਿਮਦਾਬਾਦ ‘ਚ ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਲੱਗਦਾ ਸੀ। ਆਪਣੀ ਆਦਤ ਮੁਤਾਬਕ ਗਾਂਧੀ ਨੇ ਖੁਦ ਹੀ ਸਫਾਈ ਦਾ ਕੰਮ ਆਪਣੇ ਹੱਥਾਂ ‘ਚ ਲਿਆ ਸੀ। ਭਾਰਤ ਆਉਣ ਤੋਂ ਬਾਅਦ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੋਣ ਵਾਲੇ ਜਨਤਕ ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਸ਼ੁਰੂ ਕੀਤਾ। ਭਾਰਤ ‘ਚ ਉਨ੍ਹਾਂ ਨੇ ਪਹਿਲੀ ਮਹੱਤਵਪੂਰਨ ਸਿਆਸੀ ਕਾਰਵਾਈ 1917 ‘ਚ ਬਿਹਾਰ ਦੇ ਚੰਪਾਰਣ ਤੋਂ ਨੀਲ ਅੰਦੋਲਨ ਦੀ ਸ਼ੁਰੂਆਤ ਤੋਂ ਕੀਤੀ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂਧੀ ਨੇ ਦੁੱਖ ਭਰੇ ਬ੍ਰਿਟਿਸ਼ ਕਾਨੂੰਨ ਤੋਂ ਮੁਕਤੀ ਦਿਵਾਈ। 1919 ‘ਚ ਜਲਿਆਂਵਾਲਾ ਬਾਗ ‘ਚ ਹਜ਼ਾਰਾਂ ਨਿਹੱਥੇ ਭਾਰਤੀ ਦਾ ਕਤਲੇਆਮ ਹੋਇਆ। ਦੇਸ਼ ਨੂੰ ਵੱਡਾ ਦੁੱਖ ਪਹੁੰਚਿਆ, ਜਿਸ ਨਾਲ ਜਨਤਾ ਵਿਚ ਗੁੱਸਾ ਅਤੇ ਹਿੰਸਾ ਦੀ ਅੱਗ ਭੜਕ ਉਠੀ। ਗਾਂਧੀ ਜੀ ਨੂੰ ਇਸ ਦਾ ਡੂੰਘਾ ਦੁੱਖ ਪਹੁੰਚਿਆ, ਇਸ ਲਈ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਰੌਲਟ ਐਕਟ ਵਿਰੁੱਧ ‘ਸਵਿਨਯ ਅਵਗਿਆ ਅੰਦੋਲਨ’ ਦੀ ਸ਼ੁਰੂਆਤ ਕੀਤੀ।
ਸਤੰਬਰ 1924 ਵਿਚ ਗਾਂਧੀ ਨੇ ਹਿੰਦੂ-ਮੁਸਲਿਮ ਏਕਤਾ ਲਈ 21 ਦਿਨ ਦਾ ਵਰਤ ਰੱਖਿਆ ਸੀ। ਸਾਲ 1930 ‘ਚ ਗਾਂਧੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਦਾਂਡੀ ਮਾਰਚ ਸ਼ੁਰੂ ਕੀਤੀ। ‘ਨਮਕ ਸੱਤਿਆਗ੍ਰਹਿ’ ਨਾਂ ਤੋਂ ਮਸ਼ਹੂਰ ਗਾਂਧੀ ਜੀ ਦੀ ਕਰੀਬ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਉਨ੍ਹਾਂ ਨੇ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ।
ਗਾਂਧੀ ਨੇ 1942 ‘ਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ। 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ। ਹਾਲਾਂਕਿ ਆਜ਼ਾਦੀ ਦੇ ਨਾਲ ਹੀ ਦੇਸ਼, ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ‘ਚ ਵੰਡਿਆ ਗਿਆ। 30 ਜਨਵਰੀ 1948 ਨੂੰ ਇਕ ਹਿੰਦੂ ਕਟੜਪੰਥੀ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮਹਾਤਮਾ ਗਾਂਧੀ ਦੇ ਕੁਝ ਅਜਿਹੇ ਅਨਮੋਲ ਵਿਚਾਰ  ਜਿਨ੍ਹਾਂ  ਨੂੰ ਆਪਣੀ ਜ਼ਿੰਦਗੀ  ਵਿੱਚ ਅਮਲ ‘ਚ ਲਿਆਉਣ ਦੀ ਲੋੜ ਹੈ-

 • ਜੋ ਤੁਸੀਂ ਅੱਜ ਕੀਤਾ ਹੈ ਉਹ ਕੱਲ੍ਹ ਉੱਤੇ ਨਿਰਭਰ ਕਰਦਾ ਹੈ ਅਤੇ ਤੁਹਾਡਾ ਕੱਲ੍ਹ ਤੁਹਾਡਾ ਭਵਿੱਖ ਹੈ ਇਸ ਲਈ ਅੱਜ ਇਸ ਉੱਤੇ ਪੂਰਾ ਧਿਆਨ ਦੋ ਤਾਂ ਕੀ ਤੁਹਾਡਾ ਭਵਿੱਖ ਚੰਗਾ ਬਣ ਸਕੇ।
 • ਦੁਨੀਆਂ ਵਿੱਚ ਜਿੰਨੇ ਵੀ ਵਿਚਾਰ ਹਨ ਉਨ੍ਹਾਂ ਵਿੱਚੋਂ ਸਿਰਫ਼ ਇੱਕ ਜ਼ਿੰਦਾ ਰਹੇਗਾ ਉਹ ਸੱਚ ਤੁਹਾਨੂੰ ਆਪਣੇ ਆਪ ਨੂੰ ਜਾਣਨ ਦੇ ਲਈ ਸਭ ਤੋਂ ਚੰਗਾ ਤਰੀਕਾ ਹੈ।
 • ਦੂਜਿਆਂ ਦੀ ਸੇਵਾ ਕਰਨਾ ਮੇਰਾ ਮਨ ਮੇਰਾ ਮੰਦਿਰ ਹੈ ਮੈਂ ਕਿਸੇ ਨੂੰ ਵੀ ਆਪਣੇ ਗੰਦੇ ਪੈਰ ਆਪਣੇ ਮਨ ਦੇ  ਵਿੱਚ ਲੈ ਕੇ ਨਹੀਂ ਆਣ ਦੇਵਾਂਗਾ।
 • ਜਦੋਂ ਤੱਕ ਤੁਸੀਂ ਕਿਸੇ ਨੂੰ ਸੱਚੀ ਵਿਚ ਨਹੀਂ ਖੋ ਦਿੰਦੇ ਉਦੋਂ ਤੱਕ ਤੁਸੀਂ ਉਸ ਦੀ ਅਹਿਮੀਅਤ ਨਹੀਂ ਸਮਝ ਸਕਦੇ।
 • ਪਿਆਰ ਦੁਨੀਆਂ  ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਪਿਆਰ ਨੂੰ ਅਸੀਂ ਸਿਰਫ ਨਿਮਰਤਾ ਨਾਲ ਹੀ ਪਾ ਸਕਦੇ ਹਾਂ ਗੁੱਸੇ ਨਾਲ ਨਹੀਂ ਪਿਆਰ ਨਾਲ ਅਸੀਂ ਦੁਨੀਆਂ ਦੀ ਕਿਸੇ ਵੀ ਚੀਜ਼ ਨੂੰ ਜਿੱਤ ਸਕਦੇ ਹਾਂ ।
 • ਪਹਿਲਾਂ ਲੋਕ ਤੁਹਾਨੂੰ ਅਣਡਿੱਠਾ ਕਰਨਗੇ ਫਿਰ ਤੁਹਾਡੇ ‘ਤੇ ਹੱਸਣਗੇ ਫਿਰ ਤੁਹਾਡੇ ਨਾਲ ਲੜਨਗੇ ਅਤੇ ਫਿਰ ਤੁਸੀਂ ਜਿੱਤ ਜਾਓਗੇ ।
 • ਸਾਰੇ ਧਰਮ ਇਕ ਹੀ ਸਿੱਖਿਆ ਦਿੰਦੇ ਹਨ ਬਸ ਉਨ੍ਹਾਂ ਦਾ ਦੇਖਣ ਦਾ ਨਜ਼ਰੀਆ ਵੱਖਰਾ ਵੱਖਰਾ ਹੈ।
 • ਇਸ ਤਰ੍ਹਾਂ ਜ਼ਿੰਦਗੀ ਜੀਓ ਜਿਵੇਂ ਤੁਸੀਂ ਕੱਲ੍ਹ ਮਰਨ ਵਾਲੇ ਹੋ ਇਸ ਤਰ੍ਹਾਂ ਸਿੱਖੋ ਜਿਵੇਂ ਤੁਸੀਂ ਸਾਲਾਂ ਤਕ ਜਿਉਣ ਵਾਲੇ ਹੋ ।
 • ਆਪਣੀ ਵਿਨਮਰਤਾ ਦੇ ਨਾਲ ਤੁਸੀਂ ਪੂਰੀ ਦੁਨੀਆਂ ਨੂੰ ਹਿਲਾ ਸਕਦੇ ਹੋ ਇਕ ਚੰਗਾ ਇਨਸਾਨ ਸਾਰੇ ਜੀਵਾਂ ਦਾ ਦੋਸਤ ਹੁੰਦਾ ਹੈ।
 • ਕਮਜ਼ੋਰ ਕਦੀ ਵੀ ਮੁਆਫ਼ ਨਹੀਂ ਕਰ ਸਕਦੇ ਮਾਫ਼ ਕਰਨਾ ਤਾਂ ਤਾਕਤਵਰ ਵਿਅਕਤੀ ਦੀ ਖਾਸੀਅਤ ਹੈ।
 • ਜਿਸ ਦਿਨ ਪਿਆਰ ਦੀ ਸ਼ਕਤੀ ਸ਼ਕਤੀ ਦੇ ਪ੍ਰਤੀ ਪ੍ਰੇਮ ਉੱਤੇ ਹਾਵੀ ਹੋ ਜਾਵੇਗੀ ਦੁਨੀਆਂ ਦੇ ਵਿੱਚ ਸ਼ਾਂਤੀ ਆ ਜਾਵੇਗੀ ।
 • ਜਦੋਂ ਤਕ ਗਲਤੀ ਕਰਨ ਦੀ ਸੁਤੰਤਰਤਾ ਨਾ ਹੋਵੇ ਉਦੋਂ ਤਕ ਸੁਤੰਤਰਤਾ ਦਾ ਕੋਈ ਮਤਲਬ ਨਹੀਂ ਹੁੰਦਾ।
 • ਗੁਲਾਬ ਨੂੰ ਉਪਦੇਸ਼ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਸਿਰਫ  ਆਪਣੀ ਖੁਸ਼ਬੋ ਵਿਖੇਰਦਾ ਹੈ  ਗੁਲਾਬ ਦੀ ਖੁਸ਼ਬੂ ਹੀ ਉਸ ਦਾ ਸੁਨੇਹਾ ਹੈ।
 •   ਅਸੀਂ ਜਿਸ ਦੀ ਪੂਜਾ ਕਰਦੇ ਹਾਂ ਉਸ ਵਰਗੇ ਹੋ ਜਾਂਦੇ ਹਾਂ ਸ਼ਰੱਧਾ ਦਾ ਮਤਲਬ ਹੈ ਆਤਮ ਵਿਸ਼ਵਾਸ ਅਤੇ ਆਤਮ ਵਿਸ਼ਵਾਸ ਦਾ ਮਤਲਬ ਹੈ ਈਸ਼ਵਰ ਦੇ ਵਿੱਚ ਵਿਸ਼ਵਾਸ।
 •   ਕੁਝ ਲੋਕ ਸਫ਼ਲਤਾ ਦੇ ਸਿਰਫ਼ ਸੁਪਨੇ ਵੇਖਦੇ ਹਨ ਜਦਕਿ ਹੋਰ ਵਿਅਕਤੀ ਸੁਪਨੇ ਵੇਖਣ ਦੀ ਥਾਂ ਜਾਗਦੇ ਹਨ ਅਤੇ ਕੜੀ ਮਿਹਨਤ ਕਰਦੇ ਹਨ।

ਕਿਸਾਨਾਂ ਨੇ ਦਿੱਤਾ ਸੀ ਬਾਪੂ ਦਾ ਦਰਜਾ

ਚੰਪਾਰਨ ਦੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਚੁੱਕੇ ਮੋਹਨ ਦਾਸ ਨੇ ਕਿਸਾਨਾਂ ਦੇ ਦਰਦ ਨੂੰ ਲੈ ਕੇ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਕਿਸਾਨਾਂ ਨੂੰ ਇੱਕਜੁੱਟ ਕੀਤਾ। ਕਿਸਾਨਾਂ ਦੇ ਆਗੂ ਅਤੇ ਹਮਦਰਦ ਬਣੇ ਮਹਾਤਮਾ ਗਾਂਧੀ ਨੂੰ ਬਾਪੂ ਦਾ ਦਰਜਾ ਚੰਪਾਰਨ ਵਾਸੀਆਂ ਨੇ ਹੀ ਦਿੱਤਾ ਸੀ। ਨੀਲ ਦੀ ਖੇਤੀ ਦੇ ਖ਼ਿਲਾਫ਼ ਸ਼ੁਰੂ ਹੋਇਆ ਚੰਪਾਰਨ ਸੱਤਿਆਗ੍ਰਹਿ ਭਾਰਤੀ ਸੁਤੰਰਤਾ ਸੰਘਰਸ਼ ਲਈ ਮੀਲ ਦਾ ਪੱਥਰ ਸਾਬਿਤ ਹੋਇਆ। ਕਾਂਗਰਸ ਦੇ ਲਖਨਊ ਸੈਸ਼ਨ ‘ਚ ਚੰਪਾਰਨ ਦੇ ਕਿਸਾਨਾਂ ਦਾ ਦਰਦ ਸੁਣਨ ਤੋਂ ਬਾਅਦ ਮਹਾਤਮਾ ਗਾਂਧੀ 11 ਅਪ੍ਰੈਲ 1917 ਨੂੰ ਮੋਤੀਹਾਰੀ ਪਹੁੰਚੇ ਸੀ। ਗੁਜਰਾਤ ਦੇ ਕਾਠੀਆਵਾੜ ਤੋਂ ਮੋਤੀਹਾਰੀ ਸਟੇਸ਼ਨ ‘ਤੇ ਪਹੁੰਚੇ ਮੋਹਨ ਦਾਸ ਨਾਲ ਡਾ. ਰਾਜਿੰਦਰ ਪ੍ਰਸਾਦ ਵੀ ਮੌਜੂਦ ਸਨ। ਚੰਪਾਰਨ ਦੇ ਪਿੰਡਾਂ ‘ਚ ਪਹੁੰਚਣ ‘ਤੇ ਬਾਪੂ ਨੇ ਨਾ ਸਿਰਫ਼ ਕਿਸਾਨਾਂ ਦਾ ਦਰਦ ਮਹਿਸੂਸ ਕੀਤਾ, ਬਲਕਿ ਉਨ੍ਹਾਂ ਦੀ ਗ਼ਰੀਬੀ ਨੂੰ ਨੇੜਿਓਂ ਦੇਖਿਆ। ਇਸ ਦੇ ਨਾਲ ਹੀ ਸਿੱਖਿਆ ਦੀ ਕਮੀ ਹੋਣ ਕਾਰਨ ਕਿਸਾਨਾਂ ਦੇ ਹੋ ਰਹੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਦੇਖਿਆ। ਮਹਾਤਮਾ ਗਾਂਧੀ ਨੇ ਸਮਾਜਿਕ ਅੰਦੋਲਨ ਤੇ ਫ਼ਿਰ ਜਨ-ਜਨ ਅੰਦੋਲਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਰਿਵਾਇਤੀ ਪਹਿਰਾਵੇ ਨੂੰ ਬਦਲ ਦਿੱਤਾ। ਉਨ੍ਹਾਂ ਨੇ ਆਪਣੇ ਜਿਸਮ ‘ਤੇ ਸਿਰਫ਼ ਧੋਤੀ ਬੰਨ੍ਹ ਕੇ ਰਹਿਣ ਦਾ ਅਹਿਦ ਲਿਆ। ਚੰਪਾਰਨ ਦੇ ਕਿਸਾਨਾਂ ਦਾ ਦਰਦ ਦੇਖ ਕੇ ਬਾਪੂ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ, ਇਸ ਦੌਰਾਨ ਉਹ ਕਿਸਾਨਾਂ ਨੂੰ ਇੱਕਜੁੱਟ ਕਰਨ ਵਿੱਚ ਵੀ ਕਾਮਯਾਬ ਰਹੇ। ਕਿਸਾਨਾਂ ਦਾ ਹਮਦਰਦ ਬਣੇ ਮੋਹਨ ਦਾਸ ਨੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ। ਚੰਪਾਰਨ ਵਾਸੀਆਂ ਨੇ ਇਸ ਤੋਂ ਬਾਅਦ ਤੋਂ ਹੀ ਗਾਂਧੀ ਨੂੰ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ। ਨੀਲ ਦੀ ਖੇਤੀ ਤੋਂ ਪਰੇਸ਼ਨ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਅੰਗਰੇਜ਼ੀ ਸੱਤਾ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ। ਉੱਧਰ ਕਿਸਾਨਾਂ ਦੇ ਇੱਕਜੁੱਟ ਹੋਣ ਕਾਰਨ ਅੰਗਰੇਜ਼ੀ ਸੱਤਾ ਬੁਰੀ ਤਰ੍ਹਾਂ ਘਬਰਾ ਗਈ, ਅਤੇ ਬਾਪੂ ਨੂੰ ਚੰਪਾਰਨ ਛੱਡਣ ਦਾ ਫ਼ਰਮਾਨ ਸੁਣਾ ਦਿੱਤਾ। ਐਸਡੀਓ ਕੋਰਟ ‘ਚ ਹਾਜ਼ਰੀ ਲਾਉਣ ਦੌਰਾਨ ਮਹਾਤਮਾ ਗਾਂਧੀ ਦੇ ਹਜ਼ਾਰਾਂ ਸਮਰਥਕ ਕੋਰਟ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਜੈਕਾਰੇ ਲਗਾਉਣ ਲੱਗੇ, ਜਿਸ ਕਾਰਨ ਮਜਬੂਰਨ ਅਦਾਲਤ ਨੂੰ ਮਹਾਤਮਾ ਗਾਂਧੀ ਨੂੰ ਰਿਹਾਅ ਕਰਨਾ ਪਿਆ। ਰਿਹਾਈ ਤੋਂ ਬਾਅਦ ਉਹ ਸਮਾਜਿਕ ਬਦਲਾਅ ਤੋਂ ਬਿਨਾਂ ਅੰਦੋਲਨ ਨੂੰ ਜਿੱਤ ਪਾਉਣ ‘ਚ ਆਪਣੇ ਆਪ ਅਸਮਰੱਥ ਮਹਿਸੂਸ ਕਰਨ ਲੱਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸਿੱਖਿਆ ਦੇਣ ਲਈ ਇੱਕ ਤੋਂ ਬਾਅਦ ਇੱਕ 11 ਸਕੂਲਾਂ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਗੰਦਗੀ ਤੋਂ ਪਿੰਡਾਂ ਨੂੰ ਨਿਜਾਤ ਦਿਵਾਉਣ ਲਈ ਸਫ਼ਾਈ ਦਾ ਮਹੱਤਵ ਲੋਕਾਂ ਨੂੰ ਸਮਝਾਇਆ, ਅਤੇ ਨਾਲ ਹੀ ਪਿੰਡਾਂ ‘ਚ ਸਫ਼ਾਈ ਮੁਹਿੰਮ ਵੀ ਚਲਾਈ। ਨੀਲ ਦੀ ਖੇਤੀ ਖ਼ਿਲਾਫ਼ ਕਿਸਾਨਾਂ ਦੇ ਇੱਕਜੁੱਟ ਹੋਣ ਤੋਂ ਅੰਗਰੇਜ਼ੀ ਸੱਤਾ ਘਬਰਾ ਗਈ, ਜਿਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਤਿੰਨਕਠੀਆ ਸਿਸਟਮ ਨੂੰ ਖ਼ਤਮ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵੀ ਵਾਪਸ ਕੀਤੀਆਂ।

-ਜਸ਼ਨਪ੍ਰੀਤ ਕੌਰ

Comment here