ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਬਾਦਲ ਦਲ ਦਾ ਭਵਿੱਖ, ਮਾਨ ਦੀ ਜਿੱਤ ਤੇ ਆਪ ਦੀ ਕੇਂਦਰੀ ਰਾਜਨੀਤੀ 

ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਬਾਅਦ ਸ਼ੋ੍ਮਣੀ ਅਕਾਲੀ ਦਲ ਵਿਚ ਆਗੂ ਤਬਦੀਲ ਕਰਨ ਦੀਆਂ ਆਵਾਜ਼ਾਂ ਜਥੇਦਾਰ ਸੁਖਦੇਵ ਸਿੰਘ ਭੌਰ ,ਬੀਬੀ ਕਿਰਨਜੋਤ ਕੌਰ ,ਕਰਨੈਲ ਸਿੰਘ ਪੰਜੋਲੀ ਆਦਿ ਵਲੋਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸ਼ੋਸ਼ਲ ਮੀਡੀਆ ਉਪਰ ਇਹ ਅਫਵਾਹ ਫੈਲੀ ਸੀ ਕਿ ਸੁਖਬੀਰ ਸਿੰਘ ਬਾਦਲ  ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਗੇ।ਪਰ ਇਸ ਚਰਚਾ ਨੂੰ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਭਾਵੇਂ ਅਫ਼ਵਾਹਾਂ ਦੱਸਿਆ ਹੈ ਪਰ ਮਾਮਲਾ ਜ਼ਿਆਦਾ ਗੰਭੀਰ ਦਿਖਾਈ ਦਿੰਦਾ ਹੈ। ਬਾਦਲ ਪਰਿਵਾਰ ਕਾਰਣ ਅਕਾਲੀ ਦਲ ਸੰਕਟ ਵਿਚ ਹੈ।ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਨੇ ਆਪਣੇ ਤਰੀਕੇ ਨਾਲ ਆਗੂ ਤਬਦੀਲ ਕਰਨ ਦਾ ਵਿਚਾਰ  ਪ੍ਰਗਟਾਇਆ  ਹੈ। ਉਸ ਨੇ ਤਿੰਨ ਆਗੂਆਂ ਮਨਪ੍ਰੀਤ ਸਿੰਘ ਇਯਾਲੀ, ਰਵੀਕਰਨ ਸਿੰਘ ਕਾਹਲੋਂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਵਿਚ ਪ੍ਰਮੁੱਖ ਸਥਾਨ ਦੇਣ ਦੀ ਵਕਾਲਤ ਕੀਤੀ ਹੈ। ਜਗਮੀਤ ਸਿੰਘ ਨੇ ਸ਼ੋ੍ਮਣੀ ਕਮੇਟੀ ਵਿਚ ਸਹਿਜਧਾਰੀਆਂ ਦੀ ਵੋਟ ਨੂੰ ਸਵੀਕਾਰ ਕਰਨ ਦੀ ਗੱਲ ਕਰਕੇ ਨਵੀਂ ਬਹਿਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਇਸ ਸਹਿਜਧਾਰੀ ਬਹਿਸ ਨੂੰ ਪੰਥਕ ਹਲਕਿਆਂ ਵਿਚ ਪਸੰਦ ਨਹੀਂ ਕੀਤਾ ਜਾ ਰਿਹਾ।
ਯਾਦ ਰਹੇ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ ਤਿੰਨ ਵਿਧਾਇਕਾਂ ਤੱਕ ਸਿਮਟ ਜਾਣ ਪਿੱਛੋਂ ਪਾਰਟੀ ਨੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ 13 ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਪਾਰਟੀ ਕਾਰਕੁਨਾਂ ਦੀ ਰਾਇ ਜਾਨਣ ਤੋਂ ਬਾਅਦ ਆਪਣੀ ਰਿਪੋਰਟ ਕੋਰ ਕਮੇਟੀ ਨੂੰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਮੇਟੀ ਨੇ ਕਾਰਕੁਨਾਂ ਦੀ ਰਾਇ ਮੁਤਾਬਿਕ ਲੀਡਰਸ਼ਿਪ ਵਿਚ ਤਬਦੀਲੀ ਦੀ ਸਿਫ਼ਾਰਿਸ਼ ਕੀਤੀ ਹੈ। ਨਿੱਜੀ ਤੌਰ ਉੱਤੇ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਦਾ ਵੀ ਮੰਨਣਾ ਹੈ ਕਿ ਤਬਦੀਲੀ ਤੋਂ ਬਿਨਾਂ ਅਕਾਲੀ ਦਲ ਹੋਰ ਸੰਕਟ ਵਿਚ ਆਵੇਗਾ। ਪੰਥ ਤੇ ਪੰਜਾਬੀਆਂ  ਦੀ ਹਮਾਇਤ ਮਿਲਣੀ ਅਸੰਭਵ  ਹੈ। ਪਾਰਟੀ ਵਿਚ ਬਗਾਵਤ ਦੇ ਚਿੰਨ ਦਿਖਾਈ ਦੇ ਰਹੇ ਹਨ।ਬਾਦਲ ਪਰਿਵਾਰ ਦਾ  ਦਬਦਬਾ ਖਤਮ ਹੋ ਰਿਹਾ ਹੈ। ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ  ਹੁਣ ਅਕਾਲੀ ਦਲ ਨੂੰ ਢਾਹ ਲਗਾਉਣ ਲਈ ਬਾਦਲ ਦਲ ਦੇ ਸੀਨੀਅਰ ਨੇਤਾਵਾਂ ਨੂੰ ਬਗਾਵਤ ਕਰਨ ਲਈ ਉਕਸਾ ਰਹੀ ਹੈ ਤੇ ਭਾਜਪਾ ਵਿਚ ਸ਼ਾਮਿਲ ਕਰਨ ਦੀ ਮੁਹਿੰਮ ਚਲਾ ਰਹੀ ਹੈ।ਬਾਦਲ ਦਲ ਨੇ ਸੰਗਰੂਰ ਦੀ ਚੋਣ ਵਿਚ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਪੰਥਕ ਮੁੱਦੇ ਕਾਰਨ ਵੋਟਾਂ ਪੈਣ ਦੀ ਉਮੀਦ ਰੱਖੀ ਗਈ ਸੀ ਪਰ ਵੋਟਾਂ ਦਾ ਵਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਲ ਚਲਾ ਗਿਆ।ਇਸ ਤੋਂ ਜਾਹਿਰ ਹੈ ਕਿ ਬਾਦਲ ਪਰਿਵਾਰ ਪੰਥ ਵਿਚੋਂ ਆਪਣਾ ਪ੍ਰਭਾਵ ਖਤਮ ਕਰ ਚੁਕਾ ਹੈ।
ਪੰਥਕ ਸਿਆਸਤ ਦੇ ਜਾਣਕਾਰ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਇਹ ਪ੍ਰਵਾਨ ਕਰਦੇ  ਹਨ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਬਾਦਲ ਪਰਿਵਾਰ ਤੋਂ ਰਹਿਤ ਹੋ ਜਾਵੇ ਅਜੇ ਵੀ ਸਿਆਸੀ ਮੈਦਾਨ ਵਿਚ ਠੋਸ ਭੂਮਿਕਾ ਨਿਭਾਅ ਸਕਦਾ ਹੈ। ਸੰਗਰੂਰ ਚੋਣ ਦੇ ਨਤੀਜਿਆਂ ਤੋਂ ਆਗੂ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਪੰਥਕ ਸਿਆਸਤ ਅੰਦਰ ਖਲਾਅ ਕਾਰਨ ਹੀ ਵੋਟਰਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਦੇਣਾ ਬਿਹਤਰ ਸਮਝਿਆ ਹੈ; ਉਹ ਇਸ ਨੂੰ ਉਹ ਅਸਥਾਈ ਫ਼ੈਸਲਾ ਪ੍ਰਵਾਨ ਕਰ ਰਹੇ ਹਨ। ਮਾਨ ਦੀ ਜਿੱਤ ਨੇ ਪੰਜਾਬ ਅੰਦਰ ਨਵੇਂ ਸਿਆਸੀ ਸਮੀਕਰਨਾਂ ਦਾ ਰਾਹ ਤਿਆਰ ਕੀਤਾ ਹੈ ਤੇ ਕੇਂਦਰ ਦੀ ਰਾਸ਼ਟਰਵਾਦੀ ਰਾਜਨੀਤੀ ਦੀ ਫੂਕ ਕੱਢੀ ਹੈ। ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਕੁਝ ਮਹੱਤਵਪੂਰਨ ਗੱਲਾਂ ਕਹੀਆਂ।
1. ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਜਰਨੈਲ ਸਿੰਘ ਭਿੰਡਰਾਂਵਾਲੇ, 84ਵਿਆਂ ਦੇ ਸੰਘਰਸ਼ ਵਿਚਲੇ ਖਾੜਕੂਆਂ, ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਹੁਰਾਂ ਨੂੰ ਦਿੱਤਾ…
2. ਉਹ ਸਪਸ਼ਟ ਰੂਪ ਵਿਚ ਹਿੰਦ ਹਕੂਮਤ ਨੂੰ ਸੰਬੋਧਨ ਹੋਏ ਤੇ ਸਿੱਖਾਂ ਸਮੇਤ ਬਾਕੀ ਘੱਟ ਗਿਣਤੀਆਂ ਦੀ ਗੱਲ ਕੀਤੀ.
3. ਵਾਹਘਾ ਬਾਰਡਰ ਵਪਾਰ ਹਿਤ ਖੁਲਵਾਉਣ ਦੀ ਗੱਲ ਕੀਤੀ.
4. ਭਾਰਤ ਦੀ ਰੱਖਿਆ ਤੇ ਵਿਦੇਸ਼ ਨੀਤੀ ਤੇ ਅਦਾਲਤੀ ਪ੍ਰਬੰਧ ਉੱਪਰ ਪ੍ਰਸ਼ਨ ਚਿੰਨ੍ਹ ਲਗਾਏ.
5. ਭਾਰਤ ਅੰਦਰ ਧਾਰਮਿਕ ਆਜ਼ਾਦੀ ਦਾ ਸਵਾਲ ਉਠਾਇਆ.
ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਅਕਾਲੀ ਦਲ ਅਪਣਾਏ।. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਇਕੱਲੇ ਪੰਜਾਬ ਜਾਂ ਸਿੱਖਾਂ ਲਈ ਹੀ ਮਹੱਤਵਪੂਰਨ ਨਹੀਂ, ਬਲਕਿ ਇਹ ਸਮੁੱਚੇ ਭਾਰਤ ਅੰਦਰ ਘੱਟ ਗਿਣਤੀਆਂ ਦੀ ਰਾਜਨੀਤੀ, ਖ਼ਾਸ ਕਰਕੇ ਪ੍ਰਤੀਰੋਧੀ ਰਾਜਨੀਤੀ, ਜਿਵੇਂ ਕਿ ਕਸ਼ਮੀਰ, ਮਿਜ਼ੋਰਮ, ਨਗਾਲੈਂਡ, ਨਕਸਲ ਪ੍ਰਭਾਵਿਤ ਖ਼ੇਤਰ ਆਦਿ ਲਈ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਏਗੀ।ਇਹ ਵਿਚਾਰ ਸਭਿਅਤਾਵਾਂ ਦੀ ਲੜਾਈ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਮੁਦਿਆਂ  ਦੇ ਰੂਪ ਵਿਚ ਕੌਮਾਂਤਰੀ ਪਧਰ ਉਪਰ ਦਰਜ ਹੋਣਗੇ। ਆਮ ਆਦਮੀ ਪਾਰਟੀ ਦਾ ਘੱਟੋ-ਘੱਟ ਪੰਜਾਬ ਕਾਡਰ ਆਪਣੀ ਪਾਰਟੀ ਕਰਕੇ ਨਾ ਸਿਰਫ਼ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੋਂ ਮੁਨਕਰ ਹੋਇਆ, ਸਗੋਂ ਇਨ੍ਹਾਂ ਨੇ ਸਿੱਖੀ ਦਾ ਵੀ ਅਚੇਤ/ਸੁਚੇਤ ਪੱਧਰ ਤੇ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜਦੋਂ ਕਿ ਭਾਜਪਾ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਵਿਚ ਇਹ ਰੁਝਾਨ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਮੈਨੂੰ ਇਹ ਗੱਲ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਆਮ ਆਦਮੀ ਪਾਰਟੀ ਭਵਿੱਖ ਵਿਚ ਪੰਜਾਬ ਲਈ ਭਾਜਪਾ ਜਾਂ ਸੰਘ ਪਰਿਵਾਰ ਤੋਂ ਵੀ ਜ਼ਿਆਦਾ ਖਤਰਨਾਕ ਨੁਕਸਾਨਦਾਇਕ ਸਾਬਤ ਹੋਵੇਗੀ ਤੇ ਇਸ ਨੁਕਸਾਨ ਦੇ ਜਿੰਮੇਵਾਰ ਅਸੀਂ ਆਪ ਪੰਜਾਬੀ ਹੋਵਾਂਗੇ। ਸਾਨੂੰ ਪੰਜਾਬ ਦੇ ਭਵਿੱਖ ਤੇ ਹਸਤੀ ਉਪਰ ਪਹਿਰਾ ਦੇਣਾ ਚਾਹੀਦਾ ਹੈ। ਸੁਆਲ ਇਹ ਹੈ ਕਿ ਸ਼ੋ੍ਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਕਾਲੀ ਦਲ ਦੇ ਵਾਜੂਦ ਨੂੰ ਕਿਵੇਂ ਬਚਾਉਂਦੀ ਹੈ ਕਿਵੇਂ ਪੰਥ ਤੇ ਪੰਜਾਬ ਦੀ ਅਗਵਾਈ ਕਰਦੀ ਹੈ।                             –ਰਜਿੰਦਰ ਸਿੰਘ ਪੁਰੇਵਾਲ

Comment here