ਸਿਆਸਤਖਬਰਾਂਚਲੰਤ ਮਾਮਲੇ

ਬਾਦਲ ਦਲ ‘ਚ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨੇ ਫੜਿਆ ਜ਼ੋਰ

ਲੰਬੀ-ਰਾਸ਼ਟਰਪਤੀ ਦੀ ਚੋਣ ਮੌਕੇ ਅਕਾਲੀ ਦਲ ਵਲੋਂ ਭਾਜਪਾ ਉਮੀਦਵਾਰ ਦੀ ਹਮਾਇਤ ਦੇ ਮੁੱਦੇ ‘ਤੇ ਪਾਰਟੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਚੋਣ ਦੇ ਬਾਈਕਾਟ ਦੇ ਲਏ ਫ਼ੈਸਲੇ ਨੇ ਉਨ੍ਹਾਂ ਸਾਰੇ ਮੁੱਦਿਆਂ ਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ, ਜੋ ਪਾਰਟੀ ਦੀ 13 ਮੈਂਬਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਹਿੱਸਾ ਹਨ ਪਰ ਇਨ੍ਹਾਂ ਨੂੰ ਹੁਣ ਤੱਕ ਪਾਰਟੀ ਪੱਧਰ ‘ਤੇ ਵਿਚਾਰਿਆ ਨਹੀਂ ਗਿਆ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਵੀ ਕਿਹਾ ਕਿ ਅਕਾਲੀ ਦਲ ਜਿਸ ਦਾ ਗੌਰਵਮਈ ਇਤਿਹਾਸ ਹੈ, ਮਗਰਲੇ ਕੁਝ ਸਮੇਂ ਦੌਰਾਨ ਪਾਰਟੀ ਵਿਚ ਜਿਵੇਂ ਨਿਘਾਰ ਆਇਆ ਹੈ ਉਹ ਸਮੁੱਚੇ ਪੰਜਾਬੀਆਂ ਤੇ ਪੰਥ ਦਰਦੀਆਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸੇ ਪਾਰਟੀ ਨੇ ਅੱਜ ਤੱਕ ਪੰਜਾਬ ਤੇ ਸਿੱਖਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਅੱਜ ਵੀ ਇਸੇ ਪਾਰਟੀ ਤੋਂ ਹੀ ਲੋਕਾਂ ਨੂੰ ਆਸਾਂ ਹਨ। ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਨੂੰ ਮੁੜ ਖੜ੍ਹਾ ਕਰਨ ਲਈ ਕਾਫ਼ੀ ਵਿਚਾਰ ਚਰਚਾ ਤੋਂ ਬਾਅਦ ਪਾਰਟੀ ਦੀ 13 ਮੈਂਬਰੀ ਕਮੇਟੀ ‘ਵਿਚ ਵਡਮੁੱਲੀਆਂ ਸਿਫ਼ਾਰਸ਼ਾਂ ਕੀਤੀਆਂ, ਜਿਨ੍ਹਾਂ ਵਿਚ ਇਕ ਪਰਿਵਾਰ ਨੂੰ ਇਕ ਟਿਕਟ ਦੇਣ ਤੇ 2 ਵਾਰ ਤੋਂ ਵੱਧ ਕਿਸੇ ਨੂੰ ਪਾਰਟੀ ਪ੍ਰਧਾਨ ਨਾ ਬਣਾਉਣ ਵਰਗੀਆਂ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੈਂ ਤਾਂ ਕੋਰ ਕਮੇਟੀ ਦੀ ਮੀਟਿੰਗ ‘ਵਿਚ ਵੀ ਰਾਸ਼ਟਰਪਤੀ ਚੋਣ ਲਈ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ‘ਤੇ ਕਿਹਾ ਸੀ ਕਿ ਜੋ ਸਰਕਾਰ ਸਾਡੇ ਮਸਲੇ ਹੱਲ ਕਰਨ ਲਈ ਦਿਲਚਸਪੀ ਨਹੀਂ ਦਿਖਾ ਰਹੀ ਅਤੇ ਸ਼੍ਰੋਮਣੀ ਕਮੇਟੀ ਦੇ ਪੱਤਰਾਂ ਦਾ ਜਵਾਬ ਤੱਕ ਨਹੀਂ ਦਿੰਦੀ, ਸਮਰਥਨ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਵਿਚਾਰ ਲੈਣੀਆਂ ਚਾਹੀਦੀਆਂ ਹਨ। ਪਾਰਟੀ ਦੇ ਹੋਰ ਆਗੂਆਂ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਯੂਥ ਆਗੂ ਰਵੀਕਰਨ ਸਿੰਘ ਕਾਹਲੋਂ ਅਤੇ ਸਰਬਜੋਤ ਸਿੰਘ ਸਾਬੀ (ਮੁਕੇਰੀਆਂ), ਤਲਬੀਰ ਸਿੰਘ ਗਿੱਲ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਸੰਤਾ ਸਿੰਘ ਉਮੈਦਪੁਰੀ ਵਲੋਂ ਵੀ ਕਿਹਾ ਗਿਆ ਕਿ ਇਯਾਲੀ ਵਲੋਂ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਨਾ ਦੇਣ ਦਾ ਉਠਾਇਆ ਗਿਆ ਮੁੱਦਾ ਪੰਥ ਤੇ ਪੰਜਾਬ ਦੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਕਾਂਗਰਸ ਤੇ ਹੁਣ ਭਾਜਪਾ ਦੀ ਕੇਂਦਰ ਵਿਚਲੀਆਂ ਸਰਕਾਰਾਂ ਵਲੋਂ ਪੰਜਾਬ ਦੇ ਮੁੱਦਿਆਂ ਪ੍ਰਤੀ ਬੇਪ੍ਰਵਾਹੀ ਦਿਖਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਚਾਹੀਦਾ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੇ ਜਿਸ ਨੂੰ ਪਾਰਟੀ ਪ੍ਰਧਾਨ ਵਲੋਂ ਬਣਾਈ ਕਮੇਟੀ ਨੇ ਕੋਈ 100 ਵਿਧਾਨ ਸਭਾ ਹਲਕਿਆਂ ਵਿਚੋਂ ਲੋਕਾਂ ਦੇ ਵਿਚਾਰ ਲੈ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਲਾਗੂ ਹੋਣ ਨਾਲ ਅਕਾਲੀ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਦੁਬਾਰਾ ਮਜ਼ਬੂਤ ਕੀਤਾ ਜਾ ਸਕੇਗਾ ਅਤੇ ਅਕਾਲੀ ਦਲ ਸਿਆਸੀ ਮੰਚ ‘ਤੇ ਦੁਬਾਰਾ ਉੱਤਰ ਕੇ ਸਾਹਮਣੇ ਆ ਸਕੇਗਾ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਅੰਦਰੋਂ ਉਠ ਰਹੀਆਂ ਸੁਧਾਰਵਾਦੀ ਆਵਾਜ਼ਾਂ ਤੋਂ ਬਾਅਦ  ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਝੂੰਦਾ ਕਮੇਟੀ ਦੀ ਰਿਪੋਰਟ ‘ਤੇ ਵਿਚਾਰ ਲਈ ਛੇਤੀ ਹੀ ਪਾਰਟੀ ਦੀ ਮੀਟਿੰਗ ਸੱਦੀ ਜਾਵੇਗੀ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਪਾਰਟੀ ਦੀ ਨੌਜਵਾਨ ਲੀਡਰਸ਼ਿਪ ਇਸ ਵੇਲੇ ਵਧੇਰੇ ਪ੍ਰੇਸ਼ਾਨ ਤੇ ਰੋਹ ‘ਚ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਦੇ ਕਮਜ਼ੋਰ ਪੈਣ ਕਾਰਨ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਪੈਂਦਾ ਨਜ਼ਰ ਆ ਰਿਹਾ ਹੈ।

Comment here