ਸਿਆਸਤਖਬਰਾਂ

ਬਾਦਲ ਤੇ ਕੈਪਟਨ ਨੇ ਸਰਕਾਰੀ ਖਜ਼ਾਨੇ ਦੀਆਂ ਉਡਾਈਆਂ ਧੱਜੀਆਂ

7 ਸਾਲਾਂ ਵਿਚ ਹੈਲੀਕਾਪਟਰਾਂ ਦੇ ਸਫ਼ਰ ’ਤੇ ਖ਼ਰਚ ਕੀਤੇ 22 ਕਰੋੜ ਰੁਪਏ
ਬਠਿੰਡਾ-ਬੀਤੇ ਦਿਨੀਂ ਜਾਗੋ ਦੇ ਸਕੱਤਰ ਸੰਜੀਵ ਗੋਇਲ ਵਲੋਂ ਆਰ. ਟੀ. ਆਈ. ਐਕਟ ਦੇ ਤਹਿਤ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਨੇ ਖੁਲਾਸਾ ਕੀਤਾ ਕਿ ਸਾਲ 2014 ਤੋਂ 2021 ਤੱਕ ਦੋਵਾਂ ਆਗੂਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਹੈਲੀਕਾਪਟਰ ਯਾਤਰਾ ’ਤੇ ਲਗਭਗ 22 ਕਰੋੜ ਰੁਪਏ ਖਰਚ ਕੀਤੇ ਹਨ। ਇਹ ਮਾਮਲਾ ਰਾਜ ਸੂਚਨਾ ਕਮਿਸ਼ਨ ਦੇ ਧਿਆਨ ਵਿਚ ਵੀ ਆਇਆ ਹੈ ਅਤੇ ਕਮਿਸ਼ਨ ਅਜੇ ਵੀ ਇਸ ਦੀ ਸੁਣਵਾਈ ਕਰ ਰਿਹਾ ਹੈ। ਆਰ.ਟੀ.ਆਈ ਰਿਪੋਰਟਾਂ ਅਨੁਸਾਰ, ਦੋਵਾਂ ਆਗੂਆਂ ਨੇ ਹੈਲੀਕਾਪਟਰ ਯਾਤਰਾ ’ਤੇ 21,73,99,473 (ਲਗਭਗ 22 ਕਰੋੜ ਰੁਪਏ) ਖਰਚ ਕੀਤੇ ਹਨ। ਅਜਿਹੀ ਸਥਿਤੀ ਵਿਚ ਹੈਲੀਕਾਪਟਰ ਉੱਤੇ ਹਰ ਸਾਲ ਲਗਭਗ 3 ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ। ਇਨ੍ਹਾਂ ਵਿਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014-15 ਦੌਰਾਨ 2.5 ਕਰੋੜ ਅਤੇ 2015-16 ਦੌਰਾਨ ਲਗਭਗ 3 ਕਰੋੜ ਰੁਪਏ ਹੈਲੀਕਾਪਟਰ ਯਾਤਰਾ ’ਤੇ ਖਰਚ ਕੀਤੇ। 2016-17 ਦੇ ਚੋਣ ਵਰ੍ਹੇ ਦੌਰਾਨ ਇਹ ਖਰਚ ਵੱਧ ਕੇ ਕਰੀਬ 5 ਕਰੋੜ ਹੋ ਗਿਆ। ਇਸੇ ਤਰ੍ਹਾਂ 2017-18 ਦੌਰਾਨ, ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰਾਂ ’ਤੇ 2 ਕਰੋੜ ਤੋਂ ਵੱਧ, 2018-19 ਦੌਰਾਨ ਲਗਭਗ 2.5 ਕਰੋੜ, 2019-20 ਦੌਰਾਨ 4 ਕਰੋੜ ਤੋਂ ਵੱਧ, 2020-21 ਦੌਰਾਨ 2 ਕਰੋੜ ਰੁਪਏ ਅਤੇ 2021-22 ਦੌਰਾਨ ਹੁਣ ਤਕ ਲਗਭਗ 71 ਲੱਖ ਰੁਪਏ ਹੈਲੀਕਾਪਟਰ ਯਾਤਰਾ ’ਤੇ ਖਰਚ ਕੀਤੇ ਜਾ ਚੁੱਕੇ ਹਨ। ਸੰਜੀਵ ਗੋਇਲ ਨੇ ਕਿਹਾ ਕਿ ਇਕ ਪਾਸੇ ਆਮ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਰ ਦੂਜੇ ਪਾਸੇ ਸਾਡੇ ਲੀਡਰ ਸਿਰਫ ਹਵਾਈ ਯਾਤਰਾ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ।

Comment here