ਨਵੀਂ ਦਿੱਲੀ-2024 ਵਿੱਚ ਹੋਣ ਵਾਲੀ ਲੋਕ ਸਭਾ ਚੋਣ ਦੀ ਹੁਣੇ ਹੀ ਤਿਆਰੀ ਸ਼ੁਰੂ ਹੋ ਗਈ ਹੈ। ਤੀਜਾ ਫਰੰਟ ਬਣਨ ਦੀ ਸੁਘਬੁਗਾਹਟ ਹੋ ਰਹੀ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਰਿਹਾਈ ਤੋਂ ਬਾਅਦ ਇੱਕ ਵਾਰ ਫਿਰ ਰਾਜਨੀਤੀ ਵਿੱਚ ਸਰਗਰਮ ਹੋ ਗਏ ਹਨ। ਤੀਜੇ ਮੋਰਚੇ ਦੇ ਗਠਨ ਦੀ ਕਵਾਇਦ ਦੇ ਵਿਚਕਾਰ 25 ਸਤੰਬਰ ਨੂੰ ਹਰਿਆਣਾ ਦੇ ਜੀਂਦ ਵਿੱਚ ਆਪਣੇ ਪਿਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਜਨਮ ਦਿਵਸ ਦੇ ਮੌਕੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ, ਬਿਹਾਰ ਦੇ ਮੁੱਖ ਮੰਤਰੀ ਅਤੇ ਜੇ.ਡੀ.ਯੂ. ਨੇਤਾ ਨਿਤੀਸ਼ ਕੁਮਾਰ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਮੰਚ ‘ਤੇ ਲਿਆਉਣਗੇ। ਇਨੈਲੋ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ ਦੇ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਅਤੇ ਆਰਐਲਡੀ ਨੇਤਾ ਜਯੰਤ ਚੌਧਰੀ ਨੂੰ ਵੀ ਇਸ ਮੌਕੇ ਇੱਕ ਵਿਸ਼ਾਲ ਰਾਜਨੀਤਿਕ ਰੈਲੀ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਯਾਦਵ, ਨਿਤੀਸ਼ ਕੁਮਾਰ, ਦੇਵਗੌੜਾ ਅਤੇ ਬਾਦਲ ਨੇ ਹਾਮੀ ਭਰ ਦਿੱਤੀ ਹੈ ਕਿ ਉਹ ਦੇਵੀ ਲਾਲ ਦੀ ਜਨਮ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣਗੇ। ਚੌਟਾਲਾ ਨੇ ਕਿਹਾ ਕਿ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਪਾਰਟੀਆਂ ਦੇ ਬਹੁਤ ਸਾਰੇ ਸਾਮਾਨ ਸੋਚ ਵਾਲੇ ਨੇਤਾ ਇੱਕ ਮੰਚ ‘ਤੇ ਇਕੱਠੇ ਹੋਣਗੇ ਅਤੇ ਅਜਿਹੇ ਮੁੱਦੇ ਉਠਾਉਣਗੇ ਜੋ ਲੋਕਾਂ ਨਾਲ ਜੁੜੇ ਹੋਏ ਹਨ, ਖਾਸ ਕਰਕੇ ਕਿਸਾਨਾਂ ਦੇ ਮੁੱਦੇ। ਉਨ੍ਹਾਂ ਕਿਹਾ ਕਿ ਜਨਤਾ ਭਾਜਪਾ ਅਤੇ ਕਾਂਗਰਸ ਦੇ ਬਦਲ ਦੀ ਤਲਾਸ਼ ਕਰ ਰਹੀ ਹੈ। ਚੌਟਾਲਾ ਨੇ ਕਿਹਾ ਕਿ ਸਾਡਾ ਉਦੇਸ਼ ਇਨ੍ਹਾਂ ਸਾਰੇ ਨੇਤਾਵਾਂ ਨੂੰ ਇਕੱਠੇ ਲਿਆਉਣਾ ਅਤੇ ਦੇਸ਼ ਅਤੇ ਲੋਕਾਂ ਦੀ ਸਮੁੱਚੀ ਭਲਾਈ ਲਈ ਤੀਜਾ ਮੋਰਚਾ ਬਣਾਉਣਾ ਹੈ। ਪਾਰਟੀ ਦੇ ਬੁਲਾਰੇ ਰਾਕੇਸ਼ ਸਿਹਾਗ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਨਿੱਜੀ ਤੌਰ ‘ਤੇ ਦੇਵਗੌੜਾ ਅਤੇ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ।
Comment here