ਹੁਸ਼ਿਆਰਪੁਰ:ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖਣ ਦੇ ਮਾਮਲੇ ਵਿੱਚ ਸਥਾਨਕ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰੁਪਿੰਦਰ ਸਿੰਘ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲਾਂ ਵੱਲੋਂ ਅਦਾਲਤ ਦੇ ਕਾਰਜ ਖੇਤਰ ਸਬੰਧੀ ਦਾਇਰ ਕੀਤੀ ਗਈ ਦਰਖਾਸਤ ’ਤੇ ਸ਼ਿਕਾਇਤਕਰਤਾ ਦੇ ਵਕੀਲਾਂ ਨੇ ਆਪਣਾ ਜਵਾਬ ਦਾਖਲ ਕੀਤਾ। ਜਾਣਕਾਰੀ ਮੁਤਾਬਕ ਅਦਾਲਤ ਨੇ ਕੇਸ ਦੀ ਅਗਲੀ ਤਰੀਕ ਪਹਿਲੀ ਅਗਸਤ ਤੈਅ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ਸਮੇਂ ਅਕਾਲੀ ਦਲ ਨੇ ਆਪਣੇ ਵਕੀਲਾਂ ਐਸ.ਐਸ ਕਲੇਰ ਅਤੇ ਹਰਜਿੰਦਰ ਸਿੰਘ ਧਾਮੀ ਰਾਹੀਂ ਦਰਖਾਸਤ ਦੇ ਕੇ ਸਵਾਲ ਉਠਾਇਆ ਸੀ ਕਿ ਇਸ ਮਾਮਲੇ ਦੀ ਸੁਣਵਾਈ ਹੁਸ਼ਿਆਰਪੁਰ ਅਦਾਲਤ ਦੇ ਖੇਤਰ ਵਿੱਚ ਕਿਸ ਤਰ੍ਹਾਂ ਆਉਂਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਹੈ। ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ ਦੇ ਵਕੀਲਾਂ ਬੀ.ਐੱਸ ਰਿਆੜ ਅਤੇ ਹਿਤੇਸ਼ ਪੁਰੀ ਨੇ ਅੱਜ ਆਪਣੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਸਾਰੇ ਜ਼ਿਲ੍ਹਿਆਂ ਵਿੱਚ ਵੀ ਹਨ। ਇਸ ਲਈ ਅਕਾਲੀ ਦਲ ਵੱਲੋਂ ਦਾਇਰ ਕੀਤੀ ਗਈ ਅਦਾਲਤੀ ਕਾਰਜ ਖੇਤਰ ਵਾਲੀ ਦਰਖਾਸਤ ਦਾ ਕੋਈ ਆਧਾਰ ਨਹੀਂ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਕੇ ਆਪਣੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ।
Comment here