ਦੁਨੀਆ

ਬਾਦਲਕਿਆਂ ਦਾ ਦੂਜੇ ਦਿਨ ਵੀ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ

ਨਵੀਂ ਦਿੱਲੀ – ਬੀਤੇ ਦਿਨ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਸੀ, ਜਿਵੇਂ ਕਿ ਪਹਿਲਾਂ ਹੀ ਅੰਦਾਜਾ ਸੀ ਕਿ ਇਸ ਵਾਰ ਸੈਸ਼ਨ ਹੰਗਾਮਿਆਂ ਭਰਪੂਰ ਰਹੇਗਾ, ਇੰਝ ਹੀ ਹੋਇਆ ਹੈ।  ਪਹਿਲਾ ਦਿਨ ਹੰਗਾਮੇ ਦੀ ਭੇਂਟ ਚੜ ਗਿਆ ਸੀ ਤੇ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਮੌਕੇ ਵੀ ਲੋਕ ਸਭਾ ਵਿਚ ਭਾਰੀ ਹੰਗਾਮਾ ਹੋਇਆ । ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਦੇ ਬਾਹਰ ਖੇਤੀਬਾੜੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ, ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਸਾਲ ਤੋਂ ਦੇਸ਼ ਦੇ ਕਿਸਾਨ ਦਿੱਲੀ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਹਨ ਤੇ ਉਹ ਤੂਫ਼ਾਨ , ਬਾਰਿਸ਼ ‘ਚ ਬੈਠੇ ਨੇ ਤੇ ਆਪਣੀ ਲੜਾਈ ਲੜ੍ਹ ਰਹੇ ਹਨ। ਪ੍ਰਧਾਨ ਮੰਤਰੀ ਨੇ ਜਿੱਦ ਫ਼ੜੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਪਾਰਟੀ ਆਪਣੀ ਕੁਰਸੀ ਦੀ ਲੜਾਈ ਲੜ੍ਹ ਰਹੀ ਹੈ। 550 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਪਰ ਅਫ਼ਸੋਸ ਕਾਂਗਰਸ ਨੇ ਕਿਸਾਨਾਂ ਦਾ ਮਸਲਾ ਨਹੀਂ ਚੁੱਕਿਆ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਕੇਂਦਰ ਦੀ ਸਰਕਾਰ ਦੇਸ਼ ਦੇ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ। ਇਸ ਦੌਰਾਨ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਖੜੀਆਂ ਹੋਈਆਂ ਹਨ ਪਰ ਅਫ਼ਸੋਸ ਦੀ ਗੱਲ ਕਿ ਕੱਲ ਪਾਰਲੀਮੈਂਟ ਸੈਸ਼ਨ ਵਿੱਚ ਕਾਂਗਰਸ ਨੇ ਕਿਸਾਨਾਂ ਦਾ ਮੁੱਦਾ ਨਹੀਂ ਉਠਾਇਆ , ਸਗੋਂ ਦੂਜੇ ਮੁੱਦੇ ਉਠਾਏ ਗਏ।

ਯਾਦ ਰਹੇ  ਸੰਸਦ ਦਾ ਸੈਸ਼ਨ 13 ਅਗਸਤ ਤੱਕ ਜਾਰੀ ਰਹੇਗਾ। ਇਸ ਸੈਸ਼ਨ ਵਿਚ ਕੁੱਲ 19 ਬੈਠਕਾਂ ਹੋਣਗੀਆਂ। ਇਸ ਦੌਰਾਨ, 31 ਸਰਕਾਰੀ ਵਪਾਰਕ ਵਸਤੂਆਂ (ਜਿਨ੍ਹਾਂ ਵਿੱਚ 29 ਬਿੱਲਾਂ ਅਤੇ 2 ਵਿੱਤੀ ਵਸਤੂਆਂ ਸ਼ਾਮਲ ਹਨ) ਵਿਚਾਰੀਆਂ ਜਾਣਗੀਆਂ। ਆਰਡੀਨੈਂਸ ਦੀ ਥਾਂ ਛੇ ਬਿੱਲ ਲਿਆਂਦੇ ਜਾਣਗੇ। ਪਰ ਕਿਸਾਨੀ ਮੁੱਦੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮੇ ਵਾਲੀ ਹੀ ਰਹੇਗੀ।

Comment here