ਮੋਦੀ ਸਰਕਾਰ ਨੂੰ ਮਹਿੰਗਾਈ ਮੁੱਦੇ ’ਤੇ ਘੇਰਨ ਲਈ ਕਾਂਗਰਸ ਦੀ ‘ਜਨ ਜਾਗਰਣ ਮੁਹਿੰਮ’
ਗੁਰਦਾਸਪੁਰ-ਹੁਣੇ ਜਿਹੇ ਕਾਂਗਰਸ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਿਰੋਧ ’ਚ ‘ਜਨ ਜਾਗਰਣ ਮੁਹਿੰਮ’ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਬਾਲ ਦਿਵਸ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਿਟੀ ਕਾਂਗਰਸ ਦੇ ਪ੍ਰਧਾਨ ਦਰਸ਼ਨ ਮਹਾਜਨ ਸਮੇਤ ਵੱਖ-ਵੱਖ ਆਗੂਆਂ ਨੇ ਪਹੁੰਚ ਕੇ ਕਾਂਗਰਸ ਭਵਨ ਤੋਂ ਹਨੂੰਮਾਨ ਚੌਕ ਤੱਕ ਪੈਦਲ ਮਾਰਚ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੂੰ ਬੇਵਕੂਫ਼ ਆਖਿਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਵੈਸੇ ਤਾਂ ਮੈਂ ਉਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਪਰ ਇਹ ਗੱਲ ਜ਼ਰੂਰ ਹੈ ਕਿ ਬੇਵਕੂਫਾਂ ਦੀ ਪਾਰਟੀ ਨੇ ਇਕ ਬੇਵਕੂਫ ਨੂੰ ਹੋਰ ਸ਼ਾਮਲ ਕਰ ਲਿਆ ਹੈ, ਜਿਸ ਨੂੰ ਕੁਝ ਪਤਾ ਹੀ ਨਹੀਂ।
ਇਸ ਮੌਕੇ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਜਲਦ ਖੋਲ੍ਹਣਾ ਚਾਹੀਦਾ ਹੈ। ਪੰਜਾਬ ਭਾਜਪਾ ਦੀ ਮੀਟਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਹੈ, ਜਿਸ ’ਚ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ। ਹੁਣ ਵੀ ਜੇਕਰ ਕੇਂਦਰ ਸਰਕਾਰ ਲਾਂਘਾ ਖੋਲ੍ਹਦੀ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ। ਇਸ ਮੌਕੇ ਬਾਜਵਾ ਅਤੇ ਪਾਹੜਾ ਨੇ ਕੇਂਦਰ ਸਰਕਾਰ ਵੱਲੋਂ ਤੇਲ ਤੇ ਗੈਸ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਜ਼ਰੂਰੀ ਵਸਤੂਆਂ ਦੇ ਰੇਟ ਆਸਮਾਨੀ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਜਨ ਜਾਗਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ।
Comment here