ਵਾਸ਼ਿੰਗਟਨ-ਰੂਸ ਤੇ ਯੂਕ੍ਰੇਨ ਦੀ ਜੰਗ ਜਾਰੀ ਹੈ। ਇਸ ਜੰਗ ਵਿਚ ਬਹੁਤੇ ਦੇਸ਼ ਯੂਕ੍ਰੇਨ ਦੀ ਸਹਾਇਤਾ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਯੂਕ੍ਰੇਨ ਦੇ ਆਪਣੇ ਹਮਰੁਤਬਾ ਵੋਲੋਦੀਮੀਰ ਜ਼ੇਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਯੁੱਧਗ੍ਰਸਤ ਦੇਸ਼ ਨੂੰ 32.5 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਰੂਸੀ ਹਮਲੇ ਤੋਂ ਉਸ ਦੀ ਰੱਖਿਆ ਕਰਨ ਦਾ ਸੰਕਲਪ ਜਤਾਇਆ। ਵ੍ਹਾਈਟ ਹਾਊਸ ‘ਚ ਵੀਰਵਾਰ ਨੂੰ ਹੋਈ ਮੁਲਾਕਾਤ ਦੋਹਾਂ ਨੇਤਾਵਾਂ ਵਿਚਾਲੇ ਛੇਵੀਂ ਨਿੱਜੀ ਮੁਲਾਕਾਤ ਹੈ। ਬਾਈਡੇਨ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਜ਼ੇਲੇਂਸਕੀ ਨੂੰ ਕਿਹਾ, “ਸ਼੍ਰੀਮਾਨ ਰਾਸ਼ਟਰਪਤੀ, ਯੂਕ੍ਰੇਨ ਦੇ ਬਹਾਦਰ ਲੋਕਾਂ ਅਤੇ ਇਹ ਕੋਈ ਅਤਿਕਥਨੀ ਨਹੀਂ ਹੈ, ਯੂਕ੍ਰੇਨ ਦੇ ਲੋਕਾਂ ਨੇ ਬਹੁਤ ਬਹਾਦਰੀ ਦਿਖਾਈ ਹੈ ਅਤੇ ਇਨ੍ਹਾਂ ਸਿਧਾਂਤਾਂ ਦੀ ਰੱਖਿਆ ਕਰਨ ਦੇ ਆਪਣੇ ਦ੍ਰਿੜ ਇਰਾਦੇ ਨਾਲ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ। ਸਾਡੇ ਭਾਈਵਾਲਾਂ ਅਤੇ ਸਹਿਯੋਗੀਆਂ ਦੇ ਨਾਲ ਮਿਲ ਕੇ ਅਮਰੀਕੀ ਲੋਕ ਇਹ ਦੇਖਣ ਲਈ ਦ੍ਰਿੜ ਹਨ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰੀਏ ਕਿ ਦੁਨੀਆ ਤੁਹਾਡੇ ਨਾਲ ਖੜ੍ਹੀ ਹੋਵੇ ਅਤੇ ਇਹ ਇਸ ਸਮੇਂ ਸਾਡਾ ਮੁੱਖ ਉਦੇਸ਼ ਹੈ।”
ਜੇਲੇਂਸਕੀ ਨੇ ਕਿਹਾ, “ਸਾਡੀ ਨਿਯਮਤ ਗੱਲਬਾਤ ਇਹ ਸਾਬਤ ਕਰਦੀ ਹੈ ਕਿ ਸਾਡੇ ਦੇਸ਼ ਸੱਚਮੁੱਚ ਸਹਿਯੋਗੀ ਅਤੇ ਰਣਨੀਤਕ ਦੋਸਤ ਹਨ। ਅਸੀਂ ਰੂਸੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਯੂਕ੍ਰੇਨ ਨੂੰ ਦਿੱਤੀ ਗਈ ਮਹੱਤਵਪੂਰਨ ਸਹਾਇਤਾ ਦੀ ਸ਼ਲਾਘਾ ਕਰਦੇ ਹਾਂ।’ ਯੂਕ੍ਰੇਨ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਦਾ ਆਪਣਾ ਸੰਕਲਪ ਦੁਹਰਾਉਂਦੇ ਹੋਏ ਬਾਈਡੇਨ ਨੇ ਕਿਹਾ ਕਿ ਅਮਰੀਕਾ ਇੱਕ ਨਿਆਂਪੂਰਨ ਅਤੇ ਲੰਬੇ ਸਮੇਂ ਦੀ ਸ਼ਾਂਤੀ ਸਥਾਪਤ ਕਰਨ ਲਈ ਯੂਕ੍ਰੇਨ ਦੇ ਕੂਟਨੀਤਕ ਯਤਨਾਂ ਦਾ ਸਮਰਥਨ ਕਰਦਾ ਰਹੇਗਾ, ਜੋ ਉਸਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਦੇ ਹਨ। ਉਨ੍ਹਾਂ ਕਿਹਾ, ‘ਸ਼ਾਂਤੀ ਦੇ ਰਾਹ ‘ਤੇ ਰੂਸ ਇਕੱਲਾ ਖੜ੍ਹਾ ਹੈ। ਇਹ ਅੱਜ ਖ਼ਤਮ ਹੋ ਸਕਦਾ ਹੈ। ਇਸ ਦੀ ਬਜਾਏ ਉਹ ਈਰਾਨ ਅਤੇ ਉੱਤਰੀ ਕੋਰੀਆ ਤੋਂ ਹੋਰ ਹਥਿਆਰਾਂ ਦੀ ਮੰਗ ਕਰ ਰਿਹਾ ਹੈ। ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਉਨ੍ਹਾਂ ਕਈ ਪ੍ਰਸਤਾਵਾਂ ਦੀ ਉਲੰਘਣਾ ਕਰੇਗਾ, ਜਿਸ ਦੇ ਪੱਖ ਵਿਚ ਖ਼ੁਦ ਮਾਸਕੋ ਨੇ ਵੋਟ ਕੀਤੀ ਸੀ।’ ਬਾਈਡੇਨ ਨੇ ਯੂਕ੍ਰੇਨ ਨੂੰ 32.5 ਕਰੋੜ ਡਾਲਰ ਦੀ ਹੋਰ ਅਮਰੀਕੀ ਸੁਰੱਖਿਆ ਸਹਾਇਤਾ ਦੇਣ ਦਾ ਐਲਾਨ ਕੀਤਾ, ਜਿਸ ਵਿੱਚ ਹੋਰ ਤੋਪਖਾਨੇ, ਗੋਲਾ-ਬਾਰੂਦ ਅਤੇ ਐਂਟੀ-ਟੈਂਕ ਹਥਿਆਰ ਸ਼ਾਮਲ ਹਨ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇਕ ਨਵਾਂ ਸਮਝੌਤਾ ਵੀ ਕੀਤਾ, ਜਿਸ ਦੇ ਤਹਿਤ ਵਾਸ਼ਿੰਗਟਨ ਆਪਣੇ ਲੋਕਾਂ ਦੀ ਰੱਖਿਆ ਕਰਨ ਲਈ ਸਰਦੀਆਂ ਦੌਰਾਨ ਕੀਵ ਨੂੰ ਉਸਦੀ ਹਵਾਈ ਰੱਖਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗਾ। ਅਗਲੇ ਹਫ਼ਤੇ ਅਮਰੀਕਾ ਦੇ ਪਹਿਲੇ ਅਬਰਾਮ ਟੈਂਕ ਯੂਕ੍ਰੇਨ ਨੂੰ ਦਿੱਤੇ ਜਾਣਗੇ।
Comment here