ਵਾਸ਼ਿੰਗਟਨ-ਵ੍ਹਾਈਟ ਹਾਊਸ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਦੇ ਇਕ ਬੈਰੀਕੇਡ ਨੂੰ ਟਰੱਕ ਨਾਲ ਟੱਕਰ ਮਾਰਨ ਦੇ ਦੋਸ਼ੀ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹ ‘ਸੱਤਾ ਹਾਸਲ ਕਰਨ’ ਅਤੇ ‘ਰਾਸ਼ਟਰਪਤੀ ਜੋਅ ਬਾਈਡੇਨ ਦਾ ਕਤਲ ਕਰਨ ਲਈ’ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋਣਾ ਚਾਹੁੰਦਾ ਸੀ। ਵਾਸ਼ਿੰਗਟਨ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਅਨੁਸਾਰ, ਯੂ.ਐੱਸ. ਪਾਰਕ ਪੁਲਸ ਨੇ ਸਾਈ ਵਸ਼ਿਸ਼ਟ ਕੰਦੂਲਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਸਦਾ ਟਰੱਕ ਲਾਫਾਏਟ ਪਾਰਕ ਦੇ ਉੱਤਰੀ ਪਾਸੇ ਸੁਰੱਖਿਆ ਬੈਰੀਕੇਡਾਂ ਨਾਲ ਟਕਰਾ ਗਿਆ।
ਘਟਨਾ ਵਾਲੀ ਥਾਂ ਅਤੇ ਵ੍ਹਾਈਟ ਹਾਊਸ ਦੇ ਗੇਟਾਂ ਵਿਚਕਾਰ ਕਾਫੀ ਦੂਰੀ ਹੈ ਪਰ ਘਟਨਾ ਤੋਂ ਬਾਅਦ ਸੜਕ ਅਤੇ ਫੁੱਟਪਾਥ ਨੂੰ ਬੰਦ ਕਰ ਦਿੱਤਾ ਗਿਆ ਸੀ। ਨਾਲ ਹੀ ਨੇੜਲੇ ਹੇ ਐਡਮਜ਼ ਹੋਟਲ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ। ਟਰੱਕ ਟਕਰਾਉਣ ਦੀ ਘਟਨਾ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਐੱਨ.ਬੀ.ਸੀ. ਨਿਊਜ਼ ਦੀ ਇੱਕ ਖ਼ਬਰ ਮੁਤਾਬਕ ਸੀਕਰੇਟ ਸਰਵਿਸ ਦੇ ਏਜੰਟ ਨੇ ਵਾਸ਼ਿੰਗਟਨ ਡੀਸੀ ਵਿੱਚ ਸੰਘੀ ਜ਼ਿਲ੍ਹਾ ਅਦਾਲਤ ਵਿੱਚ ਬਿਆਨ ਵਿਚ ਕਿਹਾ ਕਿ ਕੰਦੂਲਾ ਮਿਸੌਰੀ ਦੇ ਚੈਸਟਰਫੀਲਡ ਦਾ ਵਸਨੀਕ ਹੈ ਅਤੇ ਸੇਂਟ ਲੁਈਸ ਤੋਂ ਡਲਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਉਸਨੇ ਸੋਮਵਾਰ ਰਾਤ ਨੂੰ ਇਕ ਟਰੱਕ ਕਿਰਾਏ ‘ਤੇ ਲਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਕੰਦੂਲਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ 6 ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਵਾਪਰੀ ਸੀ।
Comment here