ਕਿਸੇ ਤਰਾਂ ਦਾ ਸੰਘਰਸ਼ ਨਹੀਂ ਚਾਹੁੰਦੇ
ਆਮ ਕਰਕੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਜੇਕਰ ਜੀਵਨ ‘ਚ ਮੁਸ਼ਕਿਲਾਂ ਨਾ ਹੋਣ ਤਾਂ ਜੀਵਨ ਬਹੁਤ ਹੀ ਬੇਕਾਰ ਤੇ ਬੋਰਿੰਗ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਰੋਮਾਂਚ ਹੋਣਾ ਵੀ ਜ਼ਰੂਰੀ ਹੈ। ਪਰ ਦੁਨੀਆ ‘ਚ ਜ਼ਿਆਦਾਤਰ ਲੋਕ ਇਸ ਤਰ੍ਹਾਂ ਨਹੀਂ ਸੋਚਦੇ। ਦੁਨੀਆ ਦੀ 75 ਫ਼ੀਸਦੀ ਅਬਾਦੀ ਦਾ ਕਹਿਣਾ ਹੈ ਕਿ ਉਹ ਸਿੱਧਾ ਸਾਦਾ ਅਰਾਮਦਾਇਕ ਜੀਵਨ ਚਾਹੁੰਦੇ ਹਨ, ਨਾ ਕਿ ਮੁਸ਼ਕਿਲਾਂ ਤੇ ਸੰਘਰਸ਼ਾਂ ਵਾਲਾ ਜੀਵਨ। ਇਹ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ, ਇਹ ਤੱਥ ਇੱਕ ਸਰਵੇਖਣ ਵਿੱਚ ਸਾਹਮਣੇ ਆਏ ਹਨ। ਦੱਸ ਦਈਏ ਕਿ ਸਾਲ 2020 ਤੋਂ ਇੱਕ ਜਾਪਾਨੀ ਐਨ.ਜੀ.ਓ. ਵੈਲਬੀਂਗ ਫ਼ਾਰ ਪਲੈਨੇਟ ਅਰਥ 116 ਦੇਸ਼ਾਂ ‘ਤੇ ਸਰਵੇਖਣ ਕਰ ਰਹੀ ਸੀ, ਜਿਸ ਦੌਰਾਨ ਹਰ ਦੇਸ਼ ਦੇ ਘੱਟੋ-ਘੱਟ 1000 ਲੋਕਾਂ ਤੋਂ ਸਵਾਲ ਪੁੱਛੇ ਗਏ, ਕਿ ‘ਕੀ ਉਹ ਸਿੱਧਾ ਸਾਦਾ ਅਰਾਮਦਾਇਕ ਜੀਵਨ ਚਾਹੁੰਦੇ ਹਨ, ਜਾਂ ਫ਼ਿਰ ਰੋਮਾਂਚ, ਸੰਘਰਸ਼ ਤੇ ਮੁਸ਼ਕਿਲਾਂ ਭਰਿਆ ਜੀਵਨ?’ ਤਾਂ ਇਸ ਸਵਾਲ ਦੇ ਜਵਾਬ ਵਿੱਚ ਲੋਕਾਂ ਨੇ ਕਿਹਾ ਕਿ ਉਹ ਸਿਰਫ਼ ਸਿੱਧਾ ਸਾਦਾ ਜੀਵਨ ਜਿਉਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕੋਈ ਪਰੇਸ਼ਾਨੀ ਜਾਂ ਸੰਘਰਸ਼ ਨਹੀਂ ਚਾਹੀਦਾ। ਇਹ ਸਰਵੇਖਣ ਕਰਾਉਣ ਵਾਲੇ ਖੋਜਕਾਰਾਂ ਦਾ ਮੰਨਣਾ ਹੈ, ਕਿ ਜ਼ਿਆਦਾਤਰ ਲੋਕਾਂ ਦੇ ਇਹ ਜਵਾਬ ਦੇਣ ਪਿੱਛੇ ਕੋਰੋਨਾ ਕਾਲ ਵੀ ਇੱਕ ਕਾਰਨ ਹੈ। ਇਸ ਦੇ ਨਾਲ ਹੀ ਸਰਵੇਖਣ ਦੇ ਨਤੀਜੇ ਇਹ ਵੀ ਦੱਸਦੇ ਹਨ ਕਿ ਦੁਨੀਆ ‘ਚ ਸਿਰਫ਼ 16 ਫ਼ੀਸਦੀ ਲੋਕਾਂ ਨੇ ਕਿਹਾ ਕਿ ਜ਼ਿੰਦਗੀ ਸੰਘਰਸ਼ ਤੇ ਮੁਸ਼ਕਿਲਾਂ ਤੋਂ ਬਿਨਾਂ ਬਿਲੁਕਲ ਫਿੱਕੀ ਹੈ, ਜਦਕਿ 10 ਫ਼ੀਸਦੀ ਲੋਕ ਦੋਵੇਂ ਹਾਲਾਤ ਵਿੱਚ ਐਡਜਸਟ ਕਰਨ ਲਈ ਤਿਆਰ ਹਨ। ਉੱਧਰ ਇੱਕ ਪਾਸੇ ਸਾਰੀ ਦੁਨੀਆ ਦੀ 75 ਫ਼ੀਸਦੀ ਅਬਾਦੀ ਨੇ ਸ਼ਾਂਤੀ ਭਰਪੂਰ ਜੀਵਨ ਚੁਣਿਆ, ਉੱਥੇ ਹੀ 116 ਦੇਸ਼ਾਂ ਵਿੱਚੋਂ ਇੱਕ ਵਿਲੱਖਣ ਮੁਲਕ ਅਜਿਹਾ ਵੀ ਹੈ, ਜਿਸ ਦੀ ਸੋਚ ਦੁਨੀਆ ਤੋਂ ਬਿਲਕੁਲ ਅਲੱਗ ਹੈ। ਇਹ ਦੇਸ਼ ਹੈ ਜੌਰਜੀਆ, ਜਿੱਥੇ ਦੇ ਜ਼ਿਆਦਾਤਰ ਲੋਕਾਂ ਨੇ ਮੰਨਿਆ, ਕਿ ਉਨ੍ਹਾਂ ਨੂੰ ਬਿਲਕੁਲ ਸਿੱਧੀ ਸਾਦੀ ਤੇ ਸ਼ਾਂਤੀ ਭਰਪੂਰ ਜ਼ਿੰਦਗੀ ਬਹੁਤ ਬੋਰਿੰਗ ਲੱਗਦੀ ਹੈ। ਉਹ ਜ਼ਿੰਦਗੀ ਵਿੱਚ ਥੋੜ੍ਹਾ ਰੋਮਾਂਚ ਚਾਹੁੰਦੇ ਹਨ, ਬਿਨਾਂ ਸੰਘਰਸ਼, ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੇ ਬਿਨਾਂ ਜ਼ਿੰਦਗੀ ਬਿਲਕੁਲ ਬੇਕਾਰ ਤੇ ਬੋਰਿੰਗ ਹੈ। ਦੂਜੇ ਪਾਸੇ, ਵੀਅਤਨਾਮ ਨਾਂਅ ਦੇ ਦੇਸ਼ ‘ਚ ਲੋਕਾਂ ਨੇ ਕੁੱਝ ਸਾਫ਼ ਜਵਾਬ ਨਹੀਂ ਦਿੱਤਾ। ਜਦਕਿ ਬਾਕੀ 114 ਮੁਲਕਾਂ ਦੇ ਲੋਕਾਂ ਦਾ ਕਹਿਣੈ ਕਿ ਉਹ ਜ਼ਿੰਦਗੀ ‘ਚ ਸੰਘਰਸ਼ ਨਹੀਂ ਚਾਹੁੰਦੇ, ਮੁਸ਼ਕਿਲਾਂ ਨਾਲ ਭਰਿਆ ਜੀਵਨ ਉਹ ਨਹੀਂ ਚਾਹੁੰਦੇ, ਹੁਣ ਉਹ ਸ਼ਾਂਤੀ ਭਰਪੂਰ ਤੇ ਅਰਾਮਦਾਇਕ ਜ਼ਿੰਦਗੀ ਚਾਹੁੰਦੇ ਹਨ।
ਕੀ ਹੈ ਸੋਚਦੇ ਨੇ ਵੱਖੋ-ਵੱਖ ਦੇਸ਼ ਦੇ ਲੋਕ?
ਉੱਤਰੀ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਦੇ 75 ਫ਼ੀਸਦੀ ਲੋਕ ਸ਼ਾਂਤੀ ਭਰਪੂਰ ਜ਼ਿੰਦਗੀ ਪਸੰਦ ਕਰਦੇ ਹਨ, ਜਦਕਿ 22 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਜ਼ਿੰਦਗੀ ‘ਚ ਕੁੱਝ ਰੋਮਾਂਚ ਤੇ ਸੰਘਰਸ਼ ਚਾਹੁੰਦੇ ਹਨ। ਜਦਕਿ ਪੱਛਮੀ ਯੂਰੋਪ ‘ਚ 68 ਫ਼ੀਸਦੀ ਲੋਕ ਸ਼ਾਂਤੀ ਭਰਪੂਰ ਜ਼ਿੰਦਗੀ ਪਸੰਦ ਕਰਦੇ ਹਨ, ਜਦਕਿ 24 ਫ਼ੀਸਦੀ ਲੋਕਾਂ ਨੂੰ ਜ਼ਿੰਦਗੀ ‘ਚ ਰੋਮਾਂਚ ਜ਼ਰੂਰ ਚਾਹੀਦਾ ਹੈ। ਇਸ ਦੇ ਨਾਲ ਗੱਲ ਜੇਕਰ ਏਸ਼ੀਆ ਦੀ ਕੀਤੀ ਜਾਏ ਤਾਂ ਪੂਰਬੀ ਏਸ਼ੀਆ ‘ਚ 68 ਫ਼ੀਸਦੀ ਲੋਕ ਚਾਹੁੰਦੇ ਹਨ, ਕਿ ਜ਼ਿੰਦਗੀ ਸ਼ਾਂਤੀ ਭਰਪੂਰ ਹੋਣੀ ਚਾਹੀਦੀ ਹੈ, ਜਦਕਿ ਦੱਖਣੀ ਏਸ਼ੀਆ ‘ਚ 56 ਫ਼ੀਸਦੀ ਲੋਕ ਸ਼ਾਂਤੀ ਭਰਪੂਰ ਜ਼ਿੰਦਗੀ ਚਾਹੁੰਦੇ ਹਨ। ਖੋਜਕਾਰ ਇਸ ਤੱਥ ‘ਤੇ ਵਿਸ਼ਵਾਸ ਕਰ ਰਹੇ ਹਨ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਵਰਗੀ ਮਾਹਾਮਾਂਰੀ ਨਾਲ ਦੁਨੀਆ ਭਰ ‘ਚ ਲੱਖਾਂ ਮੌਤਾਂ ਹੋਈਆਂ, ਕਈ ਜ਼ਿੰਦਗੀਆਂ ਖ਼ਤਰੇ ‘ਚ ਆ ਗਈਆਂ, ਤੇ ਪੂਰੀ ਦੁਨੀਆ ‘ਚ ਆਰਥਿਕ ਸੰਕਟ ਪੈਦਾ ਹੋ ਗਿਆ। ਜਿਸ ਕਾਰਨ ਲੋਕਾਂ ਦੀ ਸੋਚ ਬਦਲੀ ਹੈ, ਕਿਉਂਕਿ ਪਿਛਲੇ ਸਾਲ ਲੋਕਾਂ ਨੇ ਕੋਰੋਨਾ ਕਾਲ ‘ਚ ਆਪਣਿਆਂ ਨੂੰ ਗਵਾਇਆ, ਆਪਣੀਆਂ ਨੌਕਰੀਆਂ ਗਵਾਈਆਂ ਅਤੇ ਕਈਆਂ ਨੂੰ ਤਾਂ ਆਪਣਾ ਘਰ ਤੱਕ ਛੱਡਣਾ ਪਿਆ। ਤੇ ਇਨ੍ਹਾਂ ਹਾਲਾਤਾਂ ਤੋਂ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਹਨ, ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਤੇ ਅਰਾਮ ਚਾਹੀਦਾ ਹੈ।
Comment here