ਕਿਹਾ-ਮੈਂ ਮੁੱਖ ਮੰਤਰੀਆਂ ਅੱਗੇ ਡਟਿਆ, ਸੱਤਾ ਛੱਡ ਝੋਲੀਆਂ ਅੱਡੀਆਂ
ਬਹਿਬਲ ਕਲਾਂ- ਇਨਸਾਫ਼ ਲੈਣ ਲਈ ਬਹਿਬਲ ਕਲਾਂ ਵਿਖੇ ਮੋਰਚਾ ਲਾ ਕੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਤੇ ਹੋਰ ਲੋਕਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਥੇ ਪਹੁੰਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਮਸਲੇ ’ਚ ਹੁਣ ‘ਇੰਤਹਾ ਹੋ ਗਈ ਇੰਤਜ਼ਾਰ ਕੀ’। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲਾ ਸੁਖਰਾਜ ਦਾ ਨਹੀਂ ਹੈ, ਇਹ ਮਸਲਾ ਨਿਆਂ ਦਾ ਹੈ, ਜਿਹੜਾ ਕਿ ਸੰਵਿਧਾਨ ਦਾ ਸਭ ਤੋਂ ਵੱਡਾ ਸਤੰਭ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜ ’ਚ ਨਿਆਂ ਨਹੀਂ, ਉਹ ਕਿਸੇ ਕੰਮ ਦਾ ਨਹੀਂ। ਸਿੱਧੂ ਨੇ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰੱਖਿਆ ਨਹੀਂ ਕਰ ਸਕਦੀ, ਉਸ ਦਾ ਕੋਈ ਕੋਈ ਵਜੂਦ ਨਹੀਂ ਹੈ, ਉਹ ਕਿਸੇ ਵੀ ਕੰਮ ਦੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀਆਂ ਅੱਗੇ ਡਟਿਆ, ਸੱਤਾ ਛੱਡ ਕੇ ਝੋਲੀਆਂ ਵੀ ਅੱਡੀਆਂ । ਮੁੱਖ ਮੰਤਰੀ ਇਸ ਨੂੰ ਲੁਕਾਉਂਦੇ ਰਹੇ ਕਿਉਂਕਿ ਉਨ੍ਹਾਂ ਦੀ ਇਨਸਾਫ਼ ਦੇਣ ਦੀ ਨੀਅਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਆਤਮਾ ਦਾ ਨਾਸੂਰ ਹੈ, ਜੋ ਅੱਜ ਵੀ ਰਿਸ ਰਿਹਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲਦਾ ਸੀ ਮੈਂ ਇਸ ਮਸਲੇ ਨੂੰ ਹਮੇਸ਼ਾ ਚੁੱਕਦਾ ਰਿਹਾ ਕਿਉਂਕਿ ਮੈਂ ਪਾਪ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਸੀ। ਪਰ ਅਜੇ ਤੱਕ ਵੀ ਇਹ ਮੁੱਦਾ ਜਿਊਂਦਾ ਹੈ। ਜਿਹੜੇ ਇਨਸਾਫ਼ ਦੇ ਨਹੀਂ ਸਕੇ, ਉਨ੍ਹਾਂ ਦਾ ਕੀ ਰਿਹਾ, ਇਹ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਇਸ ਮਸਲੇ 24 ਘੰਟਿਆਂ ’ਚ ਦੋਖੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਵੀ ਤੁਹਾਡੀ, ਗ੍ਰਹਿ ਮੰਤਰੀ ਵੀ ਤੁਹਾਡਾ, ਰਿਪੋਰਟ ਤਿਆਰ ਕਰਨ ਵਾਲਾ ਮੰਤਰੀ ਵੀ ਤੁਹਾਡਾ ਪਰ 20 ਦਿਨ ਨਿਕਲ ਗਏ। ਉਨ੍ਹਾਂ ਕਿਹਾ ਕਿ ਤੁਸੀਂ 2 ਮਹੀਨੇ ਲਓ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ। ਇਹ ਗੁਰੂ ਦਾ ਮਸਲਾ ਹੈ, ਜੋ ਸਭ ਦਾ ਸਾਂਝਾ ਹੈ। ਜੇ ਕੋਈ ਇਸ ਮਸਲੇ ’ਚ ਕਦਮ ਚੁੱਕੇਗਾ ਤਾਂ ਉਸ ਦੀ ਜੈ-ਜੈਕਾਰ ਹੋਵੇਗੀ। ਦੱਸ ਦੇਈਏ ਕਿ ਬਹਿਬਲ ਕਲਾਂ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਪੀੜਤ ਲੋਕਾਂ ਵਲੋਂ ਧਰਨਾ ਲਾਇਆ ਗਿਆ ਹੈ।
Comment here