ਸਿਆਸਤਖਬਰਾਂਚਲੰਤ ਮਾਮਲੇ

ਬਸਪਾ ਤੇ ਝਾਮੁਮੋ ਵਲੋਂ ਰਾਸ਼ਟਰਪਤੀ ਚੋਣਾਂ ’ਚ ਮੁਰਮੂ ਦਾ ਸਮਰਥਨ

ਲਖਨਊ-ਭਾਰਤ ਵਿਚ 18 ਜੁਲਾਈ ਨੂੰ ਰਾਸ਼ਟਰਪਤੀ ਚੋਣ ਹੋ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਬਸਪਾ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਅਹੁਦੇ ਲਈ ਪਹਿਲੀ ਜਨਜਾਤੀ ਨੇਤਾ ਅਤੇ ਦੂਜੀ ਮਹਿਲਾ ਹੋਵੇਗੀ। ਬਸਪਾ ਮੁਖੀ ਮਾਇਆਵਤੀ ਨੇ ਇੱਥੇ ਕਿਹਾ,”ਅਸੀਂ ਰਾਸ਼ਟਰਪਤੀ ਚੋਣ ਲਈ ਐੱਨ.ਡੀ.ਏ. ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।” ਅਸੀਂ ਵਿਰੋਧੀ ਧਿਰ ਦੇ iਖ਼ਲਾਫ਼ ਹਾਂ ਪਰ ਆਪਣੀ ਪਾਰਟੀ ਅਤੇ ਅੰਦੋਲਨ ਨੂੰ ਧਿਆਨ ‘ਚ ਰੱਖਦਿਆਂ ਅਸੀਂ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਪਾਰਟੀ ਦੇ ਵਿਚਾਰ ਅਤੇ ਦੇਸ਼ ‘ਚ ਇਕ ਸਮਰੱਥ ਅਤੇ ਸਮਰਪਿਤ ਜਨਜਾਤੀ ਮਹਿਲਾ ਰਾਸ਼ਟਰਪਤੀ ਬਣਾਉਣ ਦੇ ਅੰਦੋਲਨ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਫ਼ੈਸਲਾ ਕਰਦੇ ਸਮੇਂ ਬਸਪਾ ਨੂੰ ਸਲਾਹ-ਮਸ਼ਵਰੇ ਤੋਂ ਬਾਹਰ ਰੱਖਣ ਲਈ ਬਸਪਾ ਮੁਖੀ ਨੇ ਵਿਰੋਧੀ ਦਲਾਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਚੋਣਾਂ ‘ਤੇ ਆਪਣਾ ਫ਼ੈਸਲਾ ਲੈਣ ਲਈ ਆਜ਼ਾਦ ਹੈ। ਦੱਸਣਯੋਗ ਹੈ ਕਿ ਸੱਤਾਧਾਰੀ ਜਨਤਾਂਤਰਿਕ ਗਠਜੋੜ (ਰਾਜਗ) ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ‘ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸਮੇਤ ਵਿਰੋਧੀ ਦਲਾਂ ਦੇ ਸੰਯੁਕਤ ਉਮੀਦਵਾਰ ਯਸ਼ਵੰਤ ਸਿਨਹਾ 27 ਜੂਨ ਨੂੰ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਹਨ। ਵੋਟਿੰਗ 18 ਜੁਲਾਈ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਕੀਤੀ ਜਾਵੇਗੀ।
ਮੁਰਮੂ ਨੂੰ ਝਾਮੁਮੋ ਦੀ ਹਮਾਇਤ!
ਸੂਬੇ ਵਿੱਚ ਕਾਂਗਰਸ ਨਾਲ ਗਠਜੋੜ ਦਾ ਹਿੱਸਾ ਹੋਣ ਦੇ ਬਾਵਜੂਦ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਭਾਜਪਾ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦਾ ਸਮਰਥਨ ਕਰਨ ਲਈ ਕਿਉਂ ਮਜਬੂਰ ਹੋਵੇਗਾ? ਝਾਮੁਮੋ ਦੇ ਇੱਕ ਚੋਟੀ ਦੇ ਨੇਤਾ ਨੇ ਕਿਹਾ ਕਿ ਅਸੀਂ ਕਦੇ ਵੀ ਯਸ਼ਵੰਤ ਸਿਨਹਾ ਨੂੰ ਆਪਣਾ ਸਮਰਥਨ ਨਹੀਂ ਦਿੱਤਾ ਕਿਉਂਕਿ ਅਸੀਂ 21 ਜੂਨ ਨੂੰ ਹੋਈ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸੀ ਜਿਸ ’ਚ ਉਨ੍ਹਾਂ ਦਾ ਨਾਂ ਫਾਈਨਲ ਕੀਤਾ ਗਿਆ ਸੀ। ਅਸੀਂ 15 ਜੂਨ ਦੀ ਮੀਟਿੰਗ ਵਿੱਚ ਹੀ ਸ਼ਾਮਲ ਹੋਏ ਸੀ।
ਹੁਣ ਝਾਰਖੰਡ ਦੇ ਸੀ. ਐੱਮ. ਹੇਮੰਤ ਸੋਰੇਨ ਮੁਰਮੂ ਦਾ ਸਮਰਥਨ ਕਰਨ ਲਈ ਤਿਆਰ ਹਨ। ਕਾਂਗਰਸ ਦੇ ਚੋਟੀ ਦੇ ਆਗੂ ਉਨ੍ਹਾਂ ’ਤੇ ਸਿਨਹਾ ਨਾਲ ਬਣੇ ਰਹਿਣ ਲਈ ਦਬਾਅ ਪਾ ਰਹੇ ਹਨ ਨਹੀਂ ਤਾਂ ਸਥਿਤੀ ਸ਼ਰਮਨਾਕ ਹੋਵੇਗੀ ਪਰ ਮੁਰਮੂ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਝਾਰਖੰਡ ਦੇ ਰਾਜਪਾਲ ਦਾ ਅਹੁਦਾ ਸੰਭਾਲਣ ਦੇ ਸਮੇ ਤੋਂ ਨਿੱਜੀ ਸਬੰਧ ਰਹੇ ਹਨ। ਭਾਜਪਾ ਦੇ ਕਈ ਸਰਗਰਮ ਰਾਜਪਾਲਾਂ ਵਾਂਗ ਮੁਰਮੂ ਨੇ ਉਨ੍ਹਾਂ ਦੇ ਮਾਮਲਿਆਂ ਵਿੱਚ ਕਦੇ ਦਖਲ ਨਹੀਂ ਦਿੱਤਾ। ਦੂਜੀ ਗੱਲ ਇਹ ਕਿ ਝਾਮੁਮੋ ਇੱਕ ਕਬਾਇਲੀ ਪਾਰਟੀ ਹੈ ਅਤੇ ਮੁਰਮੂ ਰਾਸ਼ਟਰਪਤੀ ਦੇ ਅਹੁਦੇ ਲਈ ਪਹਿਲੀ ਕਬਾਇਲੀ ਉਮੀਦਵਾਰ ਹੈ ਜਿਨ੍ਹਾਂ ਦੀ ਜਿੱਤ 2 ਦਿਨ ਪਹਿਲਾਂ ਬੀ.ਜੇ..ਡੀ ਦੇ ਸਮਰਥਨ ਤੋਂ ਬਾਅਦ ਯਕੀਨੀ ਮੰਨੀ ਜਾਂਦੀ ਹੈ।
ਝਾਮੁਮੋ ਦੇ ਇੱਕ ਨੇਤਾ ਨੇ ਕਿਹਾ ਕਿ ਵਿਚਾਰਧਾਰਕ ਤੌਰ ’ਤੇ ਵੀ ਇਤਿਹਾਸ ਦੇ ਗਲਤ ਪਾਸੇ ਨੂੰ ਦੇਖਣਾ ਮੁਸ਼ਕਲ ਹੋਵੇਗਾ। ਮੁਰਮੂ ਅਤੇ ਸੋਰੇਨ ਇੱਕੋ ਸੰਥਾਲ ਕਬਾਇਲੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ। ਮੁਰਮੂ ਓਡਿਸ਼ਾ ਦੇ ਮਯੂਰਭੰਜ ਜ਼ਿਲ੍ਹੇ ਨਾਲ ਸਬੰਧਤ ਹੈ।
ਮੁਰਮੂ ਨੂੰ ਵੋਟ ਦੇ ਕੇ ਸੋਰੇਨ ਦਾ ਈ. ਡੀ. ਤੇ ਸੀ. ਬੀ. ਆਈ. ਤੋਂ ਵੀ ਕੁਝ ਹੱਦ ਤੱਕ ਬਚਾਅ ਹੋ ਜਾਵੇਗਾ। ਦ੍ਰੌਪਦੀ ਮੁਰਮੂ ਕੋਲ ਪਹਿਲਾਂ ਹੀ 50 ਫੀਸਦੀ ਤੋਂ ਵੱਧ ਵੋਟਾਂ ਹਨ ਕਿਉਂਕਿ ਉਨ੍ਹਾਂ ਨੂੰ ਬੀ.ਜੇ.ਡੀ. ਦੀਆਂ 31,000 ਵੋਟਾਂ ਮਿਲਣਗੀਆਂ। ਭਾਜਪਾ ਨੂੰ 5,39,603 ਵੋਟਾਂ ਦਾ ਜਾਦੂਈ ਅੰਕੜਾ ਪਾਰ ਕਰਨ ਲਈ ਲਗਭਗ 13,000 ਵੋਟਾਂ ਦੀ ਲੋੜ ਸੀ। ਕੁੱਲ ਵੋਟਾਂ ਦੀ ਗਿਣਤੀ 10,79,206 ਹੈ।
ਐਨ. ਡੀ. ਏ. ਕੋਲ 5,26,420 ਵੋਟਾਂ ਹਨ ਅਤੇ ਬੀ.ਜੇ.ਡੀ. ਦੇ ਸਮਰਥਨ ਦਾ ਐਲਾਨ ਹੋਣ ਤੋਂ ਬਾਅਦ ਇਹ ਅੰਕੜਾ 5,39,420 ਵੋਟਾਂ ਨੂੰ ਛੂਹ ਗਿਆ ਹੈ। ਝਾਮੁਮੋ ਦੇ ਸਮਰਥਨ ਨਾਲ ਮੁਰਮੂ ਨੂੰ ਵਾਧੂ 6680 ਵੋਟਾਂ ਮਿਲਣਗੀਆਂ । ਇਸ ਨਾਲ ਉਨ੍ਹਾਂ ਨੂੰ ਵੱਡਾ ਸਿਆਸੀ ਫਾਇਦਾ ਮਿਲੇਗਾ ਕਿਉਂਕਿ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਵੀ ਝਾਰਖੰਡ ਨਾਲ ਸਬੰਧਤ ਹਨ। ਝਾਮੁਮੋ ਦੇ ਸੰਸਦ ਵਿੱਚ 1400 ਵੋਟ ਮੁੱਲ ਨਾਲ ਦੋ ਸੰਸਦ ਮੈਂਬਰ ਹਨ ਅਤੇ ਵਿਧਾਨ ਸਭਾ ਵਿੱਚ 30 ਵਿਧਾਇਕਾਂ ਦੀਆਂ 176 ਵੋਟਾਂ ਹਨ। ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਜਿੱਤ ਕਿਸਦੀ ਹੋਵੇਗੀ।

Comment here