ਕਰਾਚੀ – ਅਸ਼ਾਂਤ ਸੂਬੇ ਬਲੋਚਿਸਤਾਨ ਵਿਚ ਇਕ ਹਮਲੇ ਦੀ ਸਾਜਿਸ਼ ਬਣਾ ਰਹੇ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਲ ਸਬੰਧਤ 5 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਗਿਰਾਇਆ ਹੈ। ਅੱਤਵਾਦ ਰੋਕੂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਵੇਟਾ ਦੇ ਨਿਊ ਕਹਿਨ ਮਾਰੀ ਕੈਂਪ ਵਿਚ ਖੁਫੀਆ ਮੁਹਿੰਮ ਵਿਚ ਵੱਖਵਾਦੀ ਸਮੂਹ ਦੇ ਇਹ ਅੱਤਵਾਦੀ ਮਾਰੇ ਗਏ। ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼ਹਿਰ ਵਿਚ ਇਕ ਦੁਕਾਨ ‘ਤੇ ਗ੍ਰੇਨੇਡ ਸੁੱਟਿਆ ਸੀ, ਜਿਸ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਸਨ, ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਸਾਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬੀ.ਐੱਲ.ਏ. ਦੇ ਅੱਤਵਾਦੀ ਕਵੇਟਾ ਵਿਚ ਇਕ ਸੰਵੇਦਨਸ਼ੀਲ ਅਦਾਰੇ ‘ਤੇ ਹਮਲਾ ਕਰਨ ਦੀ ਸਾਜਿਸ਼ ਬਣਾ ਰਹੇ ਹਨ। ਇਹਨਾਂ ਨੂੰ ਨਿਊ ਕਹਿਨ ਮਾਰੀ ਕੈਂਪ ਵਿਚ ਰੋਕਿਆ ਗਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਇਸ ਮਗਰੋਂ ਉਹਨਾਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਜਵਾਬੀ ਕਾਰਵਾਈ ਵਿਚ ਪੰਜ ਅੱਤਵਾਦੀ ਮਾਰੇ ਗਏ। ਭਾਵੇਂਕਿ ਦੋ-ਤਿੰਨ ਫਰਾਰ ਹੋਣ ਵਿਚ ਸਫਲ ਰਹੇ। ਘਟਨਾਸਥਲ ਤੋਂ ਹਥਿਆਰ ਅਤੇ ਦੋ ਮੋਟਰਸਾਈਕਲ ਜ਼ਬਤ ਕੀਤੇ ਗਏ।
Comment here