ਕਵੇਟਾ-ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਜ਼ਰਗੁਨ ਇਲਾਕੇ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਸੁਰੱਖਿਆ ਚੌਕੀ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਤਿੰਨ ਫੌਜੀ ਸ਼ਹੀਦ ਹੋ ਗਏ ਅਤੇ ਇਕ ਅੱਤਵਾਦੀ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ ‘ਚ ਕਿਹਾ ਕਿ ਅੱਤਵਾਦੀਆਂ ਨੇ ਉਸ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ ਨੂੰ ਖੇਤਰ ‘ਚ ਕੋਲੇ ਦੀਆਂ ਖਾਣਾਂ ‘ਤੇ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਥਾਪਿਤ ਕੀਤਾ ਗਿਆ ਸੀ। ਬਿਆਨ ਮੁਤਾਬਕ ਸੁਰੱਖਿਆ ਬਲਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਦੱਸਿਆ ਗਿਆ ਹੈ ਕਿ ਮੁਕਾਬਲੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਅੱਤਵਾਦੀ ਵੀ ਮਾਰਿਆ ਗਿਆ। ਆਈਐਸਪੀਆਰ ਨੇ ਦੱਸਿਆ ਕਿ ਜ਼ਰਗੁਨ ਦੇ ਪਹਾੜੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਆਈਐਸਪੀਆਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਹਾਲ ਹੀ ਦੀਆਂ ਅੱਤਵਾਦੀ ਘਟਨਾਵਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਫੌਜ ਅੱਤਵਾਦੀ ਸੰਗਠਨਾਂ ਦੇ ਖਿਲਾਫ ਆਪਣੀ ਕਾਰਵਾਈ ਜਾਰੀ ਰੱਖੇਗੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਇਸਲਾਮਿਕ ਸਿਆਸੀ ਪਾਰਟੀ ਦੇ ਮੁਖੀ ਸਿਰਾਜੁਲ ਹੱਕ, ਇੱਕ ‘ਆਤਮਘਾਤੀ ਹਮਲੇ’ ਤੋਂ ਬਚ ਗਏ। ਜਦਕਿ ਛੇ ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਆਤਮਘਾਤੀ ਹਮਲਾ ਸਿਰਾਜੁਲ ਹੱਕ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲੇ ‘ਚ ਜ਼ਮਾਤ-ਏ-ਇਸਲਾਮੀ ਦੇ ਮੁਖੀ ਦੀ ਗੱਡੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਜਦਕਿ ਝੋਬ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਸ਼ੇਰ ਅਲੀ ਮੰਡੋਖੇਲ ਨੇ ਡਾਨ ਡਾਟ ਕਾਮ ਨੂੰ ਦੱਸਿਆ ਕਿ ਉਹ ਵਾਲ-ਵਾਲ ਬਚ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਦਾ ਝੋਬ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਇਕ ਲਾਸ਼ ਮਿਲੀ, ਜੋ ਕਿ ਆਤਮਘਾਤੀ ਹਮਲਾਵਰ ਦੀ ਸੀ। ਜ਼ਮਾਤ-ਏ-ਇਸਲਾਮੀ (ਜੇਆਈ) ਨੇ ਇੱਕ ਟਵੀਟ ਜਾਰੀ ਕਰਦਿਆਂ ਕਿਹਾ ਕਿ ਇੱਕ ਸਿਆਸੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਖੇਤਰ ਦਾ ਦੌਰਾ ਕਰ ਰਹੇ ਸਿਰਾਜੁਲ ਹਕ ਸੁਰੱਖਿਅਤ ਹਨ ਅਤੇ ਹਮਲਾਵਰ ਮਾਰਿਆ ਗਿਆ ਹੈ।
Comment here