ਸਿਆਸਤਖਬਰਾਂਚਲੰਤ ਮਾਮਲੇ

ਬਰਨਾਲਾ ‘ਚ ਸਿਮਰਨਜੀਤ ਮਾਨ ਨੇ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

ਬਰਨਾਲਾ-ਇੰਡਸਟਰੀਜ਼ ਚੈਂਬਰ ਜ਼ਿਲ੍ਹਾ ਸੰਗਰੂਰ ਵੱਲੋਂ ਬਰਨਾਲਾ ਦੇ ਉਦਯੋਗਪਤੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੇ ਐੱਮਪੀ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ ਅਤੇ ਸੰਗਰੂਰ ਹਲਕੇ ਦੇ ਬਿਜਲੀ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਮੰਜੂਰ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਉਦਯੋਗਪਤੀਆਂ ਨੇ ਐਮਪੀ ਨੂੰ ਦਿੱਤੇ ਮੰਗ ਵਿੱਚ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਦਯੋਗਪਤੀਆਂ ਦੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਇੰਡਸਟਰੀਜ਼ ਚਲਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਕੋਈ ਫੋਕਲ ਪੁਆਇੰਟ ਨਹੀਂ ਹੈ, ਜਿਸ ਕਾਰਨ ਬਰਨਾਲਾ ਦੇ ਲੋਕਾਂ ਨੂੰ ਇੰਡਸਟਰੀਜ ਲਗਾਉਣ ਲਈ ਲੱਖਾਂ ਕਰੋੜਾਂ ਰੁਪਏ ਦੀ ਜਮੀਨ ਖਰੀਦਣ ‘ਤੇ ਖਰਚ ਕਰਨੇ ਪੈਂਦੇ ਹਨ, ਜੋ ਕਿ ਨਵੀਂ ਇੰਡਸਟਰੀ ਲਗਾਉਣ ਵਾਲੇ ਵਿਅਕਤੀ ਦੇ ਵਿੱਤ ਤੋਂ ਬਾਹਰ ਹੈ। ਇਹੋ ਕਾਰਨ ਹੈ ਕਿ ਬਰਨਾਲਾ ਵਿੱਚ ਇੰਡਸਟਰੀਜ ਘੱਟ ਲੱਗ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਉਦਯੋਗ ਚਲਾਉਣ ਵਿੱਚ ਪੇਸ਼ ਆਉਣ ਵਾਲੀਆਂ ਹੋਰ ਸਮੱਸਿਆਵਾਂ ਬਾਰੇ ਵੀ ਚਾਨਣਾ ਪਾਇਆ।
ਉਦਯੋਗਪਤੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਸੁਨਣ ਉਪਰੰਤ ਮਾਨ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ ਮਾਨ ਨੇ ਕਿਹਾ ਕਿ ਕਿਸੇ ਵੀ ਇਲਾਕੇ ਦੀ ਤਰੱਕੀ ਲਈ ਇਲਾਕੇ ਵਿੱਚ ਇੰਡਸਟਰੀ ਦਾ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਇਲਾਕੇ ਦੇ ਲੋਕਾਂ ਲਈ ਰੁਜਗਾਰ ਦੇ ਵਸੀਲੇ ਵਧ ਸਕਣ। ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਹੱਲ ਹੋਣ ਨਾਲ ਇਲਾਕੇ ਦੇ ਗਰੀਬ ਲੋਕਾਂ ਨੂੰ ਵੀ ਲਾਭ ਮਿਲੇਗਾ। ਮਾਨ ਨੇ ਕਿਹਾ ਕਿ ਐਮ.ਪੀ. ਹੋਣ ਦੇ ਨਾਤੇ ਹਲਕੇ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਅਤੇ ਹਲਕੇ ਦੀ ਉੱਨਤੀ ਲਈ ਕੰਮ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਆਪਣੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।

Comment here