ਅਪਰਾਧਸਿਆਸਤਖਬਰਾਂ

ਬਰਗਾੜੀ ਕਾਂਡ ‘ਚ ਗ੍ਰਿਫਤਾਰ ਵਿਅਕਤੀ ਨਹੀਂ ਹੈ ਸੰਦੀਪ ਬਰੇਟਾ !

ਚੰਡੀਗੜ੍ਹ-ਫਰੀਦਕੋਟ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਫਰਾਰ ਮੁੱਖ ਸਾਜਿਸ਼ਘਾੜੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਬੈਕਫੁੱਟ ‘ਤੇ ਆਈ ਹੈ। ਦਰਾਅਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਯਾਨੀ ਬਰਗਾੜੀ ਮਾਮਲੇ ਵਿੱਚ ਭਗੌੜੇ ਡੇਰਾ ਪ੍ਰੇਮੀ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨ ਲਈ ਬੈਂਗਲੁਰੂ ਗਈ ਫ਼ਰੀਦਕੋਟ ਪੁਲਿਸ ਟੀਮ ਖਾਲੀ ਹੱਥ ਵਾਪਿਸ ਪਰਤ ਰਹੀ ਹੈ। ਬੈਂਗਲੁਰੂ ਏਅਰਪੋਰਟ ਅਥਾਰਟੀ ਵਲੋਂ ਡਿਟੇਨ ਕੀਤਾ ਗਿਆ ਸਖਸ਼ ਸੰਦੀਪ ਬਰੇਟਾ ਨਹੀਂ ਹੈ, ਸਗੋਂ ਕੋਈ ਹੋਰ ਵਿਅਕਤੀ ਹੈ। ਸੰਦੀਪ ਬਰੇਟਾ ਫਿਲਹਾਲ ਭਗੌੜਾ ਹੀ ਹੈ। ਫਰੀਦਕੋਟ ਪੁਲਿਸ ਨੇ ਅਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਇਸ ਸਬੰਧੀ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਐਸਐਸਪੀ ਹਰਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਜਿਸ ਸ਼ਖਸ ਨੂੰ ਏਅਰਪੋਰਟ ਅਥਾਰਟੀ ਨੇ ਡਿਟੇਨ ਕੀਤਾ ਸੀ, ਉਹ ਸੰਦੀਪ ਬਰੇਟਾ ਨਹੀਂ ਹੈ। ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਨਾਲ ਮਿਲਦੇ ਹਨ, ਇਸ ਕਾਰਨ ਭੁਲੇਖਾ ਪਿਆ ਹੈ। ਸਾਡੀ ਟੀਮ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਵਾਪਸ ਪਰਤ ਰਹੀ ਹੈ। ਦੱਸ ਦਈਏ ਕਿ ਸੰਦੀਪ ਉਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਸੀ ਜੋ 2018 ਤੋਂ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ। ਉਸ ਦੇ ਦੋ ਹੋਰ ਸਾਥੀ ਹਰਸ਼ ਧੂਰੀ ਅਤੇ ਪਰਦੀਪ ਕਲੇਰ ਵੀ ਫਰਾਰ ਹਨ। ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਸੰਦੀਪ ਬਰੇਟਾ ਬਰਗਾੜੀ ਦਾ ਨਾਮ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਅਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿੱਤਾ ਸੀ।

Comment here