ਖਬਰਾਂ

ਬਠਿੰਡਾ ਦੇ ਗ੍ਰੈਜੂਏਟ ਗੁਰਸਿੱਖ ਦੇ ਨਿਊਟਰੀ ਕੁਲਚੇ ਦਿੱਲੀ ਤੱਕ ਮਸ਼ਹੂਰ 

ਬਠਿੰਡਾ : ਇੱਥੋਂ ਦੇ ਗ੍ਰੈਜੂਏਟ ਗੁਰਸਿੱਖ ਨੌਜਵਾਨ ਦੇ ਕੁਲਚੇ ਬਠਿੰਡਾ ’ਵਿਚ ਹੀ ਨਹੀਂ ਬਲਕਿ ਦਿੱਲੀ ਤਕ ਮਸ਼ਹੂਰ ਹੋ ਰਹੇ ਹਨ। ਉਹ ਕੁਲਚੇ ਦੇ ਸਹਾਰੇ ਪੰਜਾਬੀਆਂ ਦੀ ਦਾਦਾਗਿਰੀ ਟੀਵੀ ਸ਼ੋਅ ਵਿਚ ਹਿੱਸਾ ਲੈ ਚੁੱਕਾ ਹੈ। ਪਿਛਲੇ ਤਿੰਨ ਸਾਲਾਂ ਤੋਂ ਬਠਿੰਡਾ ਦੇ ਗੁਰਦੁਆਰੇ ਦੇ ਸਾਹਮਣੇ ਛੋਟੀ ਜਿਹੀ ਦੁਕਾਨ ਵਿਚ ਆਪਣੇ ਪਿਤਾ ਅਮਰਜੀਤ ਸਿੰਘ ਨਾਲ ਉਹ ਸ਼ਾਮ 5 ਵਜੇ ਤੋਂ ਦੇਰ ਰਾਤ ਤਕ ਨਿਊਟਰੀ ਕੁਲਚੇ ਬਣਾ ਕੇ ਗਾਹਕਾਂ ਨੂੰ ਪਰੋਸਦਾ ਹੈ, ਉਸ ਦੇ ਦੁਆਲੇ ਦੇਰ ਰਾਤ ਤਕ ਕਾਫੀ ਭੀਡ਼ ਜੁਡ਼ ਜਾਂਦੀ ਹੈ। ਬਠਿੰਡਾ ਹੀ ਨਹੀਂ ਬਲਕਿ ਆਸ-ਪਾਸ ਦੇ ਜ਼ਿਲ੍ਹੇ ਮੰਡੀਆਂ, ਕਸਬਿਆਂ, ਪਿੰਡਾਂ ਵਿਚ ਉਸ ਦੇ ਕੁਲਚੇ ਪੈਕ ਹੋ ਕੇ ਜਾਂਦੇ ਹਨ। ਦਿੱਲੀ ਤੋਂ ਹਰ ਰੋਜ਼ ਕੰਮ ਕਾਰ ਵਾਲੇ ਲੋਕ ਉਸ ਦੇ ਪੱਕੇ ਗਾਹਕ ਹਨ।
ਨੌਜਵਾਨ ਸੁਖਜੋਤ ਸਿੰਘ ਦੱਸਦਾ ਹੈ ਕਿ ਉਸ ਨੇ ਆਈਟੀਆਈ ਵਿਚੋਂ ਇਲੈਕਟ੍ਰਾਨਿਕਸ, ਡਿਪਲੋਮਾ ਤੋਂ ਇਲਾਵਾ ਹੋਟਲ ਮੈਨੇਜਮੈਂਟ ਦੀ ਸਟੱਡੀ ਕੀਤੀ ਹੈ। ਉਸ ਨੇ ਨਿੱਜੀ ਕੰਪਨੀ ਵਿਚ ਨੌਕਰੀ ਤੇ ਫਿਰ ਆਪਣੇ ਪਿਤਾ ਦਾ ਸਾਊਂਡ ਦਾ ਕੰਮ ਵੀ ਕਰਦਾ ਰਿਹਾ ਹੈ। ਤਿੰਨ ਸਾਲ ਪਹਿਲਾਂ ਉਸ ਨੇ ਨਿਊਟਰੀ ਕੁਲਚੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਸ ਨੇ ਗਾਹਕਾਂ ਨੂੰ ਕੁਝ ਵੱਖਰਾ ਦੇਣ ਦੀ ਕੋਸ਼ਿਸ਼ ਕੀਤੀ, ਉਹ ਆਪਣੇ ਨਿਊਟਰੀ ਕੁਲਚਿਆਂ ਵਿਚ ਪੰਜ ਤਰ੍ਹਾਂ ਦੀਆਂ ਸਬਜ਼ੀਆਂ ਦੀ ਵਰਤੋਂ ਕਰਦਾ ਹੈ। ਆਮ ਕੁਲਚਿਆਂ ਵਾਲੇ ਤੇਲ ਦੀ ਵਰਤੋਂ ਕਰਦੇ ਹਨ ਪਰ ਉਹ ਬਰਾਂਡਿਡ ਕੰਪਨੀ ਦਾ ਮੱਖਣ ਵਰਤਦਾ ਹੈ, ਜਿਸ ਦੀ ਕੀਮਤ ਤੇਲ ਨਾਲੋਂ ਚੌਗੁਣੀ ਹੈ। ਕੁਲਚੇ ਦੀ ਪੈਕਿੰਗ ਲਈ ਉਹ ਚੰਗੀ ਕੰਪਨੀ ਦਾ ਪੇਪਰ ਵਰਤਦਾ ਹੈ।
ਉਸ ਨੇ ਆਪਣਾ ਕੰਮ ਸ਼ੁਰੂ ਕਰਨ ਬਾਰੇ ਕਿਹਾ ਕਿ ਕੋਰੋਨਾ ਕਾਲ ਸਮੇਂ 20-25 ਸਾਲਾਂ ਤੋਂ ਕੰਮ ਕਰਦੇ ਮੁਲਾਜ਼ਮ ਉਨ੍ਹਾਂ ਨੇ ਕੱਢ ਦਿੱਤੇ ਸਨ। ਉਹ ਤੇਜ਼ ਮਸਾਲਿਆਂ ਦੀ ਵਰਤੋਂ ਨਹੀਂ ਕਰਦਾ ਅਤੇ ਕੁਲਚੇ ਜ਼ਿਆਦਾ ਤਲਦਾ ਵੀ ਨਹੀਂ ਹੈ। ਸੁਖਜੋਤ ਸਿੰਘ ਨੇ ਦੱਸਿਆ ਕਿ ਉਸ ਨੂੰ ਗ੍ਰੈਜੂਏਸ਼ਨ ਕਰ ਕੇ ਵੀ ਸਰਕਾਰੀ ਨੌਕਰੀ ਨਹੀਂ ਮਿਲੀ। ਵਿਦੇਸ਼ ਪੁੱਜੇ ਦੋਸਤਾਂ ਨੇ ਉਥੇ ਆਉਣ ਲਈ ਕਿਹਾ ਸੀ ਪਰ ਵਿਦੇਸ਼ਾਂ ਵਿਚ ਜਾਣ ਲਈ 20-25 ਲੱਖ ਰੁਪਏ ਲਾਉਣ ਨਾਲੋਂ ਉਸ ਨੇ ਸੋਚਿਆ ਕਿ ਉਹ ਆਪਣਾ ਕੰਮ ਹੀ ਕਰੇਗਾ, ਜਿਸ ਵਿਚ ਆਜ਼ਾਦੀ ਹੋਵੇਗੀ।ਉਸ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਪੁੱਤਰ ਨੂੰ ਇਹ ਕੰਮ ਪਸੰਦ ਆਇਆ ਤਾਂ ਸਹਿਯੋਗ ਕਰਨ ਦਾ ਮਨ ਬਣਾ ਲਿਆ। ਉਸ ਦੇ ਬੱਚੇ ਨੇ ਹੋਟਲ ਮੈਨੇਜਮੈਂਟ ਦੀ ਸਟੱਡੀ ਕੀਤੀ ਹੈ। ਉਨ੍ਹਾਂ ਵੱਲੋਂ ਬਣਾਇਆ ਕੁਲਚਾ ਸਿਹਤ ’ਤੇ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪਾਉਂਦਾ। ਸੁਖਜੋਤ ਸਿੰਘ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਨੌਜਵਾਨਾਂ ਪੰਜਾਬ ਵਿਚ ਕਾਰੋਬਾਰ ਸੈੱਟ ਕਰ ਸਕਦੇ ਹਨ। ਆਜ਼ਾਦੀ ਨਾਲ ਕੰਮ ਕਰਨ ਵਿਚ ਵੱਖਰਾ ਹੀ ਸਕੂਨ ਮਿਲਦਾ ਹੈ।

Comment here