ਅਪਰਾਧਸਿਆਸਤਖਬਰਾਂ

ਫੰਡਾਂ ’ਚ ਘਪਲੇਬਾਜ਼ੀ ਦੇ ਦੋਸ਼ ’ਚ ਪੰਚਾਇਤ ਸੈਕਟਰੀ ਤੇ ਸਰਪੰਚ ਕਾਬੂ

ਸੰਗਰੂਰ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜੋ ਸਖ਼ਤ ਕਦਮ ਚੁੱਕੇ ਹਨ, ਉਨ੍ਹਾਂ ਕਦਮਾਂ ਦੇ ਅਸਰ ਪੰਜਾਬ ਅੰਦਰ ਸਰਕਾਰੀ ਦਫ਼ਤਰਾਂ ’ਚ ਦੇਖਣ ਨੂੰ ਮਿਲ ਰਹੇ ਹਨ। ਗੌਤਮ ਸਿੰਗਲ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਪਟਿਆਲਾ ਦੀਆਂ ਹਦਾਇਤਾਂ ’ਤੇ ਸਤਨਾਮ ਸਿੰਘ ਵਿਰਕ ਉਪ ਕਪਤਾਨ ਪੁਲਸ ਸੰਗਰੂਰ ਵੱਲੋਂ ਪੰਚਾਇਤ ਸੈਕਟਰੀ ਸਮੇਤ ਸਾਬਕਾ ਸਰਪੰਚ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਪਿਛਲੇ ਸਮੇਂ ’ਚ ਪੰਚਾਇਤੀ ਫੰਡਾਂ ਅੰਦਰ ਘਪਲੇਬਾਜ਼ੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਸੁਦਰਸ਼ਨ ਕੁਮਾਰ ਵਿਜੀਲੈਂਸ ਬਿਊਰੋ ਸੰਗਰੂਰ ਦੱਸਿਆ ਕਿ ਵਿਜੀਲੈਂਸ ਇਨਕੁਆਰੀ ਨੰਬਰ 11 ਮਿਤੀ 04/08/2017 ਪਟਿਆਲਾ, ਵਿਜੀਲੈਂਸ ਇਨਕੁਆਰੀ ਨੰਬਰ 08 ਮਿਤੀ 18/07/2017 ਪਟਿਆਲਾ ਸ਼ਿਕਾਇਤ ਨੰਬਰ 64/2017 ਸੰਗਰੂਰ ਅਤੇ ਸ਼ਿਕਾਇਤ ਨੰਬਰ 117/2017 ਸੰਗਰੂਰ ਦੀ ਪਡ਼ਤਾਲ ਤੋਂ ਪਾਇਆ ਗਿਆ ਹੈ ਕਿ ਪਿੰਡ ਚਾਂਦੂ ਰਾਜਲਹੇੜੀ ਨਵਾਂਗਾਓਂ ਅਤੇ ਸ਼ੇਰਗੜ੍ਹ ਉਰਫ ਸ਼ੀਹਾਂ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਵਿਖੇ ਧਨਵੰਤ ਸਿੰਘ ਬਤੌਰ ਪੰਚਾਇਤ ਸੈਕਟਰੀ ਲੱਗਿਆ ਹੋਇਆ ਸੀ।  ਇਨ੍ਹਾਂ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਲਈ ਕਾਫ਼ੀ ਪੈਸਾ ਆਇਆ। ਜਿਸ ਵਿੱਚ ਪੈਸੇ ਦੀ ਘਪਲੇਬਾਜੀ ਦੇ ਦੋਸ਼ ਲਗੇ ਹਨ। ਵਿਕਾਸ ਦੇ ਕੰਮਾਂ ’ਚ ਹੋਈ ਘਪਲੇਬਾਜ਼ੀ ਸਬੰਧੀ ਪਿੰਡ ਨਵਾਂ ਗਾਓਂ ਦੇ ਲੋਕਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਮਿਤੀ 18/04/2017 ਨੂੰ ਸ਼ਿਕਾਇਤ ਕੀਤੀ ਗਈ। ਪੰਚਾਇਤ ਦੇ ਕੰਮਾਂ ’ਚ ਹੋਏ ਘਪਲਿਆਂ ਸਬੰਧੀ ਸ਼ਿਕਾਇਤਾਂ ਹੋਣ ’ਤੇ ਧਨਵੰਤ ਸਿੰਘ ਪੰਚਾਇਤ ਸੈਕਟਰੀ ਗਰਾਮ ਪੰਚਾਇਤਾਂ ਚਾਂਦੂ, ਰਾਜਲਹੇੜੀ ਨਵਾਂ ਗਾਓਂ ਅਤੇ ਸ਼ੇਰਗੜ੍ਹ ਉਰਫ ਸ਼ੀਹਾਂ ਸਿੰਘ ਵਾਲਾ ਨਾਲ ਸਬੰਧਤ ਰਿਕਾਰਡ, ਜਿਵੇਂ ਕਿ ਕੈਸ਼ ਬੁੱਕ, ਕਾਰਵਾਈ ਰਜਿਸਟਰ, ਪਟਾਨਾਮਾ ਰਜਿਸਟਰ, 4 ਨੰਬਰ ਰਸੀਦ, ਵਾਊਚਰ ਫਾਈਲਾਂ, ਬਿੱਲ, ਮਸਟਰੋਲ ਵਗੈਰਾ ਖੁਰਦ-ਬੁਰਦ ਕਰਨ ਲਈ ਆਪਣੇ ਘਰ ਲੈ ਗਿਆ। ਗ੍ਰਾਮ ਪੰਚਾਇਤ ਪਿੰਡ ਚਾਂਦੂ ਦੇ ਕੰਮਾਂ ’ਚ 1,33,000,00/- ਰੁਪਈਏ ਦੇ ਘਪਲੇ ਦਾ ਦੋਸ਼ ਹੈ, ਪਿੰਡ ਸ਼ੇਰਗੜ੍ਹ ਉਰਫ ਸ਼ੀਹਾਂ ਸਿੰਘ ਵਾਲਾ ਦੇ ਵਿਕਾਸ ਕੰਮਾਂ ਲਈ ਤਕਰੀਬਨ 1,18,000,00/-ਰੁਪਏ ਪ੍ਰਾਪਤ ਹੋਏ ਸਨ। ਪਿੰਡ ਨਵਾਂ ਗਾਓਂ ਵਿਖੇ 274 ਏਕੜ ਸ਼ਾਮਲਾਟ ਜ਼ਮੀਨ ਹੈ, ਜਿਸ ਨੂੰ ਠੇਕੇ ’ਤੇ ਦੇਣ ਤੋਂ ਗਰਾਮ ਪੰਚਾਇਤ ਨਵਾਂ ਗਾਓਂ ਨੂੰ ਤਕਰੀਬਨ 55,000,00/,- ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ, ਜੋ  ਪਿੰਡ ਦੇ ਵਿਕਾਸ ਲਈ  ਹੁੰਦੇ ਹਨ ਪਰ ਇਸ ਖਰਚੇ ਸਬੰਧੀ ਰਿਕਾਰਡ ਕੋਈ ਵੀ ਰਿਕਾਰਡ ਸਪੱਸ਼ਟ ਨਹੀਂ ਹੈ, ਇਹ ਖੁਰਦ-ਬੁਰਦ ਕਰ ਦਿੱਤਾ ਗਿਆ। ਪਿੰਡ ਰਾਜਲ ਹੇੜੀ ਵਿਖੇ ਪਿੰਡ ਦੇ ਵਿਕਾਸ ਦੇ ਕੰਮਾਂ ਸਬੰਧੀ ਤਕਰੀਬਨ 71,17,648/- ਰੁਪਈਏ ਦੇ ਖਰਚੇ ਸਬੰਧੀ ਰਿਕਾਰਡ ਖੁਰਦ-ਬੁਰਦ ਕਰ ਦਿੱਤਾ ਗਿਆ। ਪੜਤਾਲ ਤੋਂ ਪਤਾ ਲੱਗਾ ਹੈ ਕਿ ਪੰਚਾਇਤ ਸੈਕਟਰੀ ਨੇ ਸਰਕਾਰੀ ਰਿਕਾਰਡ ਨੂੰ ਅੱਗ ਨਾਲ ਸੜਿਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਅਸਲ ’ਚ ਸੈਕਟਰੀ ਪੰਚਾਇਤਾਂ ਦੇ ਫੰਡਾਂ ’ਚ ਘਪਲੇਬਾਜ਼ੀ ਕਾਰਨ ਇੰਨਾਂ ਨੂੰ ਛੁਪਾ ਰਿਹਾ ਹੈ। ਇਨ੍ਹਾਂ ਘਪਲਿਆਂ ਨੂੰ ਛੁਪਾਉਣ ਲਈ ਧਨਵੰਤ ਸਿੰਘ ਪੰਚਾਇਤ ਸੈਕਟਰੀ, ਪਰਮਜੀਤ ਸਿੰਘ ਸਰਪੰਚ ਪਿੰਡ ਨਵਾਂ ਗਾਓਂ ਅਤੇ ਗੁਰਮੀਤ ਸਿੰਘ ਸਰਪੰਚ ਪਿੰਡ ਚਾਂਦੂ ਦਾ ਹੱਥ ਹੈ। ਇਨ੍ਹਾਂ ਨੇ ਮਿਲੀਭੁਗਤ ਕਰਕੇ ਸੋਚ-ਸਮਝ ਕੇ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਹੈ ਅਤੇ ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੇ ਦੋਸ਼ੀਆਂ ਧਨਵੰਤ ਸਿੰਘ ਪੰਚਾਇਤ ਸੈਕਟਰੀ ਅਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਨਵਾਂ ਗਾਓਂ ਨੂੰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

Comment here