ਜੰੰਮੂ- ਲੱਦਾਖ ਦੇ ਤੁਰਤੁਕ ਸੈਕਟਰ ‘ਚ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ, ਜਦਕਿ 19 ਜ਼ਖਮੀ ਹੋ ਗਏ। ਸਾਰਿਆਂ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ‘ਚੋਂ ਕਈ ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਫ਼ੌਜੀਆਂ ਨਾਲ ਭਰੀ ਇੱਕ ਬੱਸ ਸ਼ਿਓਕ ਨਦੀ ‘ਚ ਡਿੱਗ ਗਈ। ਜਵਾਨਾਂ ਦੀ ਇਕ ਟੁਕੜੀ ਬੱਸ ‘ਚ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਹਨੀਫ ਸੈਕਟਰ ਦੇ ਅੱਗੇ ਖੇਤਰ ਵੱਲ ਜਾ ਰਹੀ ਸੀ। ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ 26 ਫ਼ੌਜੀਆਂ ਦੀ ਟੀਮ ਇਕ ਬੱਸ ‘ਚ ਪਰਤਾਪੁਰ ਸਥਿਤ ਟਰਾਂਜ਼ਿਟ ਕੈਂਪ ਤੋਂ ਅੱਗੇ ਜਾ ਰਹੀ ਸੀ। ਹਨੀਫ ਸੈਕਟਰ ਵੱਲ ਜਾ ਰਹੀ ਬੱਸ ਜਦੋਂ ਥੋਈਆਂ ਤੋਂ ਕਰੀਬ 25 ਕਿਲੋਮੀਟਰ ਦੂਰ ਪਹੁੰਚੀ ਤਾਂ ਅਚਾਨਕ ਬੱਸ ਡਰਾਈਵਰ ਤੋਂ ਬੇਕਾਬੂ ਹੋ ਗਈ ਤੇ ਸੜਕ ਤੋਂ ਕਰੀਬ 90 ਫੁੱਟ ਹੇਠਾਂ ਸ਼ਿਓਕ ਨਦੀ ‘ਚ ਜਾ ਡਿੱਗੀ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਆਸਪਾਸ ਦੇ ਲੋਕਾਂ ਤੇ ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਮਿਲ ਕੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਨਦੀ ਵਿੱਚ ਡਿੱਗੇ ਸਾਰੇ ਜਵਾਨਾਂ ਨੂੰ ਕੱਢ ਲਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ, ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਕਾਮਨਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਹੀਦ ਜਵਾਨਾਂ ਦੀ ਆਤਮਿਕ ਸ਼ਾਂਤੀ ਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ਼ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ, “ਲੱਦਾਖ ਵਿਚ ਵਾਪਰੀ ਘਟਨਾ ’ਚ ਸਾਡੇ 7 ਬਹਾਦਰ ਸੈਨਿਕਾਂ ਦੀਆਂ ਕੀਮਤੀ ਜਾਨਾਂ ਜਾਣ ਦੀ ਖ਼ਬਰ ਤੋਂ ਦੁਖੀ ਤੇ ਸਦਮੇ ਵਿਚ ਹਾਂ। ਪੀੜਤ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ”।
Comment here