ਮਨੁੱਖ ਆਦਿਕਾਲ ਤੋਂ ਹੀ ਫੈਸ਼ਨ ਦੇ ਦੌਰ ਵਿੱਚੋਂ ਵਿਚਰਦਾ ਆ ਰਿਹਾ ਹੈ।ਹਰ ਮਨੁੱਖ ਦੇ ਤਿਆਰ ਹੋਣ ਦੇ ਢੰਗ ਅਤੇ ਰਹਿਣ-ਸਹਿਣ ਦੇ ਤਰੀਕੇ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਪਰਿਵਾਰਿਕ ਰਹਿਣੀ-ਬਹਿਣੀ ਕਿਸ ਢੰਗ ਦੀ ਹੋ ਸਕਦੀ ਹੈ।ਹਰ ਵਿਅਕਤੀ ਦੇ ਮਨ ਅੰਦਰ ਮੌਕਿਆਂ ਦੇ ਮੁਤਾਬਿਕ ਸੁੰਦਰ ਦਿਖਣ ਦੀ ਲਾਲਸਾ ਹੁੰਦੀ ਹੈ। ਮੰਨਿਆ ਕਿ ਫੈਸ਼ਨ ਅਤੇ ਸਮਾਜ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਪਰ ਫਿਰ ਵੀ ਫੈਸ਼ਨ ਦਾ ਦਾਇਰਾ ਸਮਾਜ ਮੁਤਾਬਿਕ ਢੁਕਵਾਂ ਹੀ ਚੰਗਾ ਲੱਗਦਾ ਹੈ। ਫੈਸ਼ਨ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜੋ ਕਦੇ ਖਤਮ ਨਹੀਂ ਹੁੰਦੀ ਪ੍ਰਤੂੰ ਸਮੇਂ ਸਮੇਂ ਤੇ ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ।
ਫੈਸ਼ਨ ਕਿਸੇ ਵਿਅਕਤੀ ਦੁਆਰਾ ਅਪਣਾਈ ਜਾਣ ਵਾਲੀ ਕੱਪੜਿਆਂ ਅਤੇ ਰਹਿਣ-ਸਹਿਣ ਦੀ ਸਭ ਤੋਂ ਨਵੀਂ ਅਤੇ ਪ੍ਰਚਲਿਤ ਸ਼ੈਲੀ ਹੁੰਦੀ ਹੈ ਜੋ ਹਰ ਵਿਅਕਤੀ ਦੇ ਸਮਾਜਿਕ ਵਰਤਾਰੇ ਮੁਤਾਬਿਕ ਉਚਿਤ ਅਤੇ ਢੁਕਵੀਂ ਹੋਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਦੀ ਸੋਚ,ਉਸ ਦੇ ਅੰਦਰ ਦੀਆਂ ਭਾਵਨਾਵਾਂ ਅਤੇ ਉਸ ਦੇ ਵਿਚਾਰਾਂ ਦਾ ਅੰਦਾਜ਼ਾ ਉਸ ਦੇ ਪਹਿਰਾਵੇ ਤੋਂ ਲਗਾਇਆ ਜਾ ਸਕਦਾ ਹੈ।ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦਾ ਪਹਿਰਾਵਾ ਉਸ ਦੀ ਸ਼ਖ਼ਸੀਅਤ ਨੂੰ ਵੀ ਉਜਾਗਰ ਕਰਦਾ ਹੈ।ਸਮਾਜ ਵਿੱਚ ਵਿਚਰਦਿਆਂ ਸਾਨੂੰ ਸਮਾਜਿਕ ਤੌਰ ਤਰੀਕੇ ਅਪਣਾਉਣੇ ਪੈਂਦੇ ਹਨ। ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ,ਕੀ ਪਹਿਨਦੇ ਹਾਂ, ਕਿਸ ਤਰ੍ਹਾਂ ਦੇ ਲੱਗਦੇ ਹਾਂ ,ਸਾਡੇ ਰਹਿਣ-ਸਹਿਣ ਦੇ ਤੌਰ ਤਰੀਕੇ ਕੀ ਹਨ ?ਇਹ ਸਭ ਫੈਸ਼ਨ ਹੀ ਤਾਂ ਹੈ।
ਅੱਜ ਦੇ ਦੌਰ ਵਿੱਚ ਭਾਰਤੀ ਸੰਸਕ੍ਰਿਤੀ ਉੱਤੇ ਪੱਛਮੀ ਸੱਭਿਅਤਾ ਨੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਫ਼ਾਸਲੇ ਘਟਣ ਕਰਕੇ ਫੈਸ਼ਨ ਦਾ ਪ੍ਰਸਾਰ ਵੀ ਝਟਪਟ ਹੋ ਜਾਂਦਾ ਹੈ। ਅਸਲ ਵਿੱਚ ਫੈਸ਼ਨ ਅਤੇ ਸਮਾਜ ਨੂੰ ਕਈ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾਂ ਪਹਿਲ ਫੈਸ਼ਨ ਉੱਚ ਘਰਾਣਿਆਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਮੱਧਵਰਗੀ ਦਰਜੇ ਦੇ ਪਰਿਵਾਰਾਂ ਤੱਕ ਪਹੁੰਚਦਾ ਸੀ। ਸਮਾਜਿਕ ਦਾਇਰੇ ਨੂੰ ਦੇਖਦੇ ਹੋਏ ਆਮ ਵਰਗ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਫੈਸ਼ਨ ਅਪਣਾਉਣ ਦੀ ਜਾਂ ਤਾਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੇ ਜਾਂ ਫਿਰ ਘਰਾਂ ਵਿੱਚ ਬਜ਼ੁਰਗਾਂ ਦੀ ਸ਼ਰਮ-ਹਯਾ ਨੂੰ ਮੁੱਖ ਰੱਖਦੇ ਹੋਏ ਬਹੁਤੇ ਫੈਸ਼ਨ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਸੀ।ਪਰ ਅੱਜ ਕੱਲ੍ਹ ਫੈਸ਼ਨ ਸਿਨੇਮਾ ਅਤੇ ਟੀਵੀ ਕਲਾਕਾਰਾਂ ਦੁਆਰਾ ਬਹੁਤ ਛੇਤੀ ਛੇਤੀ ਪ੍ਰਚਲਿਤ ਹੋ ਕੇ ਸਮਾਜ ਦੇ ਹਰ ਵਰਗ ਤੱਕ ਪਹੁੰਚ ਜਾਂਦਾ ਹੈ ਜਿਸ ਕਰਕੇ ਸਾਡੇ ਸਮਾਜ ਵਿੱਚ ਫੈਸ਼ਨ ਦੀ ਇੱਕ ਹੋੜ ਜਿਹੀ ਲੱਗ ਗਈ ਹੈ।
ਫੈਸ਼ਨ ਦਾ ਰੁਝਾਨ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਪ੍ਰਚਲਿਤ ਹੈ। ਸਾਡੇ ਸਮਾਜ ਵਿੱਚ ਔਰਤ ਨੂੰ ਘਰ ਦੀ ਇੱਜ਼ਤ ਕਿਹਾ ਜਾਂਦਾ ਹੈ।ਇਸ ਲਈ ਮੱਧਵਰਗੀ ਅਤੇ ਨਿਚਲੇ ਵਰਗ ਦੇ ਸਮਾਜ ਵਿੱਚ ਵਿਚਰਦਿਆਂ ਫੈਸ਼ਨ ਨੂੰ ਅਪਣਾਉਣ ਲੱਗਿਆਂ ਲੜਕੀਆਂ ਨੂੰ ਆਪਣੇ ਘਰੇਲੂ ਮਾਹੌਲ ਅਤੇ ਆਪਣੇ ਆਲੇ-ਦੁਆਲੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੰਨਿਆ ਕਿ ਨਵੀਨੀਕਰਨ ਦਾ ਜ਼ਮਾਨਾ ਹੈ। ਜ਼ਮਾਨੇ ਨਾਲ ਤੁਰਨਾ ਬਹੁਤ ਚੰਗੀ ਗੱਲ ਹੈ ਪਰ ਕਹਿੰਦੇ ਹਨ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਕਈ ਲੜਕੀਆਂ ਸਭਿਆਚਾਰਕ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਵਿਦੇਸ਼ੀ ਪ੍ਰਭਾਵ ਹੇਠਲਾ ਪਹਿਰਾਵਾ ਪਹਿਨ ਕੇ ਜਾਂਦੀਆਂ ਹਨ ਜਾਂ ਧਾਰਮਿਕ ਸਮਾਗਮਾਂ ਤੇ ਚਮਕੀਲੇ ਭੜਕੀਲੇ ਕੱਪੜੇ ਪਹਿਨਣੇ,ਕੀ ਉਸ ਨੂੰ ਉਚਿਤ ਸਮਝਿਆ ਜਾ ਸਕਦਾ ਹੈ? ਇਸ ਦਾ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਵੇਖਣ ਵਾਲਾ ਵਿਅਕਤੀ ਮਨ ਵਿੱਚ ਕੁਝ ਨਾ ਕੁਝ ਕਿੰਤੂ ਪ੍ਰੰਤੂ ਜ਼ਰੂਰ ਕਰ ਰਿਹਾ ਹੁੰਦਾ ਹੈ।
ਸਾਡੇ ਅੱਜ ਦੇ ਸਮਾਜ ਉੱਪਰ ਵਿਸ਼ਵੀਕਰਨ ਅਤੇ ਆਧੁਨਿਕੀਕਰਨ ਨੇ ਬਹੁਤਾ ਸਾਰਥਕ ਪ੍ਰਭਾਵ ਨਹੀਂ ਪਾਇਆ ਹੈ। ਅੱਜ ਕੱਲ੍ਹ ਕੁੜੀਆਂ ਆਪਣੀ ਗੱਲ-ਬਾਤ ਪਹਿਰਾਵੇ ਵਿੱਚ ਕਲਾਕਾਰਾਂ ਤੇ ਮਾਡਲਾਂ ਦੀ ਨਕਲ ਕਰਦੀਆਂ ਹਨ।ਕਈ ਕੁੜੀਆਂ ਇੰਨੇ ਤੰਗ ਅਤੇ ਛੋਟੇ ਕੱਪੜੇ ਪਾਉਂਦੀਆਂ ਹਨ ਕਿ ਵੇਖਣ ਵਾਲੇ ਨੂੰ ਸ਼ਰਮ ਆ ਜ਼ਾਂਦੀ ਹੈ॥ਦੁੱਪਟਾ ਲੈਣ ਦਾ ਫੈਸ਼ਨ ਤਾਂ ਅੱਜ ਕੱਲ ਰਿਹਾ ਹੀ ਨਹੀਂ। ਕੁੜੀਆਂ ਜ਼ਿਆਦਾਤਰ ਜੀਨ ਪਾਉਂਦੀਆਂ ਹਨ।ਸੂਟ ਪਾਉਣਾ ਤਾਂ ਉਹਨਾਂ ਨੂੰ ਸ਼ਾਨ ਦੇ iਖ਼ਲਾਫ ਲੱਗਦਾ ਹੈ।ਕਈ ਵਾਰ ਉਹਨਾਂ ਦੇ ਸਰੀਰ ਦੇ ਕੁਝ ਹਿੱਸੇ ਜ਼ਰੂਰਤ ਤੋਂ ਜ਼ਿਆਦਾ ਨੰਗੇ ਹੁੰਦੇ ਹਨ। ਮਾਵਾਂ ਇਹ ਦੱਸਦੇ ਹੋਏ ਬੜੀ ਸ਼ਾਨ ਸਮਝਦੀਆਂ ਹਨ ਕਿ ਉਸ ਨੇ ਤਾਂ ਆਪਣੀ ਧੀ ਨੂੰ ਕਦੇ ਸੂਟ ਪਵਾਇਆ ਹੀ ਨਹੀਂ। ਅਜਿਹੀਆਂ ਮਾਵਾਂ ਨੂੰ ਆਪਣੀ ਸੋਚ ਦਾ ਪੱਧਰ ਸੁਧਾਰਨ ਦੀ ਜ਼ਰੂਰਤ ਹੈ। ਐਵੇਂ ਤਾਂ ਨਹੀਂ ਸਿਆਣੇ ਕਹਿ ਗਏ, “ਖਾਈਏ ਮਨ ਭਾਉਂਦਾ ਤੇ ਪਹਿਨੀਏ ਜਗ ਭਾਉਂਦਾ।”
ਵਾਲਾਂ ਨੂੰ ਰੰਗਣ ਦਾ ਰਿਵਾਜ ਵੀ ਕੁਝ ਜ਼ਿਆਦਾ ਵੱਧ ਗਿਆ ਹੈ।ਉਹ ਵਾਲਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗ ਕਰਾਉਂਦੀਆਂ ਹਨ। ਉਹ ਵਾਲਾਂ ਨੂੰ ਸਿੱਧੇ (ਸਟ੍ਰੇਟ) ਕਰਵਾਉਣ ਲਈ ਹਜ਼ਾਰਾਂ ਰੁਪਏ ਖਰਚ ਦਿੰਦੀਆਂ ਹਨ। ਮੈਂ ਆਪਣੇ ਜਾਣ-ਪਛਾਣ ਜਾਂ ਰਿਸ਼ਤੇਦਾਰਾਂ ਦੀਆਂ ਲੜਕੀਆਂ ਜਦੋਂ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਂਦੀਆਂ ਦੇਖੀਆਂ ਹਨ ਤਾਂ ਹੋਰ ਜ਼ਰੂਰੀ ਵਸਤਾਂ ਦੇ ਨਾਲ ਆਪਣੇ ਵਾਲਾਂ ਨੂੰ ਸਿੱਧੇ (ਸਟ੍ਰੇਟ ) ਕਰਵਾਉਣ ਦਾ ਇੱਕ ਕੰਮ ਜ਼ਰੂਰ ਕਰਵਾਉਂਦੀਆਂ ਹਨ। ਮੇਰੇ ਦਿਮਾਗ ਵਿਚ ਇਹ ਖਿਆਲ ਵਾਰ ਵਾਰ ਆਉਂਦਾ ਹੈ ,ਕੀ ਗੱਲ ਵਾਲ਼ ਸਿੱਧੇ ਕੀਤੇ ਬਿਨਾਂ ਵਿਦੇਸ਼ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ?
ਫੈਸ਼ਨ ਕਰਨ ਦਾ ਕੀ ਫਾਇਦਾ ਹੈ, ਸਿਰਫ ਸਰੀਰਕ ਸੁੰਦਰਤਾ ਵਧ ਜਾਂਦੀ ਹੈ? ਪਰ ਇਸ ਦੇ ਨੁਕਸਾਨਾਂ ਬਾਰੇ ਸੋਚਿਆ ਹੈ ।ਸ਼ਿੰਗਾਰ ਦੀਆਂ ਬਨਾਵਟੀ ਚੀਜ਼ਾਂ ਵਰਤ ਕੇ ਕੁਦਰਤੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਜ਼ਿਆਦਾ ਫੈਸ਼ਨਾਂ ਨਾਲ ਮੁੰਡੇ ਕੁੜੀਆਂ ਇੱਕ ਦੂਜੇ ਵੱਲ ਆਕਰਸ਼ਿਤ ਹੋ ਕੇ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦੇ ਹਨ।ਫੈਸ਼ਨ ਕਰਨ ਨਾਲ ਫਜ਼ੂਲ ਖ਼ਰਚੀ ਵੀ ਵਧ ਜਾਂਦੀ ਹੈ।ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਦਿਖਾਉਣ ਲਈ ਵੱਧ ਤੋਂ ਵੱਧ ਮਹਿੰਗੇ ਪਾਰਲਰਾਂ ਵਿੱਚ ਜਾਂਦੇ ਹਨ, ਮਹਿੰਗੇ ਕੱਪੜਿਆਂ ਦੀ ਵਰਤੋਂ ਕਰਦੇ ਹਨ। ਮੁੰਡਿਆਂ ਵੱਲੋਂ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਦਾੜ੍ਹੀ ਅਤੇ ਸਿਰ ਦੇ ਵਾਲਾਂ ਨੂੰ ਅਜੀਬੋਗਰੀਬ ਤਰੀਕੇ ਨਾਲ ਕਟਵਾਉਣਾ, ਭਰਵੱਟਿਆਂ ਤੇ ਮੁੰਦਰਾਂ ਪਾਉਣੀਆਂ ਆਦਿ ਫੈਸ਼ਨ ਕਰਨਾ ਨਿਰਾ ਜਲੂਸ ਹੀ ਲੱਗਦਾ ਹੈ।ਸਮਾਜ ਵਿੱਚ ਵਿਚਰਦਿਆਂ ਆਮ ਲੋਕਾਂ ਦਾ ਇਹੋ ਜਿਹੇ ਵਰਗ ਪ੍ਰਤੀ ਬਹੁਤਾ ਵਧੀਆ ਦਿੑਸ਼ਟੀਕੋਣ ਨਹੀਂ ਹੁੰਦਾ।
ਫੈਸ਼ਨ ਦੀ ਸੀਮਾ ਸੀਮਤ ਰੱਖਣ ਵਿੱਚ ਸਮਾਜ ਦਾ ਇੱਕ ਮਹੱਤਵਪੂਰਨ ਵਰਗ ਬਹੁਤ ਵਧੀਆ ਯੋਗਦਾਨ ਪਾ ਸਕਦਾ ਹੈ- ਉਹ ਹੈ ਦਰਜੀ ਜਾਂ ਜਿਸ ਨੂੰ ਅੱਜਕਲ੍ਹ ਬੂਟੀਕ ਦਾ ਨਾਮ ਦਿੱਤਾ ਗਿਆ ਹੈ।ਪੈਸੇ ਬਟੋਰਨ ਦੇ ਚੱਕਰ ਵਿੱਚ ਕੁਝ ਵੀ ਵਿੰਗਾ ਟੇਢਾ ਡਿਜ਼ਾਇਨ ਬਣਾ ਕੇ ਦੇਣ ਦੀ ਬਜਾਏ ਜੇ ਉਹ ਕੱਪੜੇ ਸਵਾਉਣ ਆਏ ਲੜਕੇ ਲੜਕੀਆਂ ਨੂੰ ਉਚਿਤ ਮਸ਼ਵਰਾ ਦੇ ਕੇ ਕੁਝ ਇਹੋ ਜਿਹੇ ਡਿਜ਼ਾਇਨ ਤਿਆਰ ਕਰਨ ਜੋ ਉਹਨਾਂ ਦੇ ਕਿਰਦਾਰ ਨੂੰ ਉਭਾਰਨ ਵਿੱਚ ਸਹਾਈ ਹੋਣ।ਇਹ ਉਹਨਾਂ ਦੇ ਕਾਰੋਬਾਰ ਨੂੰ ਇੱਕ ਵਰਦਾਨ ਬਣਾਉਣ ਵਿੱਚ ਸਿੱਧ ਹੋਵੇਗਾ। ਮਾਪਿਆਂ ਵੱਲੋਂ ਵੀ ਬੱਚਿਆਂ ਦੇ ਪਹਿਰਾਵੇ ਵੱਲ ਧਿਆਨ ਦੇ ਕੇ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਸਮੇਂ-ਸਮੇਂ ਤੇ ਸਹੀ ਸਲਾਹ ਦੇ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਸਹੀ ਦਿਸ਼ਾ ਦਿਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਹਨਾਂ ਵੱਲੋਂ ਬਾਹਰੀ ਦਿਖਾਵੇ ਦੀ ਥਾਂ ਸਦਾਚਾਰਕ ਕਦਰਾਂ-ਕੀਮਤਾਂ ਅਤੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਸਮਾਜ ਵਿੱਚੋਂ ਚੰਗੀਆਂ ਸ਼ਖ਼ਸੀਅਤਾਂ ਦੀਆਂ ਉਦਾਹਰਣਾਂ ਦੇ ਕੇ ਸੇਧ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਰਿਆਦਾ ਵਿੱਚ ਰਹਿ ਕੇ ਕੀਤਾ ਫੈਸ਼ਨ ਸੁੰਦਰਤਾ ਵਧਾਏਗਾ ਪਰ ਮਰਿਆਦਾ ਤੋਂ ਬਾਹਰ ਹੋ ਕੇ ਕੀਤਾ ਫੈਸ਼ਨ ਨਿਰਾ ਜਲੂਸ ਹੀ ਹੁੰਦਾ ਹੈ।ਸੀਰਤ ਨੂੰ ਸੰਵਾਰਿਆਂ ਸੂਰਤਾਂ ਆਪੇ ਨਿੱਖਰ ਆਉਂਦੀਆਂ ਹਨ।
ਸੋ ਕਿਸੇ ਨੂੰ ਵੀ ਆਪਣੇ ਸਮਾਜ ਦੀਆਂ ਧਾਰਮਿਕ, ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸ਼ਨ ਉਹ ਕਰਨਾ ਚਾਹੀਦਾ ਹੈ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਚੰਗਾ ਲੱਗੇ,ਜਿਸ ਨਾਲ ਮਨੁੱਖ ਦੀ ਸ਼ਖ਼ਸੀਅਤ ਨਿੱਖਰ ਕੇ ਸਾਹਮਣੇ ਆਵੇ। ਆਪਣੇ ਸੱਭਿਆਚਾਰਕ ਵਿਰਸੇ ਦੇ ਪਹਿਰਾਵੇ ਨੂੰ ਅਖਾਉਤੀ ਸੱਥਾਂ ਭਾਵ ਪ੍ਰਦਰਸ਼ਨੀਆਂ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਅਪਣਾ ਕੇ ਨਵੇਂ ਸਿਰੇ ਤੋਂ ਅਮੀਰ ਵਿਰਾਸਤ ਬਣਾਈਏ।
-ਬਰਜਿੰਦਰ ਕੌਰ
Comment here