ਅਪਰਾਧਸਿਆਸਤਖਬਰਾਂਦੁਨੀਆ

ਫੇਸਬੁੱਕ ’ਤੇ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਦੋਸ਼

ਵਾਸ਼ਿੰਗਟਨ-ਅਮਰੀਕਾ ਦੀ ਇਕ ਅਦਾਲਤ ਨੇ ਫੇਸਬੁੱਕ ਨੂੰ ਰਾਜ਼ਦਾਰੀ ਦੇ ਨਿਯਮਾਂ ਦੀ ਆੜ ਲੈ ਕੇ ਜਾਂਚ ’ਚ ਸਹਿਯੋਗ ਨਾ ਕਰਨ ’ਤੇ ਸਖ਼ਤ ਝਾੜ ਪਾਈ ਹੈ। ਅਦਾਲਤ ਨੇ ਫੇਸਬੁੱਕ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਤਲੇਆਮ ਮਾਮਲੇ ’ਚ ਫੇਸਬੁੱਕ ’ਤੇ ਪਾਈ ਗਈ ਰੋਹਿੰਗਿਆ ਵਿਰੋਧੀ ਸਮੱਗਰੀ ਦਾ ਰਿਕਾਰਡ ਜਾਂਚ ਕਰਤਾਵਾਂ ਨੂੰ ਮੁਹੱਈਆ ਕਰਾਏ। ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਦੇ ਮਾਮਲੇ ’ਚ ਅੰਤਰਰਾਸ਼ਟਰੀ ਅਦਾਲਤ ’ਚ ਇਕ ਮੁਕੱਦਮਾ ਚੱਲ ਰਿਹਾ ਹੈ। ਇਸਦੇ ਲਈ ਫੇਸਬੁੱਕ ’ਤੇ ਜਿਨ੍ਹਾਂ ਅਕਾਊਂਟਸ ਨਾਲ ਨਫ਼ਰਤ ਫੈਲਾਈ ਗਈ ਸੀ, ਉਸਦਾ ਡਾਟਾ ਜਾਂਚ ਲਈ ਮੰਗਿਆ ਗਿਆ ਹੈ।
ਫੇਸਬੁੱਕ ਨੇ ਡਾਟਾ ਨਾ ਦੇਣ ਲਈ ਅਮਰੀਕਾ ਦੇ ਗੁਪਤ ਕਾਨੂੰਨ ਦੀ ਆੜ ਲਈ ਸੀ। ਵਾਸ਼ਿੰਗਟਨ ਡੀਸੀ ’ਚ ਚੱਲ ਰਹੇ ਇਸ ਮਾਮਲੇ ’ਚ ਅਦਾਲਤ ਨੇ ਫੇਸਬੁੱਕ ਨੂੰ ਸਖਤ ਝਾੜ ਪਾਈ। ਅਦਾਲਤ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਦੇ ਸਬੰਧ ’ਚ ਨਫ਼ਰਤ ਫੈਲਾਉਣ ਵਾਲਾ ਰਿਕਾਰਡ ਫੇਸਬੁੱਕ ਨੇ ਹਟਾਇਆ ਹੈ। ਅਜਿਹੀ ਸਥਿਤੀ ’ਚ ਹਟਾਈ ਗਈ ਸਮੱਗਰੀ ਦੇ ਮਾਮਲੇ ’ਚ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਜਾਂਚ ਲਈ ਫੇਸਬੁੱਕ ਹਟਾਏ ਗਏ ਡਾਟਾ ਨੂੰ ਮੁਹੱਈਆ ਕਰਾਏ।
ਜ਼ਿਕਰਯੋਗ ਹੈ ਕਿ ਫ਼ੌਜ ਦੇ ਅੱਤਿਆਚਾਰ ਕਾਰਨ 2017 ’ਚ ਮਿਆਂਮਾਰ ਤੋਂ ਲਗਪਗ ਸੱਤ ਲੱਖ 30 ਹਜ਼ਾਰ ਰੋਹਿੰਗਿਆ ਮੁਸਲਮਾਨ ਹਿਜਰਤ ਕਰ ਗਏ ਸਨ। ਇਸ ਦੌਰਾਨ ਵੱਡੇ ਪੱਧਰ ’ਤੇ ਕਤਲੇਆਮ ਤੇ ਜਬਰ ਜਨਾਹ ਦੀਆਂ ਘਟਨਾਵਾਂ ਜਾਣਕਾਰੀ ’ਚ ਆਈਆਂ ਸਨ। ਇਸ ਮਾਮਲੇ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਜਾਂਚ ਕਰਤਾਵਾਂ ਨੇ ਫੇਸਬੁੱਕ ’ਤੇ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਦੋਸ਼ ਲਗਾਇਆ ਸੀ।

Comment here