ਅਪਰਾਧਖਬਰਾਂਮਨੋਰੰਜਨ

ਫੇਰ ਕਨੂੰਨੀ ਸ਼ਿਕੰਜੇ ਚ ਫਸਿਆ ਕੁੰਦਰਾ, ਅਸ਼ਲੀਲ ਫਿਲਮਾਂ ਬਣਾਉਣ ਦਾ ਦੋਸ਼

ਮੁੰਬਈ-ਅਸ਼ਲੀਲ ਫਿਲਮਾਂ ਬਣਾਉਣ ਤੇ ਕੁਝ ਐਪਸ ਤੇ ਚਲਾਉਣ ਦੇ ਗੰਭੀਰ ਦੋਸ਼ਾਂ ਤਹਿਤ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿਚ ਉਸ ਨੂੰ ਮੁੱਖ ਆਰੋਪੀ ਬਣਾਇਆ ਹੈ। ਜਾਣਕਾਰੀ ਅਨੁਸਾਰ ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ਵਿਚ ਕੇਸ ਦਰਜ ਕੀਤਾ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਸੀ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਹਨ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁੰਦਰਾ ਤੋਂ ਪਹਿਲਾਂ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਤੇ ਉਸ ਨੂੰ ਇਹਨਾਂ ਆਰੋਪੀਆਂ ਦੇ ਬਿਆਨ ਅਤੇ ਤਕਨੀਕੀ ਸਬੂਤਾਂ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਰਾਜ ਕੁੰਦਰਾ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਇਸ ਐਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੁਲਿਸ ਅਨੁਸਾਰ ਮੁੰਬਈ ਦੀ ਫਿਲਮ ਇੰਡਸਟਰੀ ਵਿਚ ਕੰਮ ਦੀ ਭਾਲ ਵਿਚ ਆਈਆਂ ਮਾਸੂਮ ਅਤੇ ਲੋੜਵੰਦ ਲੜਕੀਆਂ ਨੂੰ ਇਸ ਕੰਮ ਲਈ ਫਸਾਇਆ ਗਿਆ ਸੀ। ਕੁੰਦਰਾ ਵੱਲੋਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਹੈ ਅਤੇ ਅਗਲੇ ਹਫ਼ਤੇ ਅਦਾਲਤ ਉਸ ‘ਤੇ ਸੁਣਵਾਈ ਕਰ ਸਕਦੀ ਹੈ। ਭਾਰਤ ਵਿੱਚ ਅਸ਼ਲੀਲ ਵੀਡੀਓ ਤਿਆਰ ਕਰਨਾ ਅਤੇ ਇਸ ਨੂੰ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਦੂਸਰੇ ਲੋਕਾਂ ਤੱਕ ਭੇਜਣਾ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਨੂੰ ਪ੍ਰਕਾਸ਼ਤ, ਪ੍ਰਸਾਰਿਤ ਕਰਨ ਦੀ ਵੀ ਮਨਾਹੀ ਹੈ। ਭਾਰਤ ਵਿੱਚ ‘ਚਾਈਲਡ ਪੋਰਨੋਗ੍ਰਾਫੀ’ ਵੀ ਕਾਨੂੰਨੀ ਜੁਰਮ ਹੈ। ਇਸ ਦੇ ਤਹਿਤ ਆਉਣ ਵਾਲੇ ਮਾਮਲੇ ਆਈਟੀ ਕਾਨੂੰਨ 2008 ਦੀਆਂ ਕਈ ਧਾਰਾਵਾਂ ਅਨੁਸਾਰ ਸਜ਼ਾ ਦੇ ਯੋਗ ਮੰਨੇ ਗਏ ਹਨ।ਅਜਿਹੇ ਮਾਮਲਿਆਂ ਵਿੱਚ ਪਹਿਲੀ ਵਾਰ ਗ਼ਲਤੀ ਕਰਨ ‘ਤੇ ਪੰਜ ਸਾਲ ਦੀ ਜੇਲ੍ਹ ਜਾਂ ਦੱਸ ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦੂਸਰੀ ਵਾਰ ਅਜਿਹੀ ਗ਼ਲਤੀ ਕਰਨ ‘ਤੇ ਸਜ਼ਾ ਵਿੱਚ ਸੱਤ ਸਾਲ ਤੱਕ ਦਾ ਵਾਧਾ ਹੋ ਸਕਦਾ ਹੈ,

ਯਾਦ ਰਹੇ ਵਿਵਾਦਾਂ ਚ ਰਹਿਣ ਵਾਲੇ ਰਾਜ ਕੁੰਦਰਾ ਨੇ 2005 ਵਿਚ ਕਵਿਤਾ ਨਾਲ ਵਿਆਹ ਕੀਤਾ ਸੀ। ਕਰੀਬ 3 ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਰਾਜ ਤੇ ਕਵਿਤਾ ਦੀ ਇਕ ਬੇਟੀ ਵੀ ਹੈ, ਜਿਸ ਦੀ ਕਸਟੱਡੀ ਮਾਂ ਕੋਲ ਹੀ ਹੈ। ਕਵਿਤਾ ਨਾਲ ਤਲਾਕ ਤੋਂ ਬਾਅਦ ਰਾਜ ਨੇ ਸਾਲ 2009 ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਵਿਆਹ ਕੀਤਾ। ਰਾਜ ਤੇ ਸ਼ਿਲਪਾ ਦੇ ਦੋ ਬੱਚੇ ਬੇਟਾ ਵਿਆਨ ਤੇ ਇਕ ਸਾਲ ਦੀ ਧੀ ਸਮਿਸ਼ਾ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 400 ਮਿਲੀਅਨ ਡਾਲਰ ਯਾਨੀ 2700 ਕਰੋੜ ਤੋਂ ਵੀ ਜ਼ਿਆਦਾ ਹੈ। ਰਾਜ ਕੁੰਦਰਾ ਦੇ ਪਿਤਾ ਬ੍ਰਿਟੇਨ ਵਿੱਚ ਬੱਸ ਕੰਡਕਟਰ ਸਨ ਅਤੇ 1994 ਵਿੱਚ ਪਸ਼ਮੀਨਾ ਸ਼ਾਲ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਨੇਪਾਲ ਤੋਂ ਪਸ਼ਮੀਨਾ ਸ਼ਾਲ ਖ਼ਰੀਦ ਕੇ ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਹਾਊਸ ਵਿੱਚ ਸਪਲਾਈ ਕੀਤੇ ਅਤੇ ਇੱਕ ਸਾਲ ਵਿੱਚ ਦੋ ਕਰੋੜ ਪਾਉਂਡ ਦੀ ਕਮਾਈ ਕੀਤੀ। ਇਸ ਮੁਨਾਫ਼ੇ ਨਾਲ ਰਾਜ ਕੁੰਦਰਾ ਨੇ ਹੀਰੇ ਦੇ ਵਪਾਰ ਵਿੱਚ ਹੱਥ ਅਜ਼ਮਾਇਆ ਅਤੇ ਉਸ ਤੋਂ ਬਾਅਦ ਰੂਸ, ਯੂਕਰੇਨ, ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਰੀਅਲ ਅਸਟੇਟ, ਮਾਈਨਿੰਗ ਅਤੇ ਊਰਜਾ ਦੇ ਖੇਤਰ ਵਿੱਚ ਵਪਾਰ ਸ਼ੁਰੂ ਕੀਤਾ। 2004 ਵਿੱਚ ਰਾਜ ਕੁੰਦਰਾ ਬ੍ਰਿਟੇਨ ਦੀ ਇੱਕ ਪੱਤਰਿਕਾ ਦੁਆਰਾ ਏਸ਼ਿਆਈ ਮੂਲ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਹੋਏ ਸਨ।ਰਾਜ ਕੁੰਦਰਾ ਇੱਕ ਵਪਾਰੀ ਹੈ ਅਤੇ ਆਈਪੀਐਲ ਵਿੱਚ ਉਨ੍ਹਾਂ ਦੀ ਇੱਕ ਕ੍ਰਿਕੇਟ ਟੀਮ ਵੀ ਹੈ। 2013 ਵਿੱਚ ਕੁੰਦਰਾ ਉਪਰ ਮੈਚ ਫਿਕਸਿੰਗ ਦੇ ਆਰੋਪ ਲੱਗੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁੰਦਰਾ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ ਸੀ।

Comment here