ਅਪਰਾਧਖਬਰਾਂ

ਫੁੱਟਪਾਥ ‘ਤੇ ਸੁੱਤੇ 6 ਲੋਕਾਂ ਨੂੰ ਟਰੱਕ ਨੇ ਕੁਚਲਿਆ, 4 ਹਲਾਕ

ਨਵੀਂ ਦਿੱਲੀ-ਭਾਰਤ ਵਿਚ ਸੜਕ ਹਾਦਸਿਆਂ ਦੀ ਗਿਣਤੀ ਵਿਚ ਇਜਾਫਾ ਹੁੰਦਾ ਜਾ ਰਿਹਾ ਹੈ। ਹੁਣ ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਮੰਗਲਵਾਰ ਅੱਧੀ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਟਰੱਕ ਨੇ ਡਿਵਾਈਡਰ ‘ਤੇ ਸੁੱਤੇ 6 ਲੋਕਾਂ ਨੂੰ ਦਰੜ ਦਿੱਤਾ, ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਬੁਰੀ ਤਰ੍ਹਾਂ ਜ਼ਖਮੀ ਲੋਕਾਂ ਨੂੰ ਜੀਟੀਬੀ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਰੀਮ (52), ਛੋਟੇ ਖਾਨ (25), ਸ਼ਾਹ ਆਲਮ (38) ਵਾਸੀ ਸ਼ਾਲੀਮਾਰ ਗਾਰਡਨ, ਰਾਹੁਲ (45) ਵਾਸੀ ਸੀਮਾਪੁਰੀ ਵਜੋਂ ਹੋਈ ਹੈ। ਹਾਦਸੇ ‘ਚ ਜ਼ਖ਼ਮੀ ਹੋਏ ਤੁਲਸੀ ਨਿਕੇਤਨ ਵਾਸੀ ਮਨੀਸ਼ (16), ਪ੍ਰਦੀਪ (30) ਵਾਸੀ ਤਾਹਿਰਪੁਰ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਜ਼ਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਆਰ ਸਤਿਆਸੁੰਦਰਮ ਨੇ ਦੱਸਿਆ ਕਿ ਮੰਗਲਵਾਰ ਰਾਤ 1:51 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੀਮਾਪੁਰੀ ਬੱਸ ਡਿਪੂ ਨੇੜੇ ਡਿਵਾਈਡਰ ‘ਤੇ ਸੁੱਤੇ ਹੋਏ 6 ਲੋਕਾਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਇਕ ਟਰੱਕ ਖੜ੍ਹਾ ਸੀ, ਜਿਸ ਦਾ ਡਰਾਈਵਰ ਫਰਾਰ ਸੀ। ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪੁਲਿਸ ਨੇ ਸਾਰੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਇੱਕ ਹੋਰ ਵਿਅਕਤੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ, ਜਦੋਂ ਕਿ ਚੌਥੇ ਜ਼ਖ਼ਮੀ ਨੇ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਦਮ ਤੋੜ ਦਿੱਤਾ। ਬਾਕੀ ਦੋ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Comment here