ਫਿਰੋਜ਼ਪੁਰ-ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਜਿਨ੍ਹਾਂ ਦੇ ਸਿਰ ਉੱਤੇ ਨਸ਼ੇ ਖ਼ਿਲਾਫ਼ ਸਖ਼ਤੀ ਕਰਨ ਦੀ ਜ਼ਿੰਮੇਵਾਰੀ ਹੈ ਉਹ ਖੁੱਦ ਇਸ ਜ਼ਹਿਰ ਨੂੰ ਨੌਜਵਾਨਾਂ ਦੀਆਂ ਹੱਡੀਆਂ ਵਿੱਚ ਘੋਲ਼ ਰਹੇ ਹਨ। ਦਰਅਸਲ ਪੰਜਾਬ ਪੁਲਿਸ ਅੰਦਰ ਦਾਖਿਲ ਕਾਲ਼ੀਆਂ ਭੇਡਾਂ ਮੁੜ ਤੋਂ ਸਾਹਮਣੇ ਉਦੋਂ ਨਸ਼ਰ ਹੋਈਆਂ ਜਦੋਂ ਫਿਰੋਜ਼ਪੁਰ ਵਿੱਚ ਕੌਮਾਂਤਰੀ ਬਾਰਡਰ ਉੱਤੇ ਸਥਿਤ ਇੱਕ ਪਿੰਡ ਦੇ ਲੋਕਾਂ ਨੇ ਕਾਰ ਸਵਾਰ ਦੋ ਪੁਲਿਸ ਮੁਲਾਜ਼ਮਾਂ ਨੂੰ ਹੈਰੋਇਨ ਦੇ ਪੈਕੇਟ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਵੇਖ ਲਿਆ। ਦਰਅਸਲ ਫ਼ਿਰੋਜ਼ਪੁਰ ਦੇ ਪਿੰਡ ਜੱਲੋਕੇ ਕੋਲ ਇੱਕ ਕਾਰ ਵਿੱਚ ਸਵਾਰ ਦੋ ਪੁਲਿਸ ਮੁਲਾਜ਼ਮ ਹੈਰੋਇਨ ਦੀ ਤਸਕਰੀ ਕਰਨ ਪਹੁੰਚੇ। ਪਿੰਡ ਵਾਸੀਆਂ ਦੀ ਸੂਚਨਾ ‘ਤੇ ਬੀਐਸਐਫ ਨੇ ਉਨ੍ਹਾਂ ਨੂੰ ਚੌਕੀ ‘ਤੇ ਕਾਬੂ ਕਰ ਲਿਆ। ਇਸ ਦੌਰਾਨ ਤਲਾਸ਼ੀ ਲਈ ਗਈ ਅਤੇ ਕਾਰ ਵਿੱਚ ਲੁਕੋਈ ਗਈ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ ਗਏ ਹਨ। ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੋਵੇਂ ਗ੍ਰਿਫ਼ਤਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ ਹੈ।
ਸਥਾਨਕ ਵਾਸੀਆਂ ਮੁਤਾਬਿਕ ਰਾਤ ਕਰੀਬ ਸਾਢੇ 8 ਵਜੇ ਪਿੰਡ ਦੇ ਬਾਹਰ ਇੱਕ ਵਾਹਨ ਆਇਆ। ਜਿਸ ‘ਚ ਵਰਦੀ ਧਾਰੀ ਦੋ ਪੁਲਿਸ ਮੁਲਾਜ਼ਮ ਕਾਰ ਦੇ ਅਗਲੇ ਟਾਇਰ ‘ਤੇ ਹੈਰੋਇਨ ਦੇ ਪੈਕਟ ਛੁਪਾਏ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਸਥਾਨਕਵਾਸੀਆਂ ਨੇ ਇਸ ਪੂਰੇ ਘਟਨਾਕ੍ਰਮ ਸਬੰਧੀ ਸੂਚਨਾ ਬੀਐਸਐਫ ਨੂੰ ਦਿੱਤੀ। ਇਸ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਕਾਰ ਰੋਕਣ ਲਈ ਕਿਹਾ। ਕੁਝ ਸਮੇਂ ਬਾਅਦ ਬੀਐਸਐਫ ਅਤੇ ਫੌਜ ਦੇ ਜਵਾਨਾਂ ਨੇ ਕਾਰ ਨੂੰ ਚੌਕੀ ’ਤੇ ਰੋਕ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਟਾਇਰ ਦੇ ਉੱਪਰ ਕਾਰ ਦੇ ਬੋਨਟ ਵਿੱਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕੀਤੀ। ਪਿੰਡ ਵਾਸੀਆਂ ਅਨੁਸਾਰ ਬੀਐਸਐਫ ਦੇ ਜਵਾਨ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਾਰ ਸਮੇਤ ਬੀਐਸਐਫ ਚੌਕੀ ’ਤੇ ਲੈ ਗਏ ਹਨ।
Comment here