ਸਿਆਸਤਖਬਰਾਂ

ਫਿਜੀਕਲ ਕਰੰਸੀ ਨੂੰ ਹੀ ਡਿਜੀਟਲ ਰੂਪ ਦਿੱਤਾ ਜਾਵੇਗਾ: ਪੀ ਐੱਮ ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂ ਤੋਂ ਹੀ ਡਿਜੀਟਲ ਇੰਡੀਆਂ ਨੂੰ ਪ੍ਰੋਮੋਟ ਕਰਦੇ ਆਏ ਹਨ। ਬੁੱਧਵਾਰ ਨੂੰ ਮੋਦੀ ਜੀ ਨੇ ਆਮ ਬਜਟ ’ਚ ਪ੍ਰਸਤਾਵਿਤ ਡਿਜੀਟਲ ਕਰੰਸੀ ਨੂੰ ਨਕਦੀ ’ਚ ਤਬਦੀਲ ਕਰਨ ਦੀ ਗੱਲ ਆਖੀ। ਭਾਜਪਾ ਵਲੋਂ ਆਯੋਜਿਤ ‘ਆਤਮ ਨਿਰਭਰ ਅਰਥਵਿਵਸਥਾ’ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਜਾਂ ਡਿਜੀਟਲ ਕਰੰਸੀ ਆਨਲਾਈਨ ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਏਗਾ ਅਤੇ ਇਸ ’ਚ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ’ਚ ਡਿਜੀਟਲ ਅਰਥਵਿਵਸਥਾ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਜੀ ਅਨੁਸਾਰ ਸਾਡੀ ਫਿਜੀਕਲ ਕਰੰਸੀ ਨੂੰ ਹੀ ਡਿਜੀਟਲ ਰੂਪ ਦਿੱਤਾ ਜਾਵੇਗਾ ਅਤੇ ਇਸ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਕੰਟਰੋਲ ਕੀਤਾ ਜਾਵੇਗਾ। ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ ਨਾਲ ਡਿਜੀਟਲ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਇਸ ਨੂੰ ਬਲ ਮਿਲੇਗਾ। ਪ੍ਰਧਾਨ ਮੰਤਰੀ ਅਨੁਸਾਰ ਡਿਜੀਟਲ ਕਰੰਸੀ ਕੈਸ਼ ਦੇ ਪ੍ਰਬੰਧਨ, ਛਪਾਈ, ਟਰਾਂਸਪੋਰਟ ਸਬੰਧੀ ਬੋਝ ਨੂੰ ਘੱਟ ਕਰਨ ’ਚ ਕਾਫੀ ਲਾਹੇਵੰਦ ਰਹੇਗੀ। ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਸੰਸਦ ’ਚ ਪੇਸ਼ ਆਮ ਬਜਟ ਮੁਤਾਬਕ ‘ਡਿਜੀਟਲ ਰੁਪਇਆ’ ਨਾਮੀ ਇਹ ਕਰੰਸੀ, ਰਿਜ਼ਰਵ ਬੈਂਕ ਵਲੋਂ ਡਿਜੀਟਲ ਰੂਪ ’ਚ ਜਾਰੀ ਕੀਤੀ ਜਾਵੇਗੀ ਅਤੇ ਇਸ ਨੂੰ ਭੌਤਿਕ ਕਰੰਸੀ ਨਾਲ ਬਦਲਿਆ ਜਾ ਸਕੇਗਾ।

Comment here