ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਫ਼ਿਰੋਜ਼ਪੁਰ ਜੇਲ੍ਹ ਚ ਮੂਸੇਵਾਲਾ ਦੀ ਹੱਤਿਆ ਦਾ ਦਿਨ ਕੀਤਾ ਸੀ ਤੈਅ 

ਗੈਂਗਸਟਰ ਮੰਨਾ ਨੇ ਕੀਤਾ ਖੁਲਾਸਾ
ਹਥਿਆਰ ਡਰੋਨ ਰਾਹੀਂ ਪਾਕਿ ਤੋਂ ਆਏ     
ਮੋਹਾਲੀ-ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੀ ਜਾਂਚ ਦੀ ਲੜੀ ਤਹਿਤ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਗੈਂਗਸਟਰ ਮੰਨਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ ।  ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਮਨਪ੍ਰੀਤ ਮੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਵਿਚ ਨਾਮਜ਼ਦ ਮੁਲਜ਼ਮ ਭਾਊ ਨੇ ਜਗਰੂਪ ਸਿੰਘ ਰੂਪ ਨੂੰ ਕੋਟਕਪੁਰਾ ਹਾਈਵੇਅ ਕੋਲ ਬਣੇ ਗ੍ਰੀਨ ਢਾਬੇ ‘ਤੇ ਮਿਲ ਕੇ ਕਰੋਲਾ ਗੱਡੀ ਸੌਂਪੀ ਸੀ ਅਤੇ ਗੈਂਗਸਟਰ ਸਰਾਜ ਮਿੰਟੂ ਨਾਲ ਮਿਲ ਕੇ ਇਸ ਹੱਤਿਆ ਦੀ ਸਾਜਿਸ਼ ਰਚੀ ਗਈ ਸੀ ਅਤੇ ਬਾਹਰੋਂ ਆ ਰਹੇ ਸ਼ਾਰਪ ਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ । ਸੂਤਰਾਂ ਅਨੁਸਾਰ ਇਸ ਹੱਤਿਆ ਕਾਂਡ ਲਈ ਹੀ ਸਰਾਜ ਮਿੰਟੂ ਨੇ ਪਹਿਲੀ ਵਾਰ ਗੋਲਡੀ ਬਰਾੜ ਦੀ ਭਾਊ ਨਾਲ ਗੱਲ ਕਰਵਾਈ ਸੀ ਅਤੇ ਗੋਲਡੀ ਬਰਾੜ ਨੇ ਭਾਊ ਨੂੰ ਕਿਹਾ ਸੀ ਕਿ ਸ਼ਾਰਪ ਸ਼ੂਟਰ ਆ ਰਹੇ ਹਨ ਅਤੇ ਇਨ੍ਹਾਂ ਨੂੰ ਇਕ ਗੱਡੀ ਮੁਹੱਈਆ ਕਰਵਾਈ ਜਾਵੇ । ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੇ ਭਾਊ ਨੂੰ ਇਹ ਵੀ ਕਿਹਾ ਸੀ ਕਿ ਇਕ ਗੱਡੀ ਹਰਿਆਣਾ ਤੋਂ ਆ ਰਹੀ ਹੈ ।ਇਹ ਵੀ ਸਾਹਮਣੇ ਆਇਆ ਹੈ ਕਿ ਸਰਾਜ ਮਿੰਟੂ ਗੈਂਗਸਟਰ ਗੋਲਡੀ ਬਰਾੜ, ਜੋ ਕਿ ਕੈਨੇਡਾ ਵਿਚ ਰਹਿੰਦਾ ਹੈ, ਨਾਲ ਪੂਰੀ ਤਰ੍ਹਾਂ ਨਾਲ ਸੰਪਰਕ ਵਿਚ ਸੀ । ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਦੀ ਮਾਸੀ, ਜੋ ਕਿ ਮਾਨਸਾ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ, ਦੇ ਘਰ ਸ਼ਾਰਪ ਸ਼ੂਟਰ ਇਕ ਵਾਰ ਰੁਕੇ ਸਨ । ਸੂਤਰਾਂ ਮੁਤਾਬਕ ਮੂਸੇਵਾਲਾ ਦੀ ਹੱਤਿਆ ਕਰਨ ਲਈ ਜੋ ਹਥਿਆਰ ਵਰਤੇ ਗਏ ਹਨ, ਉਹ ਸਾਰੇ ਫ਼ੌਜੀ ਲੈ ਕੇ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਾਰਪ ਸ਼ੂਟਰਾਂ ਨੇ ਇਹ ਸਾਰੇ ਹਥਿਆਰ ਹਿਸਾਰ ਵਿਚ ਕਿਸੇ ਥਾਂ ‘ਤੇ ਛਿਪਾ ਦਿੱਤੇ ਸਨ ।ਸੂਤਰਾਂ ਅਨੁਸਾਰ ਗੈਂਗਸਟਰ ਮੰਨਾ ਅਤੇ ਸਰਾਜ ਮਿੰਟੂ ਜਦੋਂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਸਨ ਤਾਂ ਉਸ ਸਮੇਂ ਇਸ ਹੱਤਿਆ ਕਾਂਡ ਸੰਬੰਧੀ ਸਾਜਿਸ਼ ਰਚੀ ਗਈ ਸੀ ।ਉਧਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸਾਰੇ ਸ਼ਾਰਪ ਸ਼ੂਟਰ ਇਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਸਿਰਫ ਫ਼ੌਜੀ ਹੀ ਉਨ੍ਹਾਂ ਦੇ ਨਾਂਅ ਜਾਣਦਾ ਸੀ ਤੇ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।
ਸੂਤਰਾਂ ਅਨੁਸਾਰ ਮੁਹਾਲੀ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਬੈਰੋਪੁਰ-ਭਾਗੋਮਾਜਰਾ ਵਿਖੇ ਮਾਰਚ 2020 ਵਿਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਬੰਧਕਾਂ ਵਲੋਂ ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਸੀ । ਇਸ ਐਲਾਨ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪਹਿਲੀ ਵਾਰ ਮੂਸੇਵਾਲਾ ਨੂੰ ਫੋਨ ਕਰਕੇ ਇਸ ਟੂਰਨਾਮੈਂਟ ‘ਤੇ ਨਾ ਜਾਣ ਦੀ ਗੱਲ ਆਖੀ ਸੀ ਪਰ ਇਸ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਇਸ ਟੂਰਨਾਮੈਂਟ ‘ਤੇ ਗਿਆ ਤੇ ਉਸ ਨੂੰ ਪ੍ਰਬੰਧਕਾਂ ਨੇ 5911 ਟਰੈਕਟਰ ਨਾਲ ਸਨਮਾਨ ਕੀਤਾ ਗਿਆ, ਜੋ ਕਿ ਅੱਜ ਵੀ ਉਸ ਦੇ ਘਰ ਖੜ੍ਹਾ ਹੈ ।ਜ਼ਿਕਰਯੋਗ ਹੈ ਕਿ ਇਹ ਉਹੀ 5911 ਟਰੈਕਟਰ ਹੈ, ਜਿਸ ‘ਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਗਈ ਸੀ । ਇਥੇ ਦੱਸਣਾ ਬਣਦਾ ਹੈ ਕਿ ਇਸ ਟੂਰਨਾਮੈਂਟ ਤੋਂ ਸਿੱਧੂ ਮੂਸੇਵਾਲਾ ਤੇ ਗੈਂਗਸਟਰ ਗੋਲਡੀ ਬਰਾੜ ਦੀ ਆਪਸੀ ਤਕਰਾਰ ਦੀ ਸ਼ੁਰੂਆਤ ਹੋਈ ਸੀ।
ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਵਿਚ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਹੱਤਿਆ ਵਿਚ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਪਹੁੰਚੇ ਸਨ ।ਉਧਰ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਇਨ੍ਹਾਂ ਹਥਿਆਰਾਂ ਦੇ ਪਾਕਿਸਤਾਨ ਤੋਂ ਆਉਣ ਬਾਰੇ ਪੁਸ਼ਟੀ ਨਹੀਂ ਕੀਤੀ ਗਈ |

Comment here