ਅਪਰਾਧਸਿਆਸਤਖਬਰਾਂ

ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ ਤਿੰਨ ਯੂ-ਟਿਊਬ ਚੈਨਲਾਂ ਖ਼ਿਲਾਫ਼ ਕਾਰਵਾਈ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਆਪਣੀਆਂ ਵੱਖ-ਵੱਖ ਯੋਜਨਾਵਾਂ ਨੂੰ ਲੈ ਕੇ ਝੂਠੇ ਤੇ ਸਨਸਨੀਖੇਜ਼ ਦਾਅਵੇ ਕਰਨ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ ਤਿੰਨ ਯੂ-ਟਿਊਬ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਨਿਊਜ਼ ਹੈੱਡਲਾਈਨਜ਼, ਸਰਕਾਰੀ ਅਪਡੇਟ ਤੇ ਆਜ ਤਕ ਲਾਈਵ ਨਾਂ ਦੇ ਯੂ-ਟਿਊਬ ਚੈਨਲ ਟੀਵੀ ਸਮਾਚਾਰ ਚੈਨਲਾਂ ਤੇ ਉਨ੍ਹਾਂ ਦੇ ਸਮਾਚਾਰ ਪ੍ਰੋਡਿਊਸਰਾਂ ਦੇ ਥੰਬਨੇਲ ਤੇ ਅਕਸ ਦੀ ਵਰਤੋਂ ਦਰਸ਼ਕਾਂ ਨੂੰ ਇਹ ਭਰੋਸਾ ਦਿਵਾਉਣ ਲਈ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਖ਼ਬਰਾਂ ਸਹੀ ਹਨ। ਇਹ ਯੂ-ਟਿਊਬ ਚੈਨਲ ਆਪਣੇ ਵੀਡੀਓ ’ਤੇ ਇਸ਼ਤਿਹਾਰ ਦਿਖਾ ਰਹੇ ਸਨ ਤੇ ਗਲਤ ਸੂਚਨਾਵਾਂ ਜ਼ਰੀਏ ਕਮਾਈ ਕਰ ਰਹੇ ਸਨ। ਚਾਲੀ ਤੋਂ ਜ਼ਿਆਦਾ ਫੈਕਟ ਚੈੱਕ ਲੜੀਆਂ ਦੇ ਪੜਾਅ ’ਚ ਪੱਤਰ ਸੂਚਨਾ ਦਫਤਰ ਦੀ ਫੈਕਟ ਚੈੱਕ ਇਕਾਈ (ਐੱਫਸੀਯੂ) ਨੇ ਯੂ-ਟਿਊਬ ਦੇ ਅਜਿਹੇ ਤਿੰਨ ਚੈਨਲਾਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਯੂ-ਟਿਊਬ ਚੈਨਲਾਂ ਦੇ ਲਗਪਗ 33 ਲੱਖ ਸਬਸਕ੍ਰਾਈਬਰ ਸਨ। ਇਨ੍ਹਾਂ ਦੇ ਲਗਪਗ ਸਾਰੇ ਵੀਡੀਓ ਫ਼ਰਜ਼ੀ ਨਿਕਲੇ ਤੇ ਇਨ੍ਹਾਂ ਦੇ ਵੀਡੀਓ ਨੂੰ 30 ਕਰੋੜ ਤੋਂ ਜ਼ਿਆਦਾ ਵਾਰੀ ਦੇਖਿਆ ਗਿਆ ਹੈ। ਇਹ ਤਿੰਨੇ ਯੂ-ਟਿਊਬ ਚੈਨਲ ਸੁਪਰੀਮ ਕੋਰਟ, ਚੀਫ ਜਸਟਿਸ, ਸਰਕਾਰੀ ਯੋਜਨਾਵਾਂ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ, ਖੇਤੀ ਕਰਜ਼ਿਆਂ ਨੂੰ ਮਾਫ਼ ਕਰਨ ਆਦਿ ਬਾਰੇ ਝੂਠੀਆਂ ਤੇ ਸਨਸਨੀਖੇਜ਼ ਖ਼ਬਰਾਂ ਫੈਲਾਉਂਦੇ ਹਨ।

Comment here