ਅਪਰਾਧਸਿਆਸਤਖਬਰਾਂ

ਫਵਾਦ ਚੌਧਰੀ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ

ਇਸਲਾਮਾਬਾਦ-ਤਹਿਰੀਕ-ਏ-ਇਨਸਾਫ ਪਾਰਟੀ ਦੇ ਸੀਨੀਅਰ ਆਗੂ ਫਵਾਦ ਚੌਧਰੀ ਦੀ ਗ੍ਰਿਫ਼ਤਾਰੀ ਨੇ ਪਾਕਿਸਤਾਨ ਵਿਚ ਸਿਆਸੀ ਹਲਚਲ ਮਚਾ ਦਿੱਤੀ ਹੈ। ਫਵਾਦ ਚੌਧਰੀ ਨੂੰ ਸ਼ੁੱਕਰਵਾਰ ਨੂੰ ਇੱਥੇ ਦੀ ਇਕ ਅਦਾਲਤ ਨੇ ਇਕ ਸੰਵਿਧਾਨਕ ਸੰਸਥਾ ਵਿਰੁੱਧ ਹਿੰਸਾ ਭੜਕਾਉਣ ਦੇ ਦੋਸ਼ ਹੇਠ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪਾਰਟੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਫਵਾਦ ਨੂੰ ਬੁੱਧਵਾਰ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਸਕੱਤਰ ਦੀ ਸ਼ਿਕਾਇਤ ‘ਤੇ ਇਸਲਾਮਾਬਾਦ ਦੇ ਕੋਹਸਰ ਪੁਲਸ ਸਟੇਸ਼ਨ ‘ਚ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਫਵਾਦ (52) ਨੂੰ ਇਕ ਸੰਵਿਧਾਨਕ ਸੰਸਥਾ ਵਿਰੁੱਧ ਹਿੰਸਾ ਭੜਕਾਉਣ ਦੇ ਦੋਸ਼ ‘ਚ 14 ਦਿਨਾਂ ਲਈ ਅਦਿਆਲਾ ਜੇਲ੍ਹ ਭੇਜ ਦਿੱਤਾ ਹੈ। ਫਵਾਦ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਬੁੱਧਵਾਰ ਰਾਤ ਨੂੰ ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਕਮਿਸ਼ਨ ਦੇ ਵਕੀਲ ਅਤੇ ਮਾਮਲੇ ਵਿੱਚ ਸਰਕਾਰੀ ਵਕੀਲ ਸਾਦ ਹਸਨ ਨੇ ਸੰਘੀ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੇ ਇੱਕ ਸੰਵਿਧਾਨਕ ਸੰਸਥਾ ਵਿਰੁੱਧ ਨਫ਼ਰਤ ਨੂੰ ਭੜਕਾਇਆ ਸੀ। ਉਨ੍ਹਾਂ ਦਾਅਵਾ ਕੀਤਾ, ”ਫਵਾਦ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਚੋਣ ਕਮਿਸ਼ਨ ਦੇ ਮੁਲਾਜ਼ਮਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।’ ਕਮਿਸ਼ਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਹੋਰ ਜਾਂਚ ਲਈ ਫਵਾਦ ਦਾ ਰਿਮਾਂਡ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, ”ਨਾ ਸਿਰਫ਼ ਚੋਣ ਕਮਿਸ਼ਨ ਵਿਰੁੱਧ, ਸਗੋਂ ਕਮਿਸ਼ਨ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਵੀ ਮੁਹਿੰਮ ਚਲਾਈ ਗਈ ਸੀ।’
ਇਸ ਦੌਰਾਨ ਫਵਾਦ ਨੇ ਇਸ ਆਧਾਰ ‘ਤੇ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਗ਼ਲਤ ਹੈ ਅਤੇ ਇਹ ਸਿਰਫ਼ ਉਨ੍ਹਾਂ ਨੂੰ ਤੰਗ ਕਰਨ, ਦਬਾਅ ਪਾਉਣ ਅਤੇ ਬਲੈਕਮੇਲ ਕਰਨ ਲਈ ਦਰਜ ਕੀਤਾ ਗਿਆ ਹੈ। ਫਵਾਦ ਦੀ ਗ੍ਰਿਫ਼ਤਾਰੀ ਨੇ ਪਾਕਿਸਤਾਨ ਵਿਚ ਸਿਆਸੀ ਹਲਚਲ ਮਚਾ ਦਿੱਤੀ ਹੈ, ਜਿੱਥੇ ਖਾਨ ਦੀ ਅਗਵਾਈ ਵਾਲੀ ਵਿਰੋਧੀ ਪਾਰਟੀ ਚੋਣਾਂ ਦੀ ਮੰਗ ਕਰ ਰਹੀ ਹੈ। ਪਾਕਿਸਤਾਨ ਵਿਚ ਆਮ ਚੋਣਾਂ ਅਗਸਤ ਤੋਂ ਬਾਅਦ ਹੋਣੀਆਂ ਹਨ, ਜਦਕਿ ਖਾਨ ਇਸ ਤੋਂ ਪਹਿਲਾਂ ਕਰਵਾਉਣ ਦੀ ਮੰਗ ਕਰ ਰਹੇ ਹਨ।

Comment here