ਨਵੀਂ ਦਿੱਲੀ-ਏਅਰ ਇੰਡੀਆ ਦੀ ਫਲਾਈਟ ‘ਚ 26 ਦਸੰਬਰ ਨੂੰ ਯਾਤਰੀ ਸ਼ੰਕਰ ਮਿਸ਼ਰਾ ਵੱਲੋਂ ਸ਼ਰਾਬ ਪੀਣ ਅਤੇ ਕਥਿਤ ਤੌਰ ਉਤੇ ਇਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਦੇ ਮਾਮਲੇ ਤੋਂ ਬਾਅਦ 6 ਜਨਵਰੀ ਨੂੰ ਪੈਰਿਸ ਤੋਂ ਦਿੱਲੀ ਆ ਰਹੀ ਇਕ ਹੋਰ ਅੰਤਰਰਾਸ਼ਟਰੀ ਫਲਾਈਟ ‘ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਸ ‘ਚ ਇਕ ਯਾਤਰੀ ਨੇ ਸ਼ਰਾਬ ਪੀ ਕੇ ਕੋਲ ਬੈਠੀ ਮਹਿਲਾ ਯਾਤਰੀ ਦੇ ਕੰਬਲ ਵਿਚ ਹੀ ਪਿਸ਼ਾਬ ਕਰ ਦਿੱਤਾ ਸੀ ਹਾਲਾਂਕਿ ਯਾਤਰੀ ਨੇ ਆਪਣੀ ਇਸ ਹਰਕਤ ਲਈ ਲਿਖਤੀ ਤੌਰ ‘ਤੇ ਮੁਆਫੀ ਮੰਗ ਲਈ ਸੀ ਅਤੇ ਮਾਮਲਾ ਉਥੇ ਹੀ ਸ਼ਾਂਤ ਹੋ ਗਿਆ ਸੀ।
ਅਜਿਹੇ ‘ਚ ਅੰਤਰਰਾਸ਼ਟਰੀ ਉਡਾਣਾਂ ‘ਚ ਸ਼ਰਾਬ ਪੀਣ ਤੋਂ ਬਾਅਦ ਯਾਤਰੀਆਂ ਦੇ ਪਿਸ਼ਾਬ ਕਰਨ ਦੇ ਵਧਦੇ ਮਾਮਲਿਆਂ ‘ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਰਕਾਰ ਫਲਾਈਟਾਂ ‘ਚ ਕਿੰਨੀ ਸ਼ਰਾਬ ਪਰੋਸੀ ਜਾਂਦੀ ਹੈ ਜਿਸ ਨੂੰ ਪੀਣ ਤੋਂ ਬਾਅਦ ਯਾਤਰੀ ਸਰੀਰ ‘ਤੇ ਕੰਟਰੋਲ ਗੁਆ ਬੈਠਦੇ ਹਨ ਅਤੇ ਪਿਸ਼ਾਬ ਕਰਨ ਲਈ ਵਾਸ਼ਰੂਮ ਤੱਕ ਵੀ ਨਹੀਂ ਪਹੁੰਚ ਸਕਦੇ। ਏਅਰ ਇੰਡੀਆ ਦੀ ਫਲਾਈਟ ‘ਚ ਵਾਪਰੀ ਘਟਨਾ ਤੋਂ ਬਾਅਦ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਯਾਤਰੀਆਂ ਨੂੰ ਦਿੱਤੇ ਭੋਜਨ ਅਤੇ ਰਿਫਰੈਸ਼ਮੈਂਟ ਦੀ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਰੂਟਾਂ ‘ਤੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਲਿਮਟ ਵਿਚ ਸ਼ਰਾਬ ਜਾਂ ਵਾਈਨ ਪਰੋਸੀ ਜਾਵੇਗੀ।
ਇਸ ਦੇ ਨਾਲ ਹੀ ਇਕ ਹੋਰ ਥਾਂ ‘ਤੇ ਲਿਖਿਆ ਹੈ ਕਿ ਨਾਸ਼ਤੇ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਭੋਜਨ ਸੇਵਾਵਾਂ ਦੌਰਾਨ ਯਾਤਰੀਆਂ ਨੂੰ ਸ਼ਰਾਬ ਪਰੋਸੀ ਜਾਵੇਗੀ।
ਇਸ ਤੋਂ ਇਲਾਵਾ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਯਾਤਰੀਆਂ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ‘ਚ ਲਿਖਿਆ ਗਿਆ ਹੈ ਕਿ CISF ਦੀ ਤਰ੍ਹਾਂ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਡਿਊਟੀ ਫਰੀ ਦੁਕਾਨਾਂ ਤੋਂ ਖਰੀਦੀ ਗਈ 100 ਮਿਲੀਲੀਟਰ ਤੋਂ ਵੱਧ ਸ਼ਰਾਬ ਨੂੰ ਹੈਂਡਬੈਗ ‘ਚ ਰੱਖਣ ਦੀ ਇਜਾਜ਼ਤ ਨਹੀਂ ਹੈ।
ਇਹ ਏਅਰ ਇੰਡੀਆ ਦੇ ਦਿਸ਼ਾ-ਨਿਰਦੇਸ਼ ਹਨ
ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਏਅਰ ਇੰਡੀਆ ਅਲਕੋਹਲ ਸਰਵਿੰਗ ਗਾਈਡਲਾਈਨਜ਼ ਦੇ ਮੁਤਾਬਕ, ਏਅਰਲਾਈਨ ਕਹਿੰਦੀ ਹੈ ਕਿ 4 ਘੰਟੇ ਜਾਂ ਇਸ ਤੋਂ ਘੱਟ ਦੀ ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਦੋ ਪੈਗ ਤੋਂ ਜ਼ਿਆਦਾ ਅਲਕੋਹਲ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਲੰਬੀ ਦੂਰੀ ਅਤੇ ਮਿਆਦ ਦੇ ਸਫ਼ਰ ਦੌਰਾਨ, ਪ੍ਰਤੀ ਘੰਟਾ ਸਿਰਫ ਇੱਕ ਡ੍ਰਿੰਕ ਦਿੱਤਾ ਜਾਵੇਗਾ। ਹਾਲਾਂਕਿ, ਇਹ ਵੀ ਕਿਹਾ ਗਿਆ ਹੈ ਕਿ ਫਲਾਇਟ ਕਰੂ ਨੂੰ ਲਗਾਤਾਰ ਸ਼ਰਾਬ ਪਰੋਸਦੇ ਹੋਏ ਆਪਣੇ ਵਿਵੇਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਆਮਤੌਰ ‘ਤੇ ਹਵਾਈ ਯਾਤਰਾ ਦੌਰਾਨ ਵਾਈਨ, ਵੋਡਕਾ, ਵਿਸਕੀ, ਰਮ, ਜਿਨ ਸਮੇਤ ਹੋਰ ਕਿਸਮ ਦੀ ਸ਼ਰਾਬ ਪਰੋਸੀ ਜਾਂਦੀ ਹੈ। ਹਾਲਾਂਕਿ, ਅੰਤਰਰਾਸ਼ਟਰੀ ਉਡਾਣਾਂ ਵਿੱਚ ਨਿਯਮਤ ਤੌਰ ‘ਤੇ ਸਫ਼ਰ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਕੁਝ ਲੋਕ ਪਹਿਲਾਂ ਸ਼ਰਾਬ ਪੀ ਕੇ ਫਲਾਈਟਾਂ ਵਿੱਚ ਸਫ਼ਰ ਕਰਦੇ ਹਨ ਅਤੇ ਫਿਰ ਫਲਾਈਟ ਦੇ ਅੰਦਰ ਵੀ ਸ਼ਰਾਬ ਪੀ ਲੈਂਦੇ ਹਨ। ਇਸ ਤੋਂ ਇਲਾਵਾ ਸ਼ਰਾਬ ਦੀ ਕੋਈ ਨਿਸ਼ਚਿਤ ਸੀਮਾ ਨਾ ਹੋਣ ਕਾਰਨ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਮਝਦਾਰੀ ਵਰਤਣ ਦੀ ਆਜ਼ਾਦੀ ਨਾ ਹੋਣ ਕਾਰਨ ਯਾਤਰੀਆਂ ਦੀ ਜ਼ਿੱਦ ਦੇ ਸਾਹਮਣੇ ਸ਼ਰਾਬ ਪਰੋਸਣੀ ਪੈਂਦੀ ਹੈ।

Comment here