ਸਿਹਤ-ਖਬਰਾਂਖਬਰਾਂ

ਫਰੰਟਲਾਈਨ ਵਰਕਰਜ਼ ਲਈ ਅਹਿਤਿਆਤੀ ਡੋਜ਼ ਅੱਜ ਤੋਂ

ਚੋਣ ਸੂਬਿਆਂ ਲਈ ਵਿਸ਼ੇਸ਼ ਮੁਹਿਮ

ਨਵੀਂ ਦਿੱਲੀ-ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਦੇ ਦਰਮਿਆਨ ਟੀਕਾਕਰਨ ਦੇ ਇਕ ਹੋਰ ਪਡ਼ਾਅ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਇਸ ਪਡ਼ਾਅ ’ਚ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ ਗੰਭੀਰ ਰੋਗਾਂ ਦੇ ਸ਼ਿਕਾਰ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਯਾਨੀ ਅਹਿਤਿਆਤੀ ਡੋਜ਼ ਲਾਈ ਜਾਵੇਗੀ। ਚੋਣਾਂ ਵਾਲੇ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ’ਚ ਚੋਣ ਡਿਊਟੀ ’ਚ ਲਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਇਹਤਿਆਤੀ ਡੋਜ਼ ਲਾਈ ਜਾਵੇਗੀ ਕਿਉਂਕਿ ਇਨ੍ਹਾਂ ਨੂੰ ਵੀ ਫਰੰਟ ਲਾਈਨ ਵਰਕਰਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਟਵੀਟ ’ਚ ਕਿਹਾ ਕਿ ਇਕ ਕਰੋਡ਼ ਤੋਂ ਜ਼ਿਆਦਾ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਤੇ ਸੀਨੀਅਰ ਨਾਗਰਿਕਾਂ ਨੂੰ ਅਹਿਤਿਆਤੀ ਡੋਜ਼ ਲੈਣ ਲਈ ਐੱਸਐੱਮਐੱਸ ਜ਼ਰੀਏ ਸੂਚਨਾ ਦਿੱਤੀ ਗਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਹਤਿਆਤੀ ਡੋਜ਼ ਲਈ ਪਾਤਰ ਲਾਭਪਾਤਰੀਆਂ ’ਚ ਕਰੀਬ 1.05 ਕਰੋਡ਼ ਸਿਹਤ ਕਰਮੀ, 1.9 ਕਰੋਡ਼ ਫਰੰਟ ਲਾਈਨ ਵਰਕਰ ਤੇ 2.75 ਕਰੋਡ਼ 60 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਸ਼ਾਮਲ ਹਨ। ਅਹਿਤਿਆਤੀ ਡੋਜ਼ ’ਚ ਲਾਭ ਪਾਤਰੀਆਂ ਨੂੰ ਉਸੇ ਵੈਕਸੀਨ ਦੀ ਡੋਜ਼ ਲਾਈ ਜਾਵੇਗੀ ਜਿਸ ਦੀਆਂ ਉਨ੍ਹਾਂ ਨੂੰ ਪਹਿਲਾਂ ਦੋ ਡੋਜ਼ਾਂ ਲੱਗੀਆਂ ਹੋਣਗੀਆਂ। ਦੂਜੀ ਡੋਜ਼ ਤੇ ਇਹਤਿਆਤੀ ਡੋਜ਼ ਵਿਚਾਲੇ ਨੌਂ ਮਹੀਨਿਆਂ ਜਾਂ 39 ਹਫ਼ਤਿਆਂ ਦਾ ਵਕਫ਼ਾ ਹੋਵੇਗਾ। ਕੋਵੈਕਸੀਨ ਹੀ ਹਾਲੇ ਇਸ ਵਾਸਤੇ ਐਲਾਨੀ ਗਈ ਹੈ।

Comment here