ਪੈਰਿਸ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੇ ਆਖਰੀ ਦਿਨ ਫਰਾਂਸ ਪਹੁੰਚੇ, ਜਿੱਥੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਮੈਕਰੋਨ ਨੂੰ ਮਿਲਣ ਤੋਂ ਪਹਿਲਾਂ, ਪੀਐਮ ਮੋਦੀ ਨੇ ਪੈਰਿਸ ਵਿਚ ਭਾਰਤੀ ਪ੍ਰਵਾਸੀ ਲੋਕਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੀ ਇਹ ਪੰਜਵੀਂ ਯਾਤਰਾ ਹੈ। ਮੋਦੀ ਅਜਿਹੇ ਸਮੇਂ ਪੈਰਿਸ ਪਹੁੰਚੇ ਹਨ ਜਦੋਂ ਫਰਾਂਸ ਯੂਰਪੀ ਸੰਘ ਦੀ ਪ੍ਰਧਾਨਗੀ ਕਰ ਰਿਹਾ ਹੈ। ਦੋਹਾਂ ਨੇਤਾਵਾਂ ਨੇ ਯੂਕਰੇਨ-ਰੂਸ ਯੁੱਧ ਤੋਂ ਪੈਦਾ ਹੋਏ ਸੰਕਟ ਨਾਲ ਨਜਿੱਠਣ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਰੱਖਿਆ, ਤਕਨਾਲੋਜੀ, ਪੁਲਾੜ ਅਤੇ ਊਰਜਾ ਖੇਤਰਾਂ ਵਿਚ ਸਹਿਯੋਗ ਵਧਾਉਣ ਅਤੇ ਮਿਲ ਕੇ ਕੰਮ ਕਰਨ ਲਈ ਵੀ ਸਹਿਮਤੀ ਜਤਾਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਇਮੈਨੁਅਲ ਮੈਕਰੌਨ ਨੂੰ ਰਾਸ਼ਟਰਪਤੀ ਚੋਣ ‘ਚ ਦੁਬਾਰਾ ਜਿੱਤ ‘ਤੇ ਵਧਾਈ ਦਿੱਤੀ। ਫਰਾਂਸ ਵਿਚ 2002 ਤੋਂ ਬਾਅਦ ਕੋਈ ਵੀ ਨੇਤਾ ਦੁਬਾਰਾ ਰਾਸ਼ਟਰਪਤੀ ਨਹੀਂ ਚੁਣਿਆ ਗਿਆ ਸੀ ਪਰ ਮੈਕਰੋਨ ਨੇ ਇਸ ਸਿਲਸਿਲੇ ਨੂੰ ਤੋੜ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਪੈਰਿਸ ਪਹੁੰਚਣ ਤੋਂ ਪਹਿਲਾਂ ਪੀਐਮ ਮੋਦੀ ਡੈਨਮਾਰਕ ਵਿਚ ਦੂਜੇ ਭਾਰਤ-ਨੋਰਡਿਕ ਸੰਮੇਲਨ ਵਿਚ ਸ਼ਾਮਲ ਹੋਏ। ਕਾਨਫਰੰਸ ਵਿਚ ਹਿੱਸਾ ਲੈਣ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਅਤੇ ਨੌਰਡਿਕ ਦੇਸ਼ ਵਿਸ਼ਵ ਦੀ ਖੁਸ਼ਹਾਲੀ ਅਤੇ ਟਿਕਾਊ ਵਿਕਾਸ ਵਿਚ ਬਹੁਤ ਕੁਝ ਹਾਸਲ ਕਰ ਸਕਦੇ ਹਨ ਅਤੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਨਾਰਵੇ, ਡੈਨਮਾਰਕ, ਸਵੀਡਨ, ਆਈਸਲੈਂਡ ਅਤੇ ਫਿਨਲੈਂਡ ਨੌਰਡਿਕ ਦੇਸ਼ ਹਨ। ਉਹਨਾਂ ਦੇ ਪ੍ਰਧਾਨ ਮੰਤਰੀਆਂ ਨੇ ਕਾਨਫਰੰਸ ਵਿਚ ਸ਼ਿਰਕਤ ਕੀਤੀ। ਪਹਿਲਾ ਨੌਰਡਿਕ-ਇੰਡੀਆ ਸਿਖਰ ਸੰਮੇਲਨ 2018 ਵਿਚ ਹੋਇਆ ਸੀ। ਕਾਨਫਰੰਸ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਆਰਥਿਕ ਰਿਕਵਰੀ, ਜਲਵਾਯੂ ਤਬਦੀਲੀ ਅਤੇ ਨਵਿਆਉਣਯੋਗ ਊਰਜਾ ‘ਤੇ ਧਿਆਨ ਕੇਂਦਰਿਤ ਕੀਤਾ। ਕਾਨਫਰੰਸ ਦੌਰਾਨ ਪੀਐਮ ਮੋਦੀ ਨੇ ਨੌਰਡਿਕ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਭਾਰਤ ਦੇ ਸਬੰਧਾਂ ‘ਤੇ ਚਰਚਾ ਕੀਤੀ। ਨਾਲ ਹੀ ਯੂਕਰੇਨ-ਰੂਸ ਸੰਘਰਸ਼ ਸਮੇਤ ਸੰਸਾਰਕ ਸਥਿਤੀ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨਾਲ ਬੀਚ ਬਲੂ ਇਕਾਨਮੀ, ਰੀਨਿਊਏਬਲ ਐਨਰਜੀ, ਗ੍ਰੀਨ ਹਾਈਡ੍ਰੋਜਨ, ਸੋਲਰ ਐਂਡ ਵਿੰਡ ਪ੍ਰਾਜੈਕਟ, ਗ੍ਰੀਨ ਸ਼ਿਪਿੰਗ, ਫਿਸ਼ਰੀਜ਼, ਵਾਟਰ ਮੈਨੇਜਮੈਂਟ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਵਧਾਉਣ ਬਾਰੇ ਗੱਲ ਕੀਤੀ। ਮੋਦੀ ਨੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨਾਲ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ। ਦੋਵੇਂ ਦੇਸ਼ ਇਕ ਸਾਂਝੀ ਕਾਰਜ ਯੋਜਨਾ ਤਹਿਤ ਕੰਮ ਕਰ ਰਹੇ ਹਨ ਅਤੇ ਇਸ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਫਰਾਂਸ ਚ ਰਾਸ਼ਟਰਪਤੀ ਮੈਕਰੋਨ ਨੇ ਮੋਦੀ ਦਾ ਕੀਤਾ ਨਿੱਘਾ ਸਵਾਗਤ

Comment here