ਅਪਰਾਧਸਿਆਸਤਖਬਰਾਂ

ਪੰਥਕ ਜਥੇਬੰਦੀਆਂ ਨੇ ਡੇਰਾ ਮੁਖੀ ਖ਼ਿਲਾਫ਼ ਬਾਜਾ-ਬਰਨਾਲਾ ਸੜਕ ’ਤੇ ਦਿਤਾ ਧਰਨਾ

ਭਗਤਾ ਭਾਈਕਾ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੰਥਕ ਜਥੇਬੰਦੀਆਂ ਵਲੋਂ ਪੈਰੋਲ ’ਤੇ ਆਏ ਡੇਰਾ ਸਿਰਸਾ ਮੁਖੀ ਦੇ ਸਤਿਸੰਗ ਦੇ ਵਿਰੋਧ ਵਿਚ ਪਿੰਡ ਜਲਾਲ ਵਿਖੇ ਬਾਜਾਖਾਨਾ-ਬਰਨਾਲਾ ਮੁੱਖ ਸੜਕ ’ਤੇ ਜਾਮ ਲਗਾ ਕੇ ਡੇਰਾ ਸਲਾਬਤਪੁਰਾ ਜਾਂਦੇ ਡੇਰਾ ਸ਼ਰਧਾਲੂਆਂ ਨੂੰ ਰੋਕਿਆ ਗਿਆ। ਪ੍ਰਸ਼ਾਸਨ ਵਲੋਂ ਤੁਰੰਤ ਵੱਡੀ ਪੱਧਰ ’ਤੇ ਸੁਰੱਖਿਆ ਦਸਤੇ ਤਾਇਨਾਤ ਕਰਕੇ ਡੇਰਾ ਸ਼ਰਧਾਲੂਆਂ ਦੇ ਜਾਣ ਲਈ ਬਦਲਵੇਂ ਰੂਟ ਦਾ ਪ੍ਰਬੰਧ ਕੀਤਾ ਗਿਆ। ਧਰਨੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਬੁਲਾਰੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿਚ ਚੋਣਾਂ ਤੋਂ ਪਹਿਲਾ ਸਿੱਖਾਂ ਦੇ ਹਮਦਰਦ ਬਣਨ ਵਾਲੇ ਸਰਕਾਰ ਬਣਦਿਆਂ ਹੀ ਡੇਰਾ ਸਿਰਸਾ ਮੁਖੀ ਨੂੰ ਬਚਾਉਣ ਦੇ ਫ਼ਿਕਰਾਂ ਵਿਚ ਪੈ ਗਏ ਹਨ। ਭਾਈ ਕਾਹਨ ਸਿੰਘ ਵਾਲਾ ਨੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਡੇਰਿਆਂ ਨੂੰ ਵੱਡੀ ਪੱਧਰ ’ਤੇ ਸੁਰੱਖਿਆ ਬਲ ਦੇ ਕੇ ਤੇ ਡੇਰਾ ਮੁਖੀ ਵਲੋਂ ਲਾਈਵ ਸਤਿਸੰਗ ਕਰਵਾ ਕੇ ਕੇ ਸਿੱਖ ਕੌਮ ਨੂੰ ਚਿੜਾਇਆ ਜਾ ਰਿਹਾ ਹੈ। ਧਰਨੇ ਦੌਰਾਨ ਭਾਈ ਰਣਜੀਤ ਸਿੰਘ ਵਾਂਦਰ ਨੇ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਜਲਦ ਇਨਸਾਫ਼ ਨਾ ਮਿਲਿਆ ਤੇ ਡੇਰਾ ਮੁਖੀ ਦੀਆਂ ਸਰਗਰਮੀਆਂ ਤੁਰੰਤ ਨਾ ਬੰਦ ਹੋਈਆਂ ਤਾ ਜਥੇਬੰਦੀਆਂ ਵਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਧਰਨਾਕਾਰੀਆਂ ਵਲੋਂ ਤਹਿਸੀਲਦਾਰ ਰਾਮਪੁਰਾ ਫੂਲ ਰਾਹੀ ਗਵਰਨਰ ਪੰਜਾਬ ਸਰਕਾਰ ਨੂੰ ਆਪਣਾ ਮੰਗ ਪੱਤਰ ਭੇਜਿਆ ਗਿਆ।

Comment here