ਸਿਆਸਤਖਬਰਾਂਚਲੰਤ ਮਾਮਲੇ

ਪੰਜ ਸੂਬਿਆਂ ਦੀ ਚੋਣ, ਸਿਆਸੀ ਧਿਰਾਂ ਤੇ ਆਮ ਲੋਕ

ਵਿਸ਼ੇਸ਼ ਰਿਪੋਰਟ-ਸੰਜੀਵ ਅਗਰਵਾਲ
ਅਗਲੇ ਮਹੀਨੇ ਪੰਜ ਸੂਬਿਆਂ ਦੀ ਵਿਧਾਨ ਸਭਾ ਦੀ ਚੋਣ ਹੋਣੀ ਹੈ। ਸਾਰੀਆਂ ਹੀ ਸਿਆਸੀ ਧਿਰਾਂ ਸੱਤਾ ਹਾਸਲ ਕਰਨ ਲਈ ਜੋੜ ਤੋੜ ਲਾ ਰਹੀਆਂ ਹਨ, ਅਵਾਮ ਨਾਲ ਵਾਅਦੇ ਕੀਤੇ ਜਾ ਰਹੇ ਹਨ, ਦੂਜੀਆਂ ਧਿਰਾਂ ਚ ਸੰਨ ਲਾ ਕੇ ਆਪਣਾ ਕੁਨਬਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਕਿਹੜੇ ਸੂਬੇ ਚ ਸਿਆਸੀ ਧਿਰਾਂ ਕਿਥੇ ਹਨ ਤੇ ਆਮ ਲੋਕ ਕਿੱਥੇ ਆਓ ਜਾਣਦੇ ਹਾਂ-
ਪੰਜਾਬ ਦਾ ਚੋਣ ਅਖਾੜਾ
 ਪਿਛਲੀਆਂ 2017 ਦੀਆਂ ਚੋਣਾਂ ਵਿੱਚ ਪੰਜਾਬ ‘ਚ ਤਿੰਨ ਧਿਰੀ ਮੁਕਾਬਲੇ ਹੋਏ ਸਨ | ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹਰ ਸੀਟ ਉਤੇ ਆਹਮੋ-ਸਾਹਮਣੇ ਸਨ | ਕਾਂਗਰਸ ਸਭ ਤੋਂ ਵੱਧ 77 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਕਾਬਲ ਹੋਈ ਸੀ | ਦੂਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਨੇ 22 ਸੀਟਾਂ ਜਿੱਤ ਕੇ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਤੀਜੇ ਥਾਂ ਧੱਕ ਦਿੱਤਾ ਸੀ | ਅਕਾਲੀ ਦਲ ਨੂੰ 15 ਤੇ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਉਤੇ ਸਬਰ ਕਰਨਾ ਪਿਆ ਸੀ | ਆਮ ਆਦਮੀ ਪਾਰਟੀ ਨੂੰ ਮੁੱਖ ਸਫ਼ਲਤਾ ਮਾਲਵੇ ਇਲਾਕੇ ਵਿੱਚੋਂ ਮਿਲੀ ਸੀ | ਦੁਆਬੇ ਵਿੱਚੋਂ ਵੀ ਇਹ ਤਿੰਨ ਸੀਟਾਂ ਲੈ ਗਈ ਸੀ, ਪਰ ਮਾਝੇ ਵਿੱਚ ਇਸ ਦੇ ਪੈਰ ਨਹੀਂ ਸਨ ਲੱਗ ਸਕੇ |
ਇਸ ਵਾਰ ਮੁਕਾਬਲੇ ਵਿੱਚ ਪੰਜ ਧਿਰਾਂ ਨੇ ਕਮਰਕੱਸੇ ਕੀਤੇ ਹੋਏ ਹਨ | ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਚੋਣ ਮੈਦਾਨ ਵਿੱਚ ਹਨ | ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਤੋੜ-ਵਿਛੋੜਾ ਕਰਕੇ ਬਸਪਾ ਨਾਲ ਜੋਟੀ ਪਾ ਲਈ ਹੈ | ਭਾਜਪਾ ਨੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਹੱਥ ਮਿਲਾ ਕੇ ਇੱਕ ਨਵਾਂ ਫਰੰਟ ਖੜਾ ਕਰ ਲਿਆ ਹੈ | ਇਸ ਤੋਂ ਇਲਾਵਾ ਅੰਦੋਲਨ ਜਿੱਤ ਕੇ ਆਈਆਂ ਕਿਸਾਨ ਜਥੇਬੰਦੀਆਂ ਵਿੱਚੋਂ 22 ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ |
ਇਸ ਸਮੇਂ ਆਮ ਆਦਮੀ ਪਾਰਟੀ ਨੇ ਕੁਝ ਹਲਕਿਆਂ ਨੂੰ ਛੱਡ ਕੇ ਬਹੁਤੀਆਂ ਸੀਟਾਂ ਤੋਂ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ | ਸ਼ੋ੍ਰਮਣੀ ਅਕਾਲੀ ਦਲ ਨੇ ਵੀ ਇਸ ਵਿੱਚ ਪਹਿਲ-ਕਦਮੀ ਕੀਤੀ ਹੋਈ ਹੈ | ਹੁਣ ਤੱਕ ਇਹੋ ਸਮਝਿਆ ਜਾਂਦਾ ਸੀ ਕਿ ਮਾਲਵਾ ਬੈੱਲਟ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗਾ | ਇਸੇ ਤਰ੍ਹਾਂ ਦੁਆਬੇ ਤੇ ਮਾਝੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਬਾਦਲ ਵਿੱਚ ਰਹਿਣ ਦੇ ਅਸਾਰ ਸਨ, ਪਰ ਨਵੇਂ ਖਿਡਾਰੀਆਂ, ਭਾਜਪਾ ਵਾਲਾ ਮੋਰਚਾ ਤੇ ਸੰਯੁਕਤ ਸਮਾਜ ਮੋਰਚਾ ਦੇ ਮੈਦਾਨ ਵਿੱਚ ਆ ਜਾਣ ਨਾਲ ਦਿਨੋ-ਦਿਨ ਹਾਲਤ ਨਵੀਂ ਕਰਵਟ ਲੈਂਦੇ ਨਜ਼ਰ ਆ ਰਹੇ ਹਨ | ਪਿਛਲੇ ਸਮੇਂ ਵਿੱਚ ਕਾਂਗਰਸ ਪਾਰਟੀ ਅੰਦਰ ਉੱਠੇ ਮੱਤਭੇਦਾਂ ਨੇ ਉਸ ਦੀ ਕਾਫ਼ੀ ਕਿਰਕਰੀ ਕਰਾਈ ਸੀ | ਲੱਗਦਾ ਹੈ ਕਿ ਹਾਈ ਕਮਾਂਡ ਨੇ ਕਾਫ਼ੀ ਕੁਝ ਸ਼ਾਂਤ ਕਰ ਲਿਆ ਹੈ | ਇਸ ਦੇ ਬਾਵਜੂਦ ਅਸਲ ਸਥਿਤੀ ਤਾਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਪਤਾ ਚੱਲੇਗੀ | ਜਿਥੋਂ ਤੱਕ ਆਮ ਆਦਮੀ ਪਾਰਟੀ ਦੀ ਹਾਲਤ ਦਾ ਸਵਾਲ ਹੈ, ਉਸ ਅੰਦਰ ਵੀ ਉਮੀਦਵਾਰਾਂ ਦੀ ਚੋਣ ਤੋਂ ਆਮ ਵਰਕਰ ਕਾਫ਼ੀ ਨਰਾਜ਼ ਹਨ, ਕਿਉਂਕਿ ਲੱਗਭੱਗ ਇੱਕ ਤਿਹਾਈ ਸੀਟਾਂ ਦਲ-ਬਦਲੂਆਂ ਨੂੰ ਦੇ ਦਿੱਤੀਆਂ ਗਈਆਂ ਹਨ |
ਜਿੱਥੋਂ ਤੱਕ ਭਾਜਪਾ ਦੀ ਅਗਵਾਈ ਵਾਲੇ ਮੋਰਚੇ ਦਾ ਸਵਾਲ ਹੈ, ਉਸ ਨੇ ਤਾਂ ਸਭ ਪਾਰਟੀਆਂ ਦੀ ਰਹਿੰਦ-ਖੂੰਹਦ ਇਕੱਠੀ ਕਰਨ ਲਈ ਸਭ ਦਰਵਾਜ਼ੇ-ਬਾਰੀਆਂ ਖੋਲ੍ਹ ਰੱਖੇ ਹਨ | ਇੱਕ ਗੱਲ ਸਪੱਸ਼ਟ ਹੈ ਕਿ ਪੇਂਡੂ ਕਿਸਾਨੀ ਵਿੱਚੋਂ ਇਸ ਮੋਰਚੇ ਨੂੰ ਵੋਟ ਮਿਲਣੇ ਅਸੰਭਵ ਹਨ | ਸ਼ਹਿਰਾਂ ਵਿੱਚੋਂ ਜ਼ਰੂਰ ਭਾਜਪਾ ਨੂੰ ਵੋਟਾਂ ਪੈਣਗੀਆਂ | ਇਹ ਵੀ ਉਹ ਵੋਟਾਂ ਹਨ, ਜਿਹੜੀਆਂ ਉੱਤੇ ਸ਼ਾਂਤੀ ਮਾਰਚ ਤੇ ਤਿਰੰਗਾ ਯਾਤਰਾਵਾਂ ਰਾਹੀਂ ਕੇਜਰੀਵਾਲ ਅੱਖ ਰੱਖੀ ਬੈਠਾ ਸੀ | ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ ਹਾਲੇ ਵੀ ਪੇਂਡੂ ਇਲਾਕਿਆਂ, ਖਾਸ ਕਰ ਦੁਆਬੇ ਤੇ ਮਾਝੇ ਵਿੱਚ ਕਾਫ਼ੀ ਅਧਾਰ ਹੈ | ਉਸ ਨੂੰ ਬਸਪਾ ਦੀ ਜਿੰਨੀ ਵੋਟ ਚੜ੍ਹ ਜਾਵੇਗੀ, ਉਹੀ ਉਸ ਦੇ ਉਮੀਦਵਾਰਾਂ ਦੀ ਜਿੱਤਣ ਦੀ ਸੰਭਾਵਨਾ ਨੂੰ ਵਧਾ ਸਕਦੀ ਹੈ | ਇਸ ਵੋਟ ਨੂੰ ਆਪਣੇ ਵੱਲ ਖਿੱਚਣ ਲਈ ਕਾਂਗਰਸ ਨੇ ਜਿਹੜਾ ਦਾਅ ਚਰਨਜੀਤ ਸਿੰਘ ਚੰਨੀ (ਇੱਕ ਦਲਿਤ) ਨੂੰ ਮੁੱਖ ਮੰਤਰੀ ਬਣਾ ਕੇ ਖੇਡਿਆ ਹੈ, ਉਸ ਨੇ ਹਾਲਤ ਬਦਲ ਦਿੱਤੇ ਹਨ | ਕਾਂਗਰਸ ਜੇਕਰ ਚਰਨਜੀਤ ਚੰਨੀ ਨੂੰ ਦੁਆਬੇ ਦੀ ਕਿਸੇ ਸੀਟ ਤੋਂ ਖੜਾ ਕਰ ਦਿੰਦੀ ਹੈ ਤਾਂ ਅਕਾਲੀ-ਬਸਪਾ ਲਈ ਹਾਲਤ ਹੋਰ ਵੀ ਔਖੇ ਬਣ ਜਾਂਦੇ ਹਨ | ਜਿੱਥੋਂ ਤੱਕ ਸੰਯੁਕਤ ਸਮਾਜ ਮੋਰਚੇ ਦੀ ਹਾਲਤ ਦਾ ਸਵਾਲ ਹੈ, ਉਹ ਹਾਲੇ ਅੰਗੜਾਈਆਂ ਹੀ ਭੰਨ ਰਿਹਾ ਹੈ | ਉਸ ਦੇ ਉਮੀਦਵਾਰ ਜਦੋਂ ਮੈਦਾਨ ਵਿੱਚ ਖੱੁਲ੍ਹ ਕੇ ਸਾਹਮਣੇ ਆਉਣਗੇ ਤਾਂ ਹਾਲਤ ਨਿੱਖਰ ਜਾਵੇਗੀ | ਇਸ ਦੇ ਬਾਵਜੂਦ ਇੱਕ ਗੱਲ ਤਾਂ ਪੱਕੀ ਹੈ ਕਿ ਕਿਸਾਨ ਅੰਦੋਲਨ ਦੇ ਕੇਂਦਰ ਮਾਲਵੇ ਵਿੱਚ ਜੇ ਸੰਯੁਕਤ ਸਮਾਜ ਮੋਰਚੇ ਵਿੱਚੋਂ ਬਾਹਰ ਰਹੀਆਂ ਮਜ਼ਬੂਤ ਕਿਸਾਨ ਜਥੇਬੰਦੀਆਂ ਨਾਲ ਜੁੜੀ ਵੋਟ ਉਸ ਨੂੰ ਮਿਲ ਜਾਂਦੀ ਹੈ ਤਾਂ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ | ਇਹ ਵੀ ਸੱਚ ਹੈ ਕਿ ਇਹੋ ਵੋਟ ਬੈਂਕ ਹੈ, ਜਿਸ ਦੇ ਵੱਡੇ ਹਿੱਸੇ ਦੀ ਆਮ ਆਦਮੀ ਪਾਰਟੀ ਨੇ ਆਸ ਰੱਖੀ ਹੋਈ ਹੈ | ਇਸ ਸਮੇਂ ਤੱਕ ਦੋ ਵੱਡੀਆਂ ਖੱਬੀਆਂ ਧਿਰਾਂ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ, ਉਨ੍ਹਾਂ ਬਾਰੇ ਹਾਲੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ |
ਯੂ ਪੀ ਚੋਣਾਂ : ਭਾਜਪਾ ਲਈ ਪ੍ਰੀਖਿਆ ਦੀ ਘੜੀ
ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ | ਇਨ੍ਹਾਂ ਵਿੱਚੋਂ ਚਾਰ ਰਾਜਾਂ; ਉਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਤੇ ਗੋਆ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ | ਪੰਜਵੇਂ ਰਾਜ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ | ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਚਾਰੇ ਹੀ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਬਚਾਉਣ ਦੀ ਚੁਣੌਤੀ ਹੈ | ਭਾਜਪਾ ਜਾਣਦੀ ਹੈ ਕਿ ਇਨ੍ਹਾਂ ਚੋਣਾਂ ਦਾ ਅਸਰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਉਤੇ ਵੀ ਪੈਣਾ ਹੈ | ਇਸ ਲਿਹਾਜ਼ ਨਾਲ ਉਤਰ ਪ੍ਰਦੇਸ਼ ਸਭ ਤੋਂ ਅਹਿਮ ਰਾਜ ਹੈ, ਜਿੱਥੋਂ ਲੋਕ ਸਭਾ ਦੇ 80 ਮੈਂਬਰ ਚੁਣੇ ਜਾਂਦੇ ਹਨ | ਅਸਲ ਵਿੱਚ ਇਹ ਚੋਣਾਂ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਇਮਤਿਹਾਨ ਹੋਣ ਜਾ ਰਹੀਆਂ ਹਨ |
ਇਹ ਸਭ ਜਾਣਦੇ ਹਨ ਕਿ ਮੋਦੀ ਦਾ ਪੌਣੇ ਤਿੰਨ ਸਾਲ ਦਾ ਦੂਜਾ ਕਾਰਜਕਾਲ ਹਰ ਪੱਖੋਂ ਬੇਹੱਦ ਮਾੜਾ ਰਿਹਾ ਹੈ | ਕੋਰੋਨਾ ਮਹਾਂਮਾਰੀ ਨਾਲ ਨਿਪਟਣ ਪੱਖੋਂ ਮੋਦੀ ਸਰਕਾਰ ਸਭ ਦੇਸ਼ਾਂ ਦੀਆਂ ਸਰਕਾਰਾਂ ਨਾਲੋਂ ਸਭ ਤੋਂ ਵੱਧ ਨਿਕੰਮੀ ਸਾਬਤ ਹੋਈ ਹੈ | ਲਾਕਡਾਊਨ ਦੌਰਾਨ ਮਹਾਂਨਗਰ ਤੋਂ ਘਰਾਂ ਨੂੰ ਪਰਤਦੇ ਲੋਕਾਂ ਵੱਲੋਂ ਝੱਲੇ ਤਸੀਹੇ ਹਾਲੇ ਉਨ੍ਹਾਂ ਨੂੰ ਭੁੱਲੇ ਨਹੀਂ | ਦੇਸ਼ ਦੀ ਆਰਥਿਕਤਾ ਨੀਵਾਣਾਂ ਛੂਹ ਰਹੀ ਹੈ | ਬੇਰੁਜ਼ਗਾਰੀ ਵਿੱਚ ਰਿਕਾਰਡ-ਤੋੜ ਵਾਧਾ ਹੋ ਰਿਹਾ ਹੈ | ਦੇਸ਼ ਦੀ ਮੱਧ ਵਰਗੀ ਅਬਾਦੀ ਗਰੀਬੀ ਦੀ ਰੇਖਾ ਤੋਂ ਹੇਠਾਂ ਨੂੰ ਖਿਸਕ ਰਹੀ ਹੈ | ਭੁੱਖ, ਗਰੀਬੀ ਤੇ ਕੁਪੋਸ਼ਣ ਦੇ ਮਾਮਲੇ ਵਿੱਚ ਅਸੀਂ ਬਦਤਰ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹਾਂ | ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ | ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ | ਬਦੇਸ਼ੀ ਮਾਮਲਿਆਂ ਵਿੱਚ ਭਾਰਤ ਅਲੱਗ-ਥਲੱਗ ਪੈ ਚੁੱਕਾ ਹੈ | ਸਾਡਾ ਕੋਈ ਵੀ ਗੁਆਂਢੀ ਦੇਸ਼ ਅਜਿਹਾ ਨਹੀਂ, ਜਿਸ ਨੂੰ ਅਸੀਂ ਭਰੋਸੇਯੋਗ ਮਿੱਤਰ ਕਹਿ ਸਕੀਏ | ਆਪਣੀ ਮਜ਼ਬੂਤ ਅਰਥ ਵਿਵਸਥਾ ਦੇ ਦਮ ਉੱਤੇ ਚੀਨ ਨੇ ਸਾਡੇ ਸਭ ਗੁਆਂਢੀ ਦੇਸ਼ਾਂ ਨਾਲ ਗਹਿਰੇ ਸੰਬੰਧ ਬਣਾ ਲਏ ਹਨ | 2014 ਤੋਂ ਬਾਅਦ ਹੋਈਆਂ ਸਭ ਚੋਣਾਂ ਭਾਜਪਾ ਨਰਿੰਦਰ ਮੋਦੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਲੜਦੀ ਰਹੀ ਹੈ, ਪਰ ਕੇਂਦਰ ਸਰਕਾਰ ਦੇ ਕੁਸ਼ਾਸਨ ਕਾਰਨ ਮੋਦੀ ਦੀ ਛਵੀ ਲਗਾਤਾਰ ਡਿੱਗਦੀ ਜਾ ਰਹੀ ਹੈ | ਨਰਿੰਦਰ ਮੋਦੀ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿਹੜਾ ‘ਗੁਜਰਾਤ ਵਿਕਾਸ ਮਾਡਲ’ ਦਾ ਰੇਤ ਦਾ ਮਹਿਲ ਉਸਾਰਿਆ ਗਿਆ ਸੀ, ਉਹ ਭੁਰਭੁਰਾ ਕੇ ਢਹਿ-ਢੇਰੀ ਹੋ ਚੁੱਕਾ ਹੈ | ‘ਇੰਡੀਆ ਟੂਡੇ’ ਸਮੇਂ-ਸਮੇਂ ਉਤੇ ਪ੍ਰਧਾਨ ਮੰਤਰੀ ਬਾਰੇ ਲੋਕਾਂ ਦੀ ਰਾਏ ਜਾਨਣ ਲਈ ਸਰਵੇ ਕਰਦਾ ਰਹਿੰਦਾ ਹੈ | ਇਸ ਸਰਵੇ ਵਿੱਚ ਲੋਕਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਅਨੁਸਾਰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ? ਅਗਸਤ 2020 ਵਾਲੇ ਸਰਵੇ ਵਿੱਚ 66 ਫ਼ੀਸਦੀ ਲੋਕਾਂ ਦੀ ਪਹਿਲੀ ਪਸੰਦ ਨਰਿੰਦਰ ਮੋਦੀ ਸਨ | ਜਨਵਰੀ 2021 ਵਿੱਚ ਕੀਤੇ ਸਰਵੇ ਵਿੱਚ ਨਰਿੰਦਰ ਮੋਦੀ 38 ਫ਼ੀਸਦੀ ਲੋਕਾਂ ਦੀ ਪਸੰਦ ਸਨ ਤੇ ਅਗਸਤ 2021 ਦੇ ਸਰਵੇ ਵਿੱਚ ਮੋਦੀ ਘਟ ਕੇ ਸਿਰਫ਼ 24 ਫ਼ੀਸਦੀ ਲੋਕਾਂ ਦੀ ਪਸੰਦ ਰਹਿ ਗਏ ਸਨ |
ਇਸ ਹਾਲਤ ਵਿੱਚ ਮੋਦੀ ਦੀ ਚੋਣਾਂ ਜਿਤਾਉਣ ਦੀ ਸਮਰੱਥਾ ਬਹੁਤ ਕਮਜ਼ੋਰ ਹੋ ਚੁੱਕੀ ਹੈ | ਇਹੋ ਕਾਰਨ ਹੈ ਕਿ ਬੇਸ਼ੁਮਾਰ ਧਨ-ਬਲ ਦੇ ਬਾਵਜੂਦ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਮਮਤਾ ਦੀ ਤਿ੍ਣਮੂਲ ਕਾਂਗਰਸ ਹੱਥੋਂ ਹਾਰ ਝਲਣੀ ਪਈ ਸੀ | ਪਿਛੇ ਜਿਹੇ ਹੋਈਆਂ 13 ਰਾਜਾਂ ਦੀਆਂ 29 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਵਿੱਚ ਵੀ ਭਾਜਪਾ ਆਪਣੀ ਇੱਛਾ ਮੁਤਾਬਕ ਨਤੀਜੇ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ | ਕਿਸਾਨ ਅੰਦੋਲਨ ਵੱਲੋਂ ਨਰਿੰਦਰ ਮੋਦੀ ਦਾ ਹੰਕਾਰ ਤੋੜ ਦੇਣ ਨੇ ਵੀ ਉਸ ਦੇ ਮਹਾਂਬਲੀ ਵਾਲੇ ਅਕਸ ਨੂੰ ਢਾਹ ਲਾ ਦਿੱਤੀ ਹੈ |
ਇਸ ਸਮੇਂ ਨਰਿੰਦਰ ਮੋਦੀ ਤੇ ਭਾਜਪਾ ਲਈ ਉਤਰ ਪ੍ਰਦੇਸ਼ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਤਾਂ ਦੂਹਰੀ ਚਿੰਤਾ ਹੈ | ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਪ੍ਰਧਾਨ ਮੰਤਰੀ ਮੋਦੀ ਦੀ ਇੱਛਾ ਦੇ ਉਲਟ ਸੰਘ ਵੱਲੋਂ ਥਾਪਿਆ ਗਿਆ ਸੀ | ਯੋਗੀ ਨੂੰ ਸੰਘ ਦੇ ਥਾਪੜੇ ਕਾਰਨ ਮੋਦੀ ਉਸ ਨੂੰ ਆਪਣਾ ਸ਼ਰੀਕ ਸਮਝਦਾ ਹੈ | ਮੋਦੀ ਨੂੰ ਇੱਕ ਤਾਂ ਇਹ ਡਰ ਹੈ ਕਿ ਜੇ ਉਤਰ ਪ੍ਰਦੇਸ਼ ਹਾਰ ਗਏ ਤਾਂ ਅਗਲੀਆਂ ਲੋਕ ਸਭਾ ਚੋਣਾਂ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ ਤੇ ਦੂਜਾ ਡਰ ਇਹ ਹੈ ਕਿ ਜੇਕਰ ਯੋਗੀ ਮੁੜ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਸੰਘ ਮੋਦੀ ਦੀ ਥਾਂ ਯੋਗੀ ਉੱਤੇ ਦਾਅ ਖੇਡ ਸਕਦਾ ਹੈ | ਇਸ ਲਈ ਇਸ ਸਮੇਂ ਮੋਦੀ ਦੁਚਿੱਤੀ ਵਿੱਚ ਫਸਿਆ ਹੋਇਆ ਹੈ |
ਉੱਤਰ ਪ੍ਰਦੇਸ਼ ਵਿੱਚ ਆਮ ਲੋਕ ਭਾਜਪਾ ਤੋਂ ਨਰਾਜ਼ ਹਨ ਤੇ ਉਹ ਸਰਕਾਰ ਬਦਲਣ ਦਾ ਮਨ ਬਣਾ ਚੁੱਕੇ ਹਨ | ਸਮਾਜਵਾਦੀ ਪਾਰਟੀ ਨੇ ਆਰ ਐੱਲ ਡੀ, ਰਾਜ ਭਰ ਦੀ ਪਾਰਟੀ ਸਭਸਪਾ, ਮਹਾਨ ਦਲ ਤੇ ਆਪਣਾ ਦਲ ਵਰਗੀਆਂ 12 ਛੋਟੀਆਂ ਪਾਰਟੀਆਂ ਨਾਲ ਮਜ਼ਬੂਤ ਗਠਜੋੜ ਬਣਾ ਲਿਆ ਹੈ | ਉਸ ਵੱਲੋਂ ਕਮਿਊਨਿਸਟ ਧਿਰਾਂ ਨੂੰ ਵੀ ਨਾਲ ਜੋੜਨ ਲਈ ਗੱਲਬਾਤ ਕੀਤੀ ਜਾ ਰਹੀ ਹੈ | ਕਾਂਗਰਸ ਪਾਰਟੀ ਨੇ ਵੀ ਮਜ਼ਬੂਤੀ ਫੜੀ ਹੈ | ਉਹ ਇਸ ਉਭਾਰ ਨੂੰ ਵੋਟ ਵਿੱਚ ਕਿੰਨਾ ਤਬਦੀਲ ਕਰ ਲਏਗੀ, ਇਹ ਸਮਾਂ ਦੱਸੇਗਾ, ਪਰ ਉਹ ਜਿੰਨਾ ਵੀ ਸੰਨ੍ਹ ਲਾਵੇਗੀ, ਭਾਜਪਾ ਦੀਆਂ ਬ੍ਰਾਹਮਣ, ਬਾਣੀਆਂ ਤੇ ਉੱਚ ਜਾਤੀ ਦੀਆਂ ਵੋਟਾਂ ਨੂੰ ਹੀ ਲਾਵੇਗੀ | ਪਿਛਲੇ ਸਮੇਂ ਵਿੱਚ ਹੋਈਆਂ ਚੋਣ ਰੈਲੀਆਂ ਵਿੱਚ ਸਮਾਜਵਾਦੀ ਪਾਰਟੀ ਭੀੜਾਂ ਜੋੜਣ ਵਿੱਚ ਕਾਮਯਾਬ ਰਹੀ, ਜਦੋਂ ਕਿ ਮੋਦੀ-ਯੋਗੀ ਦੀਆਂ ਰੈਲੀਆਂ ਸਰਕਾਰੀ ਸਾਧਨਾਂ ਦੀ ਵਰਤੋਂ ਦੇ ਬਾਵਜੂਦ ਫਿੱਕੀਆਂ ਰਹੀਆਂ ਸਨ | ਇਸ ਸਮੇਂ ਜਦੋਂ ਚੋਣ ਯੁੱਧ ਭਖ ਚੁੱਕਾ ਹੈ, ਇੱਕ ਮਜ਼ਬੂਤ ਸਿਆਸੀ ਧਿਰ ਮਾਇਆਵਤੀ ਦੀ ਬਸਪਾ ਸਭ ਤੋਂ ਪੱਛੜੀ ਹੋਈ ਹੈ | ਉਸ ਦਾ ਮੁਸਲਿਮ ਵੋਟ ਬੈਂਕ ਸਮਾਜਵਾਦੀ ਪਾਰਟੀ ਨਾਲ ਜੁੜ ਚੁੱਕਾ ਹੈ | ਦਲਿਤ ਵੋਟਾਂ ਨੂੰ ਉਹ ਆਪਣੇ ਨਾਲ ਰੱਖ ਸਕੇਗੀ, ਇਸ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ | ਹੋ ਸਕਦਾ ਹੈ ਕਿ ਭਾਜਪਾ ਧਨ ਦੇ ਸਹਾਰੇ ਇਸ ਵਿੱਚ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਜਾਵੇ | ਇਸ ਦੇ ਬਾਵਜੂਦ ਭਾਜਪਾ ਲਈ ਉੱਤਰ ਪ੍ਰਦੇਸ਼ ਨੂੰ ਜਿੱਤਣਾ ਸੌਖਾ ਨਹੀਂ ਹੈ |

ਉਤਰਾਖੰਡ ਤੇ ਗੋਆ : ਕੌਣ ਕਿੰਨੇ ਪਾਣੀ ’ਚ

ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਅੱਜ ਅਸੀਂ ਉਤਰਾਖੰਡ ਤੇ ਗੋਆ ਰਾਜਾਂ ਦੀਆਂ ਚੋਣ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਾਂਗੇ। ਉਤਰਾਖੰਡ ਦੀਆਂ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਰਾਸ਼ਟਰਵਾਦ ਤੇ ਹਿੰਦੂਤਵ ਦੀ ਹਨੇਰੀ ਲਿਆ ਕੇ 70 ਵਿੱਚੋਂ 57 ਸੀਟਾਂ ਜਿੱਤ ਲਈਆਂ ਸਨ। ਕਾਂਗਰਸ ਨੂੰ 11 ਤੇ ਅਜ਼ਾਦਾਂ ਨੂੰ 2 ਸੀਟਾਂ ਮਿਲੀਆਂ ਸਨ। ਧਰਮ ਦੇ ਅਧਾਰ ਉੱਤੇ ਇਸ ਰਾਜ ਵਿੱਚ 82 ਫ਼ੀਸਦੀ ਹਿੰਦੂ, 14 ਫ਼ੀਸਦੀ ਮੁਸਲਮਾਨ, ਢਾਈ ਫੀਸਦੀ ਸਿੱਖ ਤੇ ਅੱਧਾ ਫੀਸਦੀ ਇਸਾਈ ਮੱਤ ਦੇ ਲੋਕਾਂ ਦੀ ਅਬਾਦੀ ਹੈ। ਜਾਤਾਂ ਮੁਤਾਬਕ 59 ਫ਼ੀਸਦੀ ਰਾਜਪੂਤ ਹਨ, ਜਿਨ੍ਹਾਂ ਦੀਆਂ ਅੱਗੋਂ ਬਹੁਤ ਸਾਰੀਆਂ ਤਹਿਆਂ ਹਨ। ਇਨ੍ਹਾਂ ਵਿੱਚ ਠਾਕੁਰ ਉੱਚ ਜਾਤੀ ਸਮਝੀ ਜਾਂਦੀ ਹੈ ਤੇ ਚੌਹਾਨ ਵਰਗੀਆਂ ਕਈ ਜਾਤੀਆਂ ਰਾਖਵੇਂਕਰਨ ਦਾ ਲਾਭ ਵੀ ਮਾਣਦੀਆਂ ਹਨ। ਬ੍ਰਾਹਮਣ 21 ਫ਼ੀਸਦੀ ਹਨ, ਦਲਿਤ ਤੇ ਟਰਾਈਬਲਾਂ ਦੀ ਅਬਾਦੀ 20 ਫ਼ੀਸਦੀ ਦੇ ਕਰੀਬ ਹੈ। ਅਜ਼ਾਦੀ ਤੋਂ ਪਹਿਲਾਂ ਰਾਜਪੂਤ ਵੱਖ-ਵੱਖ ਛੋਟੀਆਂ ਰਿਆਸਤਾਂ ਦੇ ਚੌਧਰੀ ਸਨ, ਤੇ ਅੱਜ ਦੋਵੇਂ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਵਿੱਚ ਇਨ੍ਹਾਂ ਦਾ ਹੀ ਬੋਲਬਾਲਾ ਹੈ। ਇਸ ਸਮੇਂ ਦੋਵਾਂ ਪਾਰਟੀਆਂ ਅੰਦਰ ਰਾਜਪੂਤਾਂ ਵਿੱਚ ਸੱਤਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਸੱਤਾ ਸੰਘਰਸ਼ ਕਾਰਨ ਮੌਜੂਦਾ ਕਾਰਜਕਾਲ ਦੌਰਾਨ ਭਾਜਪਾ ਨੂੰ ਆਪਣੇ ਤਿੰਨ ਮੁੱਖ ਮੰਤਰੀ ਬਦਲਣੇ ਪਏ ਹਨ, ਪਰ ਸੰਘਰਸ਼ ਲਗਾਤਾਰ ਜਾਰੀ ਹੈ। ਬ੍ਰਾਹਮਣ ਜਿਹੜੇ ਪਹਿਲਾਂ ਕਾਂਗਰਸ ਨਾਲ ਹੁੰਦੇ ਸਨ, ਹੁਣ ਭਾਜਪਾ ਦੇ ਪਾਲੇ ਵਿੱਚ ਆ ਚੁੱਕੇ ਹਨ। ਦਲਿਤ ਵੋਟ ਸਦਾ ਹੀ ਕਾਂਗਰਸ ਨਾਲ ਰਿਹਾ ਹੈ, ਭਾਵੇਂ ਮਾਇਆਵਤੀ ਇਸ ਵਿੱਚ ਸੰਨ੍ਹ ਲਾਉਂਦੀ ਰਹੀ, ਪਰ ਇਸ ਸਮੇਂ ਉਸ ਦਾ ਪਹਿਲਾਂ ਵਾਲਾ ਬੱਝਕਾ ਨਹੀਂ ਰਿਹਾ। ਪਿਛਲੇ ਦਿਨੀਂ ਸੰਘ ਦੇ ਸਾਧੜਿਆਂ ਨੇ ਧਰਮ ਸੰਸਦ ਦੇ ਨਾਂਅ ਉੱਤੇ ਹਰਿਦੁਆਰ ਵਿੱਚ ਮੁਸਲਿਮ ਵਿਰੋਧੀ ਬਿਆਨ ਦੇ ਕੇ ਹਿੰਦੂਆਂ ਨੂੰ ਗੋਲਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਰਾਜ ਦੇ ਵਸਨੀਕਾਂ ਨੇ ਇਸ ਦਾ ਹੁੰਗਾਰਾ ਨਹੀਂ ਭਰਿਆ। ਇਸ ਰਾਜ ਵਿੱਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ, ਜਿਸ ਨੇ ਲੋਕਾਂ ਨੂੰ ਬਾਹਰਲੇ ਸੂਬਿਆਂ ਵਿੱਚ ਪਰਵਾਸ ਕਰਨ ਲਈ ਮਜਬੂਰ ਕੀਤਾ ਹੋਇਆ ਹੈ। ਤਰਾਈ ਦੇ ਜ਼ਿਲ੍ਹਿਆਂ ਵਿੱਚ ਸਿੱਖ ਕਿਸਾਨੀ ਦੀ ਵੱਡੀ ਅਬਾਦੀ ਹੈ, ਜਿਹੜੀ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਕਾਰਨ ਭਾਜਪਾ ਨੂੰ ਭੁਗਤਦੀ ਰਹੀ ਹੈ। ਕਿਸਾਨ ਅੰਦੋਲਨ ਨਾਲ ਜੁੜੇ ਰਹਿਣ ਕਾਰਨ ਹੁਣ ਇਹ ਅਬਾਦੀ ਭਾਜਪਾ ਤੋਂ ਦੂਰ ਹੋ ਚੁੱਕੀ ਹੈ। ਇਸ ਹਾਲਤ ਵਿੱਚ ਉਤਰਾਖੰਡ ਵਿੱਚ ਭਾਜਪਾ ਦਾ ਗਰਾਫ ਕਾਫ਼ੀ ਹੇਠਾਂ ਜਾ ਚੁੱਕਾ ਹੈ। ਜੇਕਰ ਕਾਂਗਰਸ ਇਕਮੁੱਠ ਹੋ ਕੇ ਤੇ ਸਮਾਜਵਾਦੀ ਪਾਰਟੀ ਵਰਗੇ ਛੋਟੇ ਗਰੁੱਪਾਂ ਨੂੰ ਨਾਲ ਲੈ ਕੇ ਮੈਦਾਨ ਵਿੱਚ ਉਤਰਦੀ ਹੈ ਤਾਂ ਉਹ ਆਪਣੀ ਪੁਰਾਣੀ ਪੁਜ਼ੀਸ਼ਨ ਬਹਾਲ ਕਰ ਸਕਦੀ ਹੈ। ਗੋਆ ਦੀ ਹਾਲਤ ਵੀ ਉਤਰਾਖੰਡ ਵਰਗੀ ਹੀ ਹੈ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਬਹੁਮੱਤ ਨਹੀਂ ਸੀ ਮਿਲਿਆ, ਪਰ ਉਹ ਕਾਂਗਰਸ ਨੂੰ ਠਿੱਬੀ ਲਾ ਕੇ ਛੋਟੀਆਂ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ। ਇਸ ਵਾਰ ਮੁੱਖ ਮੁਕਾਬਲਾ ਭਾਵੇਂ ਕਾਂਗਰਸ ਤੇ ਭਾਜਪਾ ਵਿੱਚ ਹੈ, ਪਰ ਮਮਤਾ ਤੇ ਕੇਜਰੀਵਾਲ ਕਾਂਗਰਸ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਜੀਅ-ਜਾਨ ਨਾਲ ਲੱਗੇ ਹੋਏ ਹਨ। ਟੀ ਐੱਮ ਸੀ ਨੇ ਮਹਾਂਰਾਸ਼ਟਰ ਗੋਗਾਂਤਕ ਪਾਰਟੀ ਨਾਲ ਗਠਜੋੜ ਕੀਤਾ ਹੈ। ਕਾਂਗਰਸ ਪਾਰਟੀ ਨੇ ਗੋਆ ਫਾਰਵਰਡ ਪਾਰਟੀ ਨੂੰ ਨਾਲ ਜੋੜ ਲਿਆ ਹੈ, ਐੱਨ ਸੀ ਪੀ ਤੇ ਸ਼ਿਵ ਸੈਨਾ ਨਾਲ ਗੱਲਬਾਤ ਚੱਲ ਰਹੀ ਹੈ। ਗੋਆ ਦੀ ਅਬਾਦੀ ਸਿਰਫ਼ 15 ਲੱਖ ਹੈ ਤੇ ਸੀਟਾਂ 40 ਹਨ। ਪਿਛਲੀ ਚੋਣ ਵਿੱਚ 9,17,832 ਵੋਟਾਂ ਪੋਲ ਹੋਈਆਂ ਸਨ। ਇਸ ਹਿਸਾਬ ਨੂੰ 1 ਸੀਟ ਲਈ ਔਸਤਨ 23 ਹਜ਼ਾਰ ਵੋਟਾਂ ਬਣਦੀਆਂ ਹਨ। ਇਸ ਲਈ ਮੁੱਖ ਲੜਾਈ ਪੈਸੇ ਤੇ ਸ਼ਰਾਬ-ਕਬਾਬ ਨਾਲ ਲੜੀ ਜਾਂਦੀ ਹੈ। ਪੈਸੇ ਦੇ ਮਾਮਲੇ ਵਿੱਚ ਕੋਈ ਵੀ ਪਾਰਟੀ ਭਾਜਪਾ ਦੇ ਨੇੜੇ-ਤੇੜੇ ਵੀ ਨਹੀਂ ਢੁਕਦੀ। ਬਾਕੀ ਹਾਲੇ ਮੁਢਲੇ ਦਿਨ ਹਨ, ਆਉਣ ਵਾਲੇ ਸਮੇਂ ਦੌਰਾਨ ਦਿਨੋ-ਦਿਨ ਸਥਿਤੀ ਨਿਖਰਦੀ ਰਹੇਗੀ।

Comment here