ਵਿਦੇਸ਼ ਚ ਬੈਠੇ ਗੈਂਗਸਟਰ ਕਾਂਟ੍ਰੈਕਟ ਕਿਲਿੰਗ ਲਈ ਨੌਜਵਾਨਾਂ ਨੂੰ ਕੰਮ ’ਤੇ ਰੱਖ ਰਹੇ ਨੇ
ਵਿਸ਼ੇਸ਼ ਰਿਪੋਰਟ-ਅਮਨ
ਪੰਜਾਬ ਦੇ ਹਾਲਾਤ ਬਹੁਤੇ ਵਧੀਆ ਨਹੀਂ, ਗੈਂਗਲੈਂਡ ਬਣਦਾ ਜਾ ਰਿਹਾ ਹੈ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ। ਸੂਬਾ ਪੁਲਸ ਅਨੁਸਾਰ ਸੂਬੇ ਵਿਚ ਘੱਟੋ-ਘੱਟ 45 ਗੈਂਗਸਟਰ ਸਰਗਰਮ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਅਤੇ ਵਿਦੇਸ਼ ਵਿਚ ਬੈਠੇ ਗੈਂਗਸਟਰ ਕਾਂਟ੍ਰੈਕਟ ਕਿਲਿੰਗ ਲਈ ਨੌਜਵਾਨਾਂ ਨੂੰ ਕੰਮ ’ਤੇ ਰੱਖ ਰਹੇ ਹਨ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਅੰਤਰਰਾਜੀ ਸਬੰਧ ਪੁਲਸ ਲਈ ਸਿਰ ਦਰਦ ਸਾਬਤ ਹੋ ਰਹੇ ਹਨ।ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ਼ ਸਖਤ ਹੋਈ ਹੈ। ਸਰਕਾਰ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਹਰਪ੍ਰੀਤ ਸਿੱਧੂ ਦੇ ਹੱਥ ਜੇਲ੍ਹਾਂ ਦੀ ਕਮਾਨ ਵੀ ਸੌਂਪ ਦਿੱਤੀ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 6 ਪੰਜਾਬੀ ਗਾਇਕਾਂ ਅਤੇ ਅਭਿਨੇਤਾਵਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ 2 ਮਹੀਨਿਆਂ ’ਚ 10-10 ਲੱਖ ਰੁਪਏ ਦੀ ਸੁਰੱਖਿਆ ਰਾਸ਼ੀ (ਰੰਗਦਾਰੀ) ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਹੱਕੀ-ਬੱਕੀ ਸੂਬਾ ਪੁਲਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਇਨ੍ਹਾਂ ਗੈਂਗਸਟਰਾਂ ਦੀਆਂ ਸਰਗਰਮੀਆਂ ਬਾਰੇ ਨਵੇਂ ਸਿਰਿਓਂ ਜਾਂਚ ਕਰੇਗੀ।
ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਸ ਨੇ ਕੁਝ ਸਾਲ ਪਹਿਲਾਂ ਸੂਬੇ ’ਚ 545 ਗੈਂਗਸਟਰਾਂ ਨੂੰ ਸੂਚੀਬੱਧ ਕੀਤਾ ਸੀ। ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਜੈਪਾਲ ਵਰਗੇ ਵੱਡੇ ਅਪਰਾਧੀਆਂ ਦਾ ਸਫ਼ਾਇਆ ਕਰਦੇ ਹੋਏ ਪੁਲਸ ਨੇ ਉਨ੍ਹਾਂ ਵਿਚੋਂ 500 ਖ਼ਿਲਾਫ਼ ਕਾਰਵਾਈ ਕੀਤੀ ਸੀ। ਉਨ੍ਹਾਂ ਵਿਚੋਂ ਘੱਟੋ-ਘੱਟ 250 ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ, ਜਦੋਂਕਿ ਹੋਰ ਪੰਜਾਬ ਤੋਂ ਭੱਜ ਗਏ ਹਨ। 4 ਸਾਲਾਂ ਵਿਚ 6 ਵੱਖ-ਵੱਖ ਗਿਰੋਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਸਾਹਮਣੇ ਆਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਰੋਹਾਂ ਬਾਰੇ ਮੁੜ ਮੁਲਾਂਕਣ ਕੀਤਾ ਜਾਵੇਗਾ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਿਰੋਹਾਂ ਨੇ ਪੰਜਾਬ ਦੇ ਵਧਦੇ-ਫੁਲਦੇ ਸੰਗੀਤ ਅਤੇ ਫਿਲਮ ਇੰਡਸਟਰੀ ਵਿਚ ਨਿਵੇਸ਼ ਕੀਤਾ ਹੈ। ਉਨ੍ਹਾਂ ਦੇ ਵਿੱਤੀ ਦਾਅ ਉੱਚੇ ਹਨ, ਇਸ ਲਈ ਉਹ ਗਾਇਕਾਂ ਅਤੇ ਅਭਿਨੇਤਾਵਾਂ ਨੂੰ ਡਿਸਟ੍ਰੀਬਿਊਸ਼ਨ ਦੇ ਅਧਿਕਾਰ ਹਾਸਲ ਕਰਨ ਲਈ ਧਮਕਾਉਂਦੇ ਹਨ। ਗੈਂਗਸਟਰਾਂ ਨੇ ਸੂਬੇ ਦੇ ਛੋਟੇ ਸ਼ਹਿਰਾਂ ਵਿਚ ਵੱਖ-ਵੱਖ ਲੀਗਾਂ ਦੇ ਕਬੱਡੀ ਖਿਡਾਰੀਆਂ ’ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਵੀ ਕਰ ਦਿੱਤਾ ਹੈ। ਪੁਲਸ ਨੂੰ ਕੁਝ ਅਪਰਾਧੀਆਂ ਦੀਆਂ ਜੇਲ੍ਹਾਂ ਵਿਚ ਚੱਲ ਰਹੀਆਂ ਕਾਰਵਾਈਆਂ ਬਾਰੇ ਪਤਾ ਹੈ। ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਦੀ ਅਗਵਾਈ ਵਿਚ ਗਿਰੋਹ ਦੇ ਮੈਂਬਰ ਇਕ-ਦੂਜੇ ਦਾ ਵਿਰੋਧ ਕਰਦੇ ਹਨ ਅਤੇ ਵਿਰੋਧੀ ਮੈਂਬਰਾਂ ਅਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਮਾਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪੁਲਸ ਸੂਤਰਾਂ ਨੇ ਦੱਸਿਆ ਕਿ ਹੋਰ ਸੂਬਿਆਂ ਦੇ ਗਿਰੋਹ ਪੰਜਾਬ ਵਿਚਲੇ ਗਿਰੋਹਾਂ ਨਾਲ ਜੁੜ ਰਹੇ ਹਨ। ਹਰੇਕ ਗਿਰੋਹ ਆਪਣਾ ਦਬਦਬਾ ਸਾਬਤ ਕਰਨਾ ਚਾਹੁੰਦਾ ਹੈ। ਹਾਲਾਂਕਿ ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਇਹ ਗਿਰੋਹ ਗੈਂਗਸਟਰ ਅਤੇ ਖਾੜਕੂ ਸੰਗਠਨਾਂ ਦੇ ਸੰਪਰਕ ਵਿਚ ਹਨ, ਜੋ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਹਥਿਆਰ ਸਪਲਾਈ ਕਰਦੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਕੀਤੀ ਗਈ ਹੱਤਿਆ ਮਗਰੋਂ ਪੈਦਾ ਹੋਈ ਦਹਿਸ਼ਤ ਕਾਰਨ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਅਤੇ ਰਾਜਸੀ ਆਗੂਆਂ ਨੇ ਬੁਲੇਟ ਪਰੂਫ ਗੱਡੀਆਂ ਬਣਵਾਉਣ ਦੇ ਆਰਡਰ ਦਿੱਤੇ ਹਨ। ਜਲੰਧਰ ਵਿੱਚ ਬੁਲੇਟ ਪਰੂਫ ਗੱਡੀਆਂ ਬਣਾਉਣ ਵਾਲੀ ਕੰਪਨੀ ਕੋਲ ਪਿਛਲੇ ਚਾਰ ਦਿਨਾਂ ਵਿੱਚ 150 ਤੋਂ ਵੱਧ ਕਲਾਕਾਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੀ ਗੱਡੀਆਂ ਨੂੰ ਬੁਲੇਟ ਪਰੂਫ ਕਰਾਉਣ ਲਈ ਸਲਾਹ ਮਸ਼ਵਰਾ ਕੀਤਾ ਹੈ।
ਜਾਣਕਾਰੀ ਅਨੁਸਾਰ ਬੁਲੇਟ ਪਰੂਫ ਗੱਡੀਆਂ ਬਣਵਾਉਣ ਲਈ ਸੰਪਰਕ ਕਰਨ ਵਾਲਿਆਂ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੇ ਕਲਾਕਾਰ, ਰਾਜਸੀ ਆਗੂ ਅਤੇ ਉਦਯੋਗਪਤੀ ਸ਼ਾਮਲ ਹਨ। ਕੰਪਨੀ ਨਾਲ ਸੰਪਰਕ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਰਾਜਸਥਾਨ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਦੀ ਗਿਣਤੀ 37 ਦੱਸੀ ਜਾ ਰਹੀ ਹੈ, ਜਦਕਿ ਹਰਿਆਣੇ ਦੇ 30 ਜਣਿਆਂ ਨੇ ਸੰਪਰਕ ਕੀਤਾ ਹੈ। ਉੱਤਰ ਪ੍ਰਦੇਸ਼ ਦੇ 19 ਜਣਿਆਂ ਨੇ ਬੁਲੇਟ ਪਰੂਫ ਗੱਡੀਆਂ ਬਣਾਉਣ ਲਈ ਸੰਪਰਕ ਕੀਤਾ ਹੈ। ਪੂਨੇ ਤੇ ਮੁੰਬਈ ਤੋਂ 13, ਦਿੱਲੀ ਤੋਂ 24 ਜਣੇ ਅਤੇ ਬਾਕੀ ਸ਼ਖ਼ਸੀਅਤਾਂ ਤੇ ਕਲਾਕਾਰ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ। ਦੇਸ਼ ਭਰ ਵਿੱਚ ਪੰਜਾਬ ਅਤੇ ਮੁੰਬਈ ’ਵਿਚ ਸਿਰਫ ਚਾਰ ਕੰਪਨੀਆਂ ਹੀ ਬੁਲੇਟ ਪਰੂਫ ਗੱਡੀਆਂ ਤਿਆਰ ਕਰਦੀਆਂ ਹਨ। ਪੰਜਾਬ ਵਿੱਚ ਜਲੰਧਰ ਅਤੇ ਮੁਹਾਲੀ ਵਿੱਚ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਦੀ ਇੰਡਸਟਰੀ ਹੈ। ਉੱਤਰੀ ਭਾਰਤ ਵਿੱਚ ਸਭ ਤੋਂ ਪਹਿਲਾਂ 1989 ਵਿੱਚ ਲਗਰ ਇੰਡਸਟਰੀ ਨੇ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ 2006 ਵਿੱਚ ਟਾਟਾ ਮੋਟਰਜ਼ ਮੁਹਾਲੀ ਅਤੇ ਮੁੰਬਈ ਵਿੱਚ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਲੱਗੀ। ਇਹ ਗੱਡੀਆਂ ਤਿਆਰ ਕਰਨ ਤੋਂ ਪਹਿਲਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਸਬ ਡਿਵੀਜ਼ਨਲ ਮੈਜਿਸਟਰੇਟ ਕੋਲੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਬੁਲੇਟ ਪਰੂਫ ਗੱਡੀ ਬਣਾਉਣ ਦੇ ਬੇਨਤੀ ਪੱਤਰ ਨੂੰ ਪੁਲੀਸ ਕਮਿਸ਼ਨਰ ਜਾਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਘੋਖਿਆ-ਪਰਖਿਆ ਜਾਂਦਾ ਹੈ ਤੇ ਮੁੜ ਇਸ ਦੀ ਪ੍ਰਵਾਨਗੀ ਗ੍ਰਹਿ ਵਿਭਾਗ ਦਿੰਦਾ ਹੈ। ਸ਼ੀਸ਼ੇ ਅਤੇ ਦਰਵਾਜ਼ੇ ਬੁਲੇਟ ਪਰੂਫ ਕਰਵਾਉਣ ਨਾਲ ਗੱਡੀ ਦਾ ਤਿੰਨ ਕੁਇੰਟਲ ਭਾਰ ਵਧ ਜਾਂਦਾ ਹੈ। ਪੂਰੀ ਗੱਡੀ ਬੁਲੇਟ ਪਰੂਫ ਕਰਵਾਉਣ ਨਾਲ 10 ਕੁਇੰਟਲ ਭਾਰ ਵਧ ਜਾਂਦਾ ਹੈ ਅਤੇ ਐਵਰੇਜ ਵੀ ਅੱਧੀ ਰਹਿ ਜਾਂਦੀ ਹੈ। ਗੱਡੀ ਦਾ ਅਗਲਾ ਤੇ ਪਿਛਲਾ ਸ਼ੀਸ਼ਾ ਬੁਲੇਟ ਪਰੂਫ ਕਰਵਾਉਣ ’ਤੇ 8 ਤੋਂ 12 ਲੱਖ ਰੁਪਏ ਖਰਚ ਆਉਂਦਾ ਹੈ। ਸਾਰੇ ਸ਼ੀਸ਼ੇ ਤੇ ਸਾਰੇ ਦਰਵਾਜ਼ੇ ਬੁਲੇਟ ਪਰੂਫ ਕਰਾਉਣ ਲਈ 18 ਤੋਂ 22 ਲੱਖ ਰੁਪਏ ਖਰਚ ਆਉਂਦਾ ਹੈ। ਸਾਰੀ ਗੱਡੀ ਬੁਲੇਟ ਪਰੂਫ ਕਰਾਉਣ ਲਈ 40 ਤੋਂ 45 ਲੱਖ ਰੁਪਏ ਦਾ ਖਰਚ ਆਉਂਦਾ ਹੈ।
ਕੁਝ ਗੈਂਗਸਟਰਾਂ ਵੱਲੋਂ ਵੀ ਬੁਲੇਟ ਪਰੂਫ ਗੱਡੀਆਂ ਵਰਤਣ ਦੇ ਮਾਮਲੇ ਸਾਹਮਣੇ ਆਏ ਸਨ। ਇਹ ਖੁਲਾਸਾ 2003-2004 ਵਿੱਚ ਹੋਇਆ ਸੀ, ਜਦੋਂ ਉੱਤਰ ਪ੍ਰਦੇਸ਼ ਦੇ ਜੋਨਪੁਰ ਦੇ ਗੈਂਗਸਟਰ ਮੁੰਨਾ ਬਜਰੰਗੀ ਨੂੰ ਕਿਸੇ ਨੇ ਬੁਲੇਟ ਪਰੂਫ ਕਾਰ ਉਪਲੱਬਧ ਕਰਵਾਈ ਸੀ ਤਾਂ ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਕੀਤੀ ਸੀ । ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਪੰਜਾਬ ਦੇ ਜਿਨ੍ਹਾਂ 2 ਗੈਂਗਸਟਰਾਂ ਦਰਮਿਆਨ ਦਬਦਬੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਦਾ ਖ਼ੁਲਾਸਾ ਹੋਇਆ ਹੈ, ਉਸ ਦਾ ਸੇਕ ਹੁਣ ਐੱਨ. ਸੀ. ਆਰ. ਤਕ ਪਹੁੰਚ ਗਿਆ ਹੈ। ਦੋਵਾਂ ਪਾਸਿਆਂ ਦੇ ਇਨ੍ਹਾਂ ਦੇ ਮਦਦਗਾਰ ਮੰਨੇ ਜਾਣ ਵਾਲੇ ਐੱਨ. ਸੀ. ਆਰ. ਦੇ ਗੈਂਗਸਟਰਾਂ ਦਰਮਿਆਨ ਹੁਣ ਗੈਂਗਵਾਰ ਦਾ ਡਰ ਵਧ ਗਿਆ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਦਿੱਲੀ ਪੁਲਸ ਅਲਰਟ ਮੋਡ ’ਤੇ ਹੈ । ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ ਦਰਮਿਆਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ-ਆਪਣਾ ਸਿੱਕਾ ਜਮਾਉਣ ਲਈ ਚੱਲ ਰਹੀ ਵਜੂਦ ਦੀ ਲੜਾਈ ਵਿਚ ਦੋਵਾਂ ਧੜ੍ਹਿਆਂ ਨੂੰ ਐੱਨ. ਸੀ. ਆਰ. ਦੇ ਟਾਪ ਟੈੱਨ ਗੈਂਗਸਟਰਾਂ ਦਾ ਧੜ੍ਹਾ ਸੁਪੋਰਟ ਕਰ ਰਿਹਾ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ 5 ਗੈਂਗਸਟਰ ਖੜ੍ਹੇ ਹਨ ਤਾਂ ਦਵਿੰਦਰ ਬੰਬੀਹਾ ਗੈਂਗ ਵੱਲੋਂ ਬਿਸ਼ਨੋਈ ਧੜ੍ਹੇ ਦੇ 5 ਗੈਂਗਸਟਰ ਤਿਆਰ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ’ਵਿਚ ਚੱਲ ਰਹੀ ਵਜੂਦ ਦੀ ਇਸ ਲੜਾਈ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਆਰਮੇਨੀਆ ਅਤੇ ਕੈਨੇਡਾ ਤੋਂ ਚਲਾਇਆ ਜਾ ਰਿਹਾ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਕੈਨੇਡਾ ਵਿਚ ਬੈਠਾ ਗੈਂਗਸਟਰ ਗੋਲਡੀ ਬਰਾੜ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ ਤਾਂ ਦੂਜੇ ਪਾਸੇ ਦਵਿੰਦਰ ਬੰਬੀਹਾ ਦੇ ਐਨਕਾਊਂਟਰ ਵਿਚ ਮਾਰੇ ਜਾਣ ਤੋਂ ਬਾਅਦ ਲੱਕੀ ਪਟਿਆਲਾ ਆਰਮੇਨੀਆ ਤੋਂ ਗਿਰੋਹ ਨੂੰ ਚਲਾ ਰਿਹਾ ਹੈ।
Comment here