ਗੁਸਤਾਖੀਆਂਵਿਸ਼ੇਸ਼ ਲੇਖ

ਪੰਜਾਬ ਸਿੰਹਾਂ ਤੇਰਾ ਰੱਬ ਰਾਖਾ

ਤਰਲੋਚਨ ਸਿੰਘ
ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇਸ਼ ਦੇ ਰਾਜਨੀਤਿਕ ਲੀਡਰਾਂ ਦੀ ਸੋਚ ਅਨੁਸਾਰ ਬਣਦਾ ਤੇ ਵਿਗੜਦਾ ਹੈ। ਪਾਰਟੀ ਭਾਵੇਂ ਕੋਈ ਵੀ ਹੋਵੇ ਪਰ ਜਿਸ ਦੇਸ਼ ਦੇ ਲੀਡਰ ਆਉਣ ਵਾਲੇ ਪੰਜਾਹ ਤੋਂ ਸੌ ਸਾਲਾਂ ਦੀ ਵਿਉਂਤਬੰਦੀ ਕਰਕੇ ਵਿਕਾਸ ਸੰਬੰਧੀ ਪਾਲਿਸੀਆਂ ਬਣਾਉਂਦੇ ਹਨ ਉਹ ਦੇਸ਼ ਅਤੇ ਉਸ ਦੇ ਸੁਬੇ ਭਵਿੱਖ ਵਿੱਚ ਤਰੱਕੀ ਕਰਕੇ ਆਰਥਿਕ ਪੱਖ ਤੋਂ ਬਹੁਤ ਮਜ਼ਬੂਤ ਬਣ ਜਾਂਦੇ ਹਨ। ਜਦੋਂ ਆਰਥਿਕ ਪੱਖ ਮਜ਼ਬੂਤ ਹੋਵੇ ਤਾਂ ਬੇਰੁਜ਼ਗਾਰੀ ਨਹੀਂ ਰਹਿੰਦੀ। ਜਦੋਂ ਕੋਈ ਬੇਰੁਜ਼ਗਾਰ ਨਾ ਹੋਵੇ ਤਾਂ ਜ਼ੁਰਮ / ਕਰਾਈਮ ਦੀ ਦਰ ਬਹੁਤ ਘੱਟ ਜਾਂਦੀ ਹੈ। ਲੋਕ ਖੁਸ਼ਹਾਲ ਤੇ ਸੁਖੀ ਜੀਵਨ ਬਤੀਤ ਕਰਦੇ ਹਨ। ਪਰ ਭਾਰਤ ਤੇ ਸਾਡੇ ਪੰਜਾਬ ਵਿੱਚ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ।
ਆਉ ਫਿਰ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਲ ਝਾਤੀ ਮਾਰੀਏ। ਅੱਜ ਦਾ ਸ਼ਰੋਮਣੀ ਅਕਾਲੀ ਦਲ ਸੱਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਿਹਾ ਹੈ। ਸੱਤਾ ਪ੍ਰਾਪਤ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਸ਼ਰੋਮਣੀ ਅਕਾਲੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਦੀਆਂ ਰਿਆਇਤਾਂ ਤੇ ਮੁਫਤ ਬਿਜਲੀ ਸਪਲਾਈ ਦੇਣ ਦੀਆਂ ਸਕੀਮਾਂ ਬਣਾ ਕੇ ਲੋਕਾਂ ਨੂੰ ਭਰਮਾ ਰਹੇ ਹਨ ਕੀ ਉਹ ਪੰਜਾਬ ਦੀ ਆਰਥਿਕ ਅਵਸਥਾ ਦੇ ਅਨੁਕੂਲ ਹੈ? ਪੰਜਾਬ ਕੋਲ ਪੈਸਾ ਕਿੱਥੋਂ ਆਵੇਗਾ। ਕੀ ਆਉਣ ਵਾਲੇ ਵੀਹ ਪੰਜਾਹ ਸਾਲਾਂ ਦੀ ਕੋਈ ਵਿਉਂਤਬੰਦੀ ਹੈ? ਪੰਜਾਬ ਨੂੰ ਆਰਥਿਕ ਪੱਖੋਂ ਕਿਵੇਂ ਉਭਾਰਨਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੂਝਵਾਨ ਲੀਡਰ ਅਪਣੇ ਪ੍ਰਧਾਨ ਨੂੰ ਪੰਜਾਬ ਦੀ ਆਰਥਿਕ ਮੰਦਹਾਲੀ ਦਾ ਵਾਸਤਾ ਪਾ ਕੇ ਸ਼ੇਖਚਿਲੀ ਸ਼ੇਖੀਆਂ ਤੋਂ ਡੱਕ ਸਕਦਾ ਹੈ? ਸ਼ਾਇਦ ਨਹੀਂ। ਜੇਕਰ ਖੇਤਰੀ ਪਾਰਟੀ ਅਜਿਹਾ ਸੋਚ ਰਹੀ ਹੈ ਤਾਂ ਕੌਮੀ ਪੱਧਰ ਦੀਆਂ ਪਾਰਟੀਆਂ ਤੋਂ ਪੰਜਾਬ ਨੂੰ ਕੀ ਉਮੀਦ ਹੈ? ਇਨਸਾਨੀਅਤ ਮਰ ਰਹੀ ਹੈ। ਜਿਉਂਦੇ ਜੀਅ ਮਰ ਰਹੇ ਲੋਕਾਂ ਦੇ ਹਾਉਕਿਆਂ ਹਟਕੋਰਿਆਂ ਨੂੰ ਨਜ਼ਰ ਅੰਦਾਜ਼ ਕਰਕੇ ਸੱਤਾ ਤੇ ਕਾਬਜ਼ ਹੋਣਾ ਹੀ ਮੇਰੇ ਸੂਬੇ ਦੇ ਲੀਡਰਾਂ ਦਾ ਮਨਸੂਬਾ ਨਜ਼ਰ ਆ ਰਿਹਾ ਹੈ। ਪੰਜਾਬ ਤੇਰਾ ਰੱਬ ਰਾਖਾ।
ਪੰਜਾਬ ਦੀ ਕਾਂਗਰਸ ਪਾਰਟੀ ਦੇ ਅੰਦਰਲਾ ਕਲੇਸ਼ ਜੱਗ ਜ਼ਾਹਿਰ ਹੈ। ਇਸ ਪਾਰੀ ਵਿੱਚ ਜਿਸ ਕਦਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚਲਾਈ ਉਸ ਨੂੰ ਵੇਖ ਕੇ ਲਗਦਾ ਹੈ ਕਿ ਉਸ ਕੋਲ ਪੰਜਾਬ ਲਈ ਵਕਤ ਹੀ ਨਹੀਂ ਹੈ। ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਤੇ ਐਮ ਐਲ ਏ ਮੁੱਖ ਮੰਤਰੀ ਨੂੰ ਮਿਲਣ ਲਈ ਤਰਸਦੇ ਰਹੇ। ਜੇ ਕੈਪਟਨ ਸਾਹਿਬ ਕੋਲ ਸਮਾਂ ਹੁੰਦਾ ਉਹ ਇਨ੍ਹਾਂ ਨੂੰ ਜ਼ਰੂਰ ਮਿਲਦੇ। ਪਰ ਹੁਣ ਜਦੋਂ ਸਿਰੋਂ ਪਾਣੀ ਭੁੱਲ ਗਿਆ ਤਾਂ ਸਭਨਾਂ ਨੂੰ ਮਿਲਣ ਦਾ ਵਕਤ ਕਿੱਥੋਂ ਮਿਲ ਗਿਆ? ਹੁਣ ਐਮ ਐਲ ਏਜ਼ ਨੂੰ ਸੁਨੇਹੇ ਦੇ ਕੇ ਸੱਦਿਆ ਜਾ ਰਿਹਾ ਹੈ। ਇਕਦਮ ਗੰਨੇ ਦੀ ਕੀਮਤ ਵਧਾ ਕੇ ਕਿਸਾਨਾਂ ਨੂੰ ਖ਼ੁਸ਼ ਕਰਨ ਦਾ ਸਬੱਬ ਸਿਰਜਿਆ ਜਾ ਰਿਹਾ ਹੈ। ਕੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਤਾ ਪਤਾ ਨਹੀਂ ਸੀ? ਜੇ ਪਤਾ ਸੀ ਤਾਂ ਐਨੀ ਦੇਰੀ ਕਿਉਂ? ਕਿਉਂਕਿ ਹੁਣ ਚੋਣਾਂ ਆ ਰਹੀਆਂ ਹਨ। ਫਿਕਰ ਸੱਤਾ ਪ੍ਰਾਪਤੀ ਦਾ ਹੈ ਪੰਜਾਬ ਦਾ ਨਹੀਂ। ਜਿਵੇਂ ਮਾਹਾਂ ਮੋਠਾਂ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਾਂਗਰਸ ਦੇ ਬਾਕੀ ਲੀਡਰ ਵੀ ਖਾਮੋਸ਼ ਹੀ ਰਹੇ। ਹੁਣ ਜਦੋਂ ਪਾਰਟੀ ਪੱਧਰ ਦਾ ਘਮਸਾਨ ਛਿੜਿਆ ਤਾਂ ਕੁੱਝ ਸਮੀਕਰਨ ਬਦਲਦੇ ਨਜ਼ਰ ਆਏ। ਗੱਲ ਤਾਂ ਫਿਰ ਸੱਤਾ ਪ੍ਰਾਪਤੀ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬ ਦਾ ਫਿਕਰ ਕਿਸ ਨੂੰ ਹੈ। ਸੱਤਾ ਚਾਹੀਦੀ ਹੈ। ਹਾਂ ਸਾਬਕਾ ਹਾਕੀ ਕਪਤਾਨ ਸ: ਪ੍ਰਗਟ ਸਿੰਘ ਦਾ ਇਹ ਕਹਿਣਾ ਕਾਬਿਲ-ਇ-ਤਾਰੀਫ਼ ਹੈ ਕਿ ਗੱਲ ਅਹੁਦੇ ਮਿਲਣ ਜਾਂ ਬਦਲਣ ਦੀ ਨਹੀਂ ਅਸਲ ਲੋੜ ਤਾਂ ਸਿਸਟਮ ਨੂੰ ਬਦਲਣ ਦੀ ਹੈ ਙ ਕਾਸ਼ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਅਜਿਹਾ ਸੋਚਣ ਲਗ ਜਾਣ।ਜੇ ਅਜਿਹਾ ਸੋਚ ਕੇ ਬਦਲਾਅ ਨਹੀਂ ਲਿਆਂਦਾ ਜਾਂਦਾ ਤਾਂ ਫਿਰ ਪੰਜਾਬ ਤੇਰਾ ਰੱਬ ਰਾਖਾ।
ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਸਾਹਿਬਾਨ ਭਾਵੇਂ ਆਮ ਲੋਕਾਂ ਵਿੱਚੋਂ ਆਏ ਪਰ ਸ਼ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਪਦ ਚਿੰਨ੍ਹਾਂ ਤੇ ਤੁਰਦੇ ਰਹੇ। ਲੱਗਭਗ ਉਹੀ ਰਹੁ ਰੀਤਾਂ ਵਾਲੀ ਵਿਚਾਰਧਾਰਾ ਅਪਣਾਉਂਦੇ ਰਹੇ ਤੇ ਕੋਈ ਵੱਡੀ ਤਬਦੀਲੀ ਕਰਨ ਵਿੱਚ ਅਸਮਰੱਥ ਰਹੇ। ਇਨ੍ਹਾਂ ਦੀ ਸੱਤਾ ਪ੍ਰਾਪਤੀ ਦੀ ਕਸ਼ਮਕਸ਼ ਵਾਲੀ ਕੁਸ਼ਤੀ ਵੇਖ ਕੇ ਪੰਜਾਬ ਵਾਸੀ ਵਿਚਾਰੇ ਅਪਣੇ ਕਰਮਾਂ ਨੂੰ ਕੋਸਦੇ ਰਹੇ। ਜਿੰਨੀ ਬੇਰਹਿਮੀ ਨਾਲ ਆਮ ਆਦਮੀ ਪਾਰਟੀ ਦੀ ਚੀਰ ਫਾੜ ਇਹਦੇ ਲੀਡਰਾਂ ਨੇ ਕੀਤੀ ਉਹਨੂੰ ਵੇਖ ਕੇ ਤਾਂ ਇਹੀ ਲਗਦਾ ਹੈ ਕਿ ਪੰਜਾਬ ਤੇਰਾ ਰਬ ਰਾਖਾ। ਕਿਸ ਨੂੰ ਨਿੰਦੀਏ ਤੇ ਕਿਸ ਨੂੰ ਸਰਾਹੀਏ। ਇਸ ਪਾਰਟੀ ਦੇ ਸਰਵੇ ਸਰਵਾ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਤੇ ਸੱਤਾ ਤੇ ਕਾਬਜ਼ ਹੋਣ ਦੀ ਮਨਸ਼ਾ ਨਾਲ ਕਹਿ ਗਏ ਕਿ ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਚੋਣਾਂ ਵਿੱਚ ਮੁੱਖ ਮੰਤਰੀ ਇੱਕ ਸਿੱਖ ਚਿਹਰਾ ਹੋਵੇਗਾ। ਜਾਪਦਾ ਐਸਾ ਹੈ ਕਿ ਇਸ ਸੋਚ ਦੇ ਪਿੱਛੇ ਕੋਈ ਹੋਰ ਭਾਵਨਾ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇਰਾਦਾ ਇਹ ਹੈ ਕਿ ਜਾਪਦਾ ਸਿੱਖ ਹੋਵੇ ਪਰ ਅੰਦਰੋਂ ਕੁੱਝ ਹੋਰ ਹੋਵੇ।ਜਿਸ ਤੋਂ ਪੰਜਾਬੀ ਸਿੱਖ ਖੂਬ ਭੁਲੇਖੇ ਵਿੱਚ ਰਹਿ ਕੇ ਹੋਰ ਧੋਖਾ ਖਾਣ।
ਪੰਜਾਬ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਦੀ ਥਾਂ ਸ਼੍ਰੀ ਅਰਵਿੰਦ ਕੇਜਰੀਵਾਲ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਗਏ। ਕਿਵੇਂ ਚੱਲੇਗੀ ਪੰਜਾਬ ਦੀ ਗੱਡੀ। ਕਿਸੇ ਪਾਰਟੀ ਨੇ ਇਹ ਨਹੀਂ ਸੋਚਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੋਰਚਾ ਕਿਉਂ ਲਾਉਣਾ ਪਿਆ? ਗਿਆਰਾਂ ਸੌ ਪਟਵਾਰੀਆਂ ਦੀ ਭਰਤੀ ਲਈ ਡੇਢ ਲੱਖ ਤੋਂ ਵੱਧ ਪਹੁੰਚੀਆਂ ਅਰਜ਼ੀਆਂ ਪੰਜਾਬ ਅੰਦਰ ਬੇਰੁਜ਼ਗਾਰੀ ਦਾ ਪ੍ਰਤੱਖ ਖੁਲਾਸਾ ਕਰ ਗਈਆਂ ਹਨ।
ਬੇ ਕੰਟਰੋਲ ਟਰੈਫਿਕ, ਰਿਸ਼ਵਤਖੋਰੀ, ਨਸ਼ਿਆਂ ਦੀ ਬਹੁਤਾਤ, ਬੇਰੁਜ਼ਗਾਰੀ, ਘੱਟ ਰਹੀਆਂ ਫੈਕਟਰੀਆਂ, ਵਧ ਰਹੇ ਕਰਜ਼ , ਗਿਰਵੀ ਹੋ ਰਹੀਆਂ ਸਰਕਾਰੀ ਸੰਪਤੀਆਂ,ਵਧ ਰਹੀਆਂ ਤੇਲ ਕੀਮਤਾਂ ਤੇ ਹੋਰ ਵੀ ਬੜਾ ਕੁੱਝ। ਕੀ ਕੋਈ ਪਾਰਟੀ ਪੰਜਾਬ ਨੂੰ ਮੁੜ ਉਸਾਰਨ ਦਾ ਨਾਹਰਾ ਮਾਰੇਗੀ? ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਚੁੱਪ ਕਿਉਂ ਹੋ ਗਿਆ? ਮੈਂ ਨਿਰਾਸ਼ਾਵਾਦੀ ਤਾਂ ਨਹੀਂ ਹਾਂ ਪਰ ਦਿਮਾਗ ਵਿੱਚ ਬਾਰ ਬਾਰ ਇਹ ਸੋਚ ਦਸਤਕ ਦੇ ਰਹੀ ਹੈ ਪੰਜਾਬ ਤੇਰਾ ਰੱਬ ਰਾਖਾ।

Comment here