ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ 20 ਫਰਵਰੀ ਹੋਈ

ਨਵੀਂ ਦਿੱਲੀ-ਵੱਖ-ਵੱਖ ਸਿਆਸੀ ਪਾਰਟੀਆਂ ਦੀ ਅਪੀਲ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ‘ਚ ਚੋਣਾਂ ਦੀ ਤਰੀਕ ਬਦਲ ਕੇ 20 ਫਰਵਰੀ ਕਰ ਦਿੱਤੀ ਹੈ। ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਜਿਹਾ ਕਰਨ ਦੀ ਅਪੀਲ ਕੀਤੀ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ ਤੋਂ ਅੱਗੇ ਵਧਾ ਦਿੱਤੀਆਂ ਜਾਣ। ਇਸ ਨੂੰ ਮੰਨਦੇ ਹੋਏ ਚੋਣ ਕਮਿਸ਼ਨ ਨੇ ਇਹ ਫ਼ੈਸਲਾ ਲਿਆ ਹੈ।
ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ 21 ਜਨਵਰੀ ਨੂੰ ਜਾਰੀ ਕੀਤਾ ਜਾਣਾ ਸੀ, ਪਰ ਹੁਣ ਇਹ ਨੋਟੀਫਿਕੇਸ਼ਨ 25 ਜਨਵਰੀ 2022 (ਮੰਗਲਵਾਰ) ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਦੀ ਆਖਰੀ ਮਿਤੀ 1 ਫਰਵਰੀ 2022 (ਮੰਗਲਵਾਰ) ਅਤੇ ਛਾਂਟੀ ਦੀ ਮਿਤੀ 2 ਫਰਵਰੀ 2022 (ਬੁੱਧਵਾਰ) ਹੋਵੇਗੀ। 4 ਫਰਵਰੀ 2022 (ਸ਼ੁੱਕਰਵਾਰ) ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਵੋਟਾਂ 20 ਫਰਵਰੀ ਨੂੰ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ ਪਹਿਲਾਂ ਵਾਂਗ 10 ਮਾਰਚ 2022 (ਵੀਰਵਾਰ) ਨੂੰ ਹੋਵੇਗੀ।
ਇਸ ਤੋਂ ਪਹਿਲਾਂ ਸਵੇਰੇ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ ‘ਤੇ ਚਰਚਾ ਕਰਨ ਲਈ ਸਹਿਮਤੀ ਜਤਾਈ ਸੀ। ਦਰਅਸਲ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਅਜਿਹੇ ‘ਚ ਸੂਬੇ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਵਾਰਾਣਸੀ ਜਾਂਦੇ ਹਨ। ਸੀਐਮ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ। ਬੀਤੇ ਦਿਨ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨੇ ਵੀ ਚੋਣ ਕਮਿਸ਼ਨ ਤੋਂ ਤਰੀਕ ਵਧਾਉਣ ਦੀ ਮੰਗ ਕੀਤੀ ਹੈ।
ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਕੇਂਦਰੀ ਉਦਯੋਗ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਚੋਣਾਂ ਦਾ ਸਮਾਂ ਘੱਟੋ-ਘੱਟ ਇਕ ਹਫ਼ਤਾ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਹੈ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰਜਨ ਦਾਸ ਨੇ ਉਨ੍ਹਾਂ ਨੂੰ ਲਿਖਿਆ ਹੈ। ਪੱਤਰ ‘ਚ ਦੱਸਿਆ ਗਿਆ ਹੈ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਪੰਜਾਬ ਤੋਂ ਕਰੀਬ 20 ਲੱਖ ਲੋਕਾਂ ਦੇ ਵਾਰਾਨਸੀ ਜਾਣ ਦੀ ਸੰਭਾਵਨਾ ਹੈ। ਅਜਿਹੇ ‘ਚ ਵਾਰਾਣਸੀ ਜਾਣ ਵਾਲੇ ਲੋਕ ਵੋਟਿੰਗ ਦਾ ਇਸਤੇਮਾਲ ਨਹੀਂ ਕਰ ਸਕਣਗੇ ਜੋ ਕਿ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਕੇਂਦਰੀ ਮੰਤਰੀ ਨੇ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਇਹ ਮਾਮਲਾ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਇਸ ਲਈ ਪੰਜਾਬ ਵਿੱਚ ਵੋਟਾਂ 18 ਫਰਵਰੀ ਤੋਂ ਬਾਅਦ ਕਰਵਾਈਆਂ ਜਾਣ।
ਗੌਰਤਲਬ ਹੈ ਕਿ ਪੰਜਾਬ ‘ਚ ਕਾਂਗਰਸ ਸੱਤਾ ‘ਚ ਹੈ। ਇਸ ਵਾਰ ਇੱਥੇ ਸਿਆਸੀ ਸਮੀਕਰਨ ਕਾਫੀ ਦਿਲਚਸਪ ਬਣ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਹੱਥ ਮਿਲਾਉਣ ਨਾਲ ਚੋਣ ਮੈਦਾਨ ਕਾਫੀ ਦਿਲਚਸਪ ਨਜ਼ਰ ਆ ਰਿਹਾ ਹੈ। ਇਸ ਵਾਰ ਵੀ ਇੱਥੇ ਸੱਤਾਧਾਰੀ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਜ਼ਬਰਦਸਤ ਟੱਕਰ ਹੁੰਦੀ ਨਜ਼ਰ ਆਉਂਦੀ ਹੈ।

Comment here