ਸਿਆਸਤਖਬਰਾਂ

ਪੰਜਾਬ ਰੋਡਵੇਜ਼ ‘ਤੇ ਸੰਕਟ ਦੇ ਬੱਦਲ

ਜਲੰਧਰ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਵਿਭਾਗ ਦੇ ਵਿੱਤੀ ਹਾਲਾਤ ਕਾਫੀ ਖਰਾਬ ਨਜ਼ਰ ਆ ਰਹੇ ਹਨ। ਹਾਲਾਤ ਇਥੋਂ ਤੱਕ ਖਰਾਬ ਹੋ ਚੁੱਕੇ ਹਨ ਕਿ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਐੱਫ. ਡੀ. ਦੀ ਵਰਤੋਂ ਕਰਨੀ ਪਈ ਹੈ। ਠੇਕਾ ਕਰਮਚਾਰੀਆਂ ਨੂੰ ਐੱਫ. ਡੀ. ਦੇ ਪੈਸਿਆਂ ਨਾਲ ਤਨਖਾਹ ਭਾਵੇਂ ਦੇ ਦਿੱਤੀ ਗਈ ਹੈ ਪਰ ਅਜੇ ਵੀ ਹਾਲਾਤ ਅਜਿਹੇ ਹਨ ਕਿ ਡੀਜ਼ਲ ਪੁਆਉਣ ਲਈ ਵਿਭਾਗ ਕੋਲ ਉਚਿਤ ਫੰਡ ਮੁਹੱਈਆ ਨਹੀਂ ਹੈ। ਬੱਸਾਂ ਉਧਾਰ ਦੇ ਡੀਜ਼ਲ ਨਾਲ ਚੱਲ ਰਹੀਆਂ ਹਨ, ਜਦੋਂ ਬਕਾਇਆ ਵਧਣ ’ਤੇ ਪੈਟਰੋਲ ਪੰਪਾਂ ਨੇ ਉਧਾਰ ਡੀਜ਼ਲ ਦੇਣਾ ਬੰਦ ਕਰ ਦਿੱਤਾ ਤਾਂ ਬੱਸਾਂ ਖੜ੍ਹੀਆਂ ਹੋ ਜਾਣਗੀਆਂ। ਸੂਤਰ ਦੱਸਦੇ ਹਨ ਕਿ ਫੰਡ ਦੀ ਘਾਟ ਕਾਰਨ ਬੱਸਾਂ ਦੀ ਬਣਦੀ ਮੁਰੰਮਤ ਵੀ ਨਹੀਂ ਹੋ ਪਾ ਰਹੀ, ਜਿਸ ਕਾਰਨ ਬੱਸਾਂ ਰਸਤੇ ‘ਚ ਕਈ ਵਾਰ ਖਰਾਬ ਹੋ ਚੁੱਕੀਆਂ ਹਨ ਅਤੇ ਕਦੀ ਵੀ ਕੋਈ ਹਾਦਸਾ ਹੋ ਸਕਦਾ ਹੈ। ਦਿੱਲੀ ਦੀ ਤਰਜ਼ ’ਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਬੱਸਾਂ ‘ਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਮੁਹੱਈਆ ਕਰਵਾਈ  ਦੇ ਤਜੀਰ ਦੇ ਚਲਦੇ ਅੱਜ ਇਹ ਹਾਲਾਤ ਬਣੇ ਹਨ। ਮੁਫ਼ਤ ਸਫਰ ਦਾ ਐਲਾਨ ਕਰਨ ਸਮੇਂ ਸਰਕਾਰ ਨੇ 1.70 ਕਰੋੜ ਦਾ ਬਜਟ ਰੱਖਿਆ ਸੀ, ਜਿਹੜਾ 2 ਮਹੀਨੇ ਪਹਿਲਾਂ ਹੀ ਖ਼ਤਮ ਹੋ ਗਿਆ ਹੈ, ਜਿਸ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਮੁਫ਼ਤ ਸਫਰ ਦਾ ਬਿੱਲ ਵਧਦਾ ਜਾ ਰਿਹਾ ਹੈ। ਇਸ ਸਮੇਂ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਵੱਲੋਂ ਔਰਤਾਂ ਨੂੰ 100 ਕਰੋੜ ਤੋਂ ਵੱਧ ਦੀ ਰਾਸ਼ੀ ਦਾ ਮੁਫਤ ਸਫਰ ਕਰਵਾਇਆ ਜਾ ਚੁੱਕਾ ਹੈ। ਮੁਫ਼ਤ ਸਫਰ ਦੇ ਰੂਪ ਵਿੱਚ 100 ਕਰੋੜ ਦੇ ਬਿੱਲਾਂ ਦੀ ਸਰਕਾਰ ’ਤੇ ਦੇਣਦਾਰੀ ਹੈ, ਜਿਸ ਦਾ ਭੁਗਤਾਨ ਹੋਣ ਤੋਂ ਬਾਅਦ ਵਿਭਾਗ ਦੇ ਹਾਲਾਤ ‘ਚ ਸੁਧਾਰ ਆਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਠੇਕਾ ਕਰਮਚਾਰੀਆਂ ਦੀ ਤਨਖਾਹ ਸਿਰਫ 8-9 ਕਰੋੜ ਰੁਪਏ ਦੇ ਲਗਭਗ ਬਣਦੀ ਹੈ ਪਰ ਵਿਭਾਗ ਕੋਲ ਇੰਨੀ ਰਾਸ਼ੀ ਵੀ ਮੁਹੱਈਆ ਨਹੀਂ ਸੀ, ਜਿਸ ਕਾਰਨ ਐੱਫ. ਡੀ. ਦੇ ਪੈਸਿਆਂ ਦੀ ਵਰਤੋਂ ਕਰਨੀ ਪਈ, ਜੋ ਕਿ ਵਿਭਾਗ ਦੇ ਹਾਲਾਤ ਨੂੰ ਬਿਆਨ ਕਰਦਾ ਹੈ। ਅਧਿਕਾਰੀਆਂ ਵੱਲੋਂ ਬਿੱਲਾਂ ਨੂੰ ਲੈ ਕੇ ਰੈਵੇਨਿਊ ਵਿਭਾਗ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਮੀਦ ਮੁਤਾਬਕ ਜਵਾਬ ਨਹੀਂ ਮਿਲ ਸਕਿਆ। ਨਵੀਆਂ ਬੱਸਾਂ ਨੂੰ ਲੰਮੇ ਰੂਟਾਂ ’ਤੇ ਪਾਇਆ ਜਾਂਦਾ ਹੈ ਕਿਉਂਕਿ ਨਵੀਆਂ ਬੱਸਾਂ ਨਾਲ ਮਾਈਲੇਜ ਵੱਧ ਮਿਲਦੀ ਹੈ, ਜਿਸ ਨਾਲ ਵਿਭਾਗ ਨੂੰ ਲਾਭ ਹੁੰਦਾ ਹੈ। ਬੱਸਾਂ ਨਾਲ ਲਗਾਤਾਰ ਘਾਟਾ ਪੈ ਰਿਹਾ ਹੈ ਪਰ ਨਵੀਆਂ ਬੱਸਾਂ ਨੂੰ ਲੰਮੇ ਰੂਟਾਂ ’ਤੇ ਨਾ ਭੇਜਣ ਲਈ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਜਿਹੜੀਆਂ ਨਵੀਆਂ ਬੱਸਾਂ ਮਿਲੀਆਂ ਹਨ, ਉਨ੍ਹਾਂ ‘ਚ ਡੀਜ਼ਲ ਦਾ ਟੈਂਕ ਛੋਟਾ ਹੈ, ਜਿਸ ਕਾਰਨ ਟੈਂਕੀ ਫੁੱਲ ਕਰਵਾਉਣ ’ਤੇ ਬੱਸਾਂ ਲੰਮੇ ਰੂਟਾਂ ’ਤੇ ਅੱਪ-ਡਾਊਨ ਨਹੀਂ ਕਰ ਸਕਦੀਆਂ। ਅਜਿਹੇ ‘ਚ ਬੱਸਾਂ ਦਾ ਡੀਜ਼ਲ ਟੈਂਕ ਪੁਰਾਣੀਆਂ ਬੱਸਾਂ ਨਾਲ ਬਦਲਿਆ ਜਾ ਸਕਦਾ ਹੈ ਪਰ ਬੱਸਾਂ ਮਿਲਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਟੈਂਕੀ ਤੱਕ ਬਦਲੀ ਨਹੀਂ ਜਾ ਸਕੀ। ਠੇਕਾ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਪੀ. ਏ. ਪੀ. ਚੌਕ ਨੇੜੇ, ਅੰਮ੍ਰਿਤਸਰ ਰੋਡ ਸਮੇਤ ਕਈ ਹਾਈਵੇਜ਼ ’ਤੇ ਨਾਜਾਇਜ਼ ਬੱਸਾਂ ਚੱਲ ਰਹੀਆਂ ਹਨ। ਇਸ ਬਾਰੇ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਉਹ ਇਸ ਪਾਸੇ ਧਿਆਨ ਨਹੀਂ ਦਿੰਦੇ। ਇਸ ’ਤੇ ਬਣਦੀ ਕਾਰਵਾਈ ਹੋਵੇਗੀ ਤਾਂ ਸਵਾਰੀਆਂ ਨਾਜਾਇਜ਼ ਢੰਗ ਨਾਲ ਚੱਲਣ ਵਾਲੀਆਂ ਨਿੱਜੀ ਬੱਸਾਂ ਦੀ ਥਾਂ ਸਰਕਾਰੀ ਬੱਸਾਂ ‘ਚ ਸਫਰ ਕਰਨਗੀਆਂ, ਜਿਸ ਨਾਲ ਵਿਭਾਗ ਨੂੰ ਲਾਭ ਹੋਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਅਧਿਕਾਰੀ ਜੇਕਰ ਹੁਣ ਵੀ ਕਾਰਵਾਈ ਦਾ ਮਨ ਬਣਾ ਲੈਣ ਤਾਂ ਸਫਲਤਾ ਮਿਲਣੀ ਤੈਅ ਹੈ।

Comment here